ਚੰਡੀਗੜ੍ਹ- ਸਰਬੱਤ ਖਾਲਸਾ ਵੱਲੋਂ ਨਾਮਜ਼ਦ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੀ ਕਮੇਟੀ ਦੇ ਮੁੱਖ ਬੁਲਾਰੇ ਪ੍ਰੋ. ਬਲਜਿੰਦਰ ਸਿੰਘ ਤੇ ਐੈਡਵੋਕੇਟ ਅਮਰ ਸਿੰਘ ਚਾਹਲ ਨੇ ਕੋਰੋਨਾਵਾਇਰਸ ਦੇ ਮੱਦੇਨਜ਼ਰ ਸਬੰਧਿਤ ਸੂਬਿਆਂ ਵਿੱਚ ਨਜ਼ਰਬੰਦ ਸਿਆਸੀ ਬੰਦੀ ਸਿੱਖਾਂ ਨੂੰ ਮਾਨਵਵਾਦੀ ਆਧਾਰ ‘ਤੇ ਪੈਰੋਲ ‘ਤੇ ਰਿਹਾਅ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਗਵਰਨਰ ਪੰਜਾਬ, ਮੁੱਖ ਮੰਤਰੀ ਪੰਜਾਬ, ਦਿੱਲੀ ਤੇ ਰਾਜਸਥਾਨ ਨੂੰ ਚਿੱਠੀ ਲਿਖ ਕੇ ਇਹ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸਿਆਸੀ ਬੰਦੀ ਸਿੰਘ ਲੰਬੇ ਸਮੇਂ ਤੋਂ ਜੇਲਾਂ ਦਾ ਸੰਤਾਪ ਹੰਢਾ ਰਹੇ ਹਨ। ਕੁੱਝ ਬੰਦੀ ਸਿੱਖਾਂ ਨੂੰ ਪੈਰੋਲ ‘ਤੇ ਛੁੱਟੀ ਮਿਲ ਰਹੀ ਹੈ ਤੇ ਉਨ੍ਹਾਂ ਦਾ ਜੇਲ ਰਿਕਾਰਡ ਮੁਤਾਬਿਕ ਚਾਲ-ਚਲਣ ਵੀ ਬਹੁਤ ਵਧੀਆ ਹੈ।
ਕਮੇਟੀ ਆਗੂਆਂ ਨੇ ਇਹ ਖਦਸ਼ਾ ਪ੍ਰਗਟ ਕੀਤਾ ਕਿ ਕੋਰੋਨਾਵਾਇਰਸ ਕਰਕੇ ਬੰਦੀ ਸਿੰਘਾਂ ਦੀ ਉਮਰ ਕੈਦ ਦੀ ਸਜ਼ਾ ਕਿਤੇ ਮੌਤ ਦੀ ਸਜ਼ਾ ਵਿੱਚ ਤਬਦੀਲ ਨਾ ਹੋ ਜਾਵੇ। ਉਨ੍ਹਾਂ ਦੱਸਿਆ ਕਿ ਬਹੁਤੇ ਸਾਰੇ ਬੰਦੀ ਸਿੰਘ ਅਦਾਲਤ ਵੱਲੋਂ ਨਿਰਧਾਰਿਤ ਸਜ਼ਾ ਪੂਰੀ ਕਰ ਚੁੱਕੇ ਹਨ। ਸੰਸਾਰ ਦੇ ਵੱਖ-ਵੱਖ ਦੇਸ਼ਾਂ ਨੇ ਜਿਵੇਂ ਅਮਰੀਕਾ, ਕੈਨੇਡਾ, ਜਰਮਨੀ, ਈਰਾਨ, ਪੋਲੈਂਡ, ਇਟਲੀ ਆਦਿ ਨੇ ਆਪਣੀਆਂ ਜੇਲਾਂ ਵਿੱਚੋਂ ਕੋਰੋਨਾਵਾਇਰਸ ਕਾਰਨ ਸਿਆਸੀ ਤੇ ਹਵਾਲਾਤੀਆਂ, ਕੈਦੀਆਂ ਨੂੰ ਵੱਡੀ ਗਿਣਤੀ ਵਿੱਚ ਮਾਨਵਵਾਦੀ ਕਦਰਾਂ-ਕੀਮਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਰਿਹਾਅ ਕਰ ਦਿੱਤਾ ਹੈ।
ਕਮੇਟੀ ਦੇ ਆਗੂਆਂ ਨੇ ਕਿਹਾ ਕਿ ਬੰਦੀ ਸਿੰਘਾਂ ਦੇ ਪਰਿਵਾਰ ਮਹਾਂਮਾਰੀ ਕਾਰਨ ਬਹੁਤ ਚਿੰਤਾ ਵਿੱਚ ਹਨ। ਉਨ੍ਹਾਂ ਕਿਹਾ ਕਿ ਹੋਰਨਾਂ ਵਾਂਗ ਸਰਕਾਰ ਦਾ ਫਰਜ਼ ਬੰਦੀ ਸਿੰਘਾਂ ਦੀ ਸੁਰੱਖਿਆ ਕਰਨ ਵੱਲ ਵੀ ਬਣਦਾ ਹੈ। ਉਨ੍ਹਾਂ ਨੇ ਕਿਹਾ ਕਿ ਪੱਖਪਾਤ ਤੋਂ ਬਗੈਰ ਉਕਤ ਸਿੰਘਾਂ ਦੀ ਰਿਹਾਈ ਸਪੈਸ਼ਲ ਪੈਰੋਲ ਦੇ ਕੇ ਹੋਣੀ ਚਾਹੀਦੀ ਹੈ। ਕਮੇਟੀ ਆਗੂਆਂ ਨੇ ਅੰਤ ਵਿੱਚ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੋਰੋਨਾਵਾਇਰਸ ਕਾਰਨ ਕਿਸੇ ਵੀ ਸਬੰਧਿਤ ਸੂਬੇ ਵਿੱਚ ਕਿਸੇ ਵੀ ਬੰਦੀ ਸਿੱਖ ਦਾ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਸਬੰਧਿਤ ਸਰਕਾਰ ਦੀ ਹੋਵੇਗੀ।