‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੰਯੁਕਤ ਕਿਸਾਨ ਮੋਰਚਾ ਵੱਲੋਂ ਕੱਲ੍ਹ ਕੇਐੱਮਪੀ-ਕੇਜੀਪੀ ਹਾਈਵੇ ਨੂੰ ਸਵੇਰੇ 8 ਵਜੇ ਤੋਂ 24 ਘੰਟਿਆਂ ਲਈ ਜਾਮ ਕੀਤਾ ਜਾਵੇਗਾ। ਸੰਯੁਕਤ ਕਿਸਾਨ ਮੋਰਚਾ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਕਈ ਅਹਿਮ ਪ੍ਰੋਗਰਾਮਾਂ ਦਾ ਐਲਾਨ ਕੀਤਾ ਗਿਆ ਹੈ।
- 13 ਅਪ੍ਰੈਲ ਨੂੰ ਖਾਲਸਾ ਪੰਥ ਦਾ ਸਥਾਪਨਾ ਦਿਵਸ ਦਿੱਲੀ ਦੇ ਕਿਸਾਨ ਮੋਰਚਿਆਂ ‘ਤੇ ਮਨਾਇਆ ਜਾਵੇਗਾ ਅਤੇ ਜਲ੍ਹਿਆਂਵਾਲਾ ਬਾਗ ਕਾਂਡ ਦੇ ਸ਼ਹੀਦਾਂ ਦੀ ਯਾਦ ਵਿੱਚ ਪ੍ਰੋਗਰਾਮ ਕਰਵਾਏ ਜਾਣਗੇ।
- 14 ਅਪ੍ਰੈਲ ਨੂੰ ‘ਸੰਵਿਧਾਨ ਬਚਾਓ’ ਦਿਵਸ ਅਤੇ ‘ਕਿਸਾਨ ਬਹੁਜਨ ਏਕਤਾ ਦਿਵਸ’ ਮਨਾਇਆ ਜਾਵੇਗਾ। ਇਸ ਦਿਨ ਸੰਯੁਕਤ ਕਿਸਾਨ ਮੋਰਚਾ ਦੇ ਸਾਰੇ ਮੰਚ ਬਹੁਜਨ ਸਮਾਜ ਦੇ ਅੰਦੋਲਨਕਾਰੀ ਚਲਾਉਣਗੇ ਅਤੇ ਸਾਰੇ ਬੁਲਾਰੇ ਵੀ ਬਹੁਜਨ ਹੋਣਗੇ।
- ਕਿਸਾਨ ਲੀਡਰਾਂ ਨੇ ਕਿਹਾ ਕਿ ਇਸੇ ਦਿਨ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਿਯੰਤ ਚੋਟਾਲਾ ਨੇ ਜਾਣ-ਬੁੱਝ ਕੇ ਕੈਥਲ ਵਿੱਚ ਇੱਕ ਪ੍ਰੋਗਰਾਮ ਤੈਅ ਕੀਤਾ ਹੈ। ਕਿਸਾਨ ਲੀਡਰਾਂ ਨੇ ਕਿਸਾਨਾਂ ਅਤੇ ਹਰੀਜਨ ਭਾਈਚਾਰੇ-ਬਹੁਜਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸ਼ਾਂਤਮਈ ਰਹਿੰਦੇ ਹੋਏ ਵੱਧ ਤੋਂ ਵੱਧ ਗਿਣਤੀ ਵਿੱਚ ਇਸ ਪ੍ਰੋਗਰਾਮ ਵਿੱਚ ਰੋਹ ਪ੍ਰਦਰਸ਼ਨ ਕਰਨ ਲਈ ਆਉਣ।
- 18 ਅਪ੍ਰੈਲ ਨੂੰ ਇਸ ਅੰਦੋਲਨ ਵਿੱਚ ਸਥਾਨਕ ਲੋਕਾਂ ਦੀ ਸ਼ਮੂਲੀਅਤ ਅਤੇ ਸਮਰਪਣ ਦਾ ਸਨਮਾਨ ਕਰਦਿਆਂ ਸਾਰੇ ਮੋਰਚਿਆਂ ‘ਤੇ ਸਥਾਨਕ ਲੋਕਾਂ ਦਾ ਸਨਮਾਨ ਕੀਤਾ ਜਾਵੇਗਾ। ਉਸ ਦਿਨ ਸਟੇਜ ਨੂੰ ਚਲਾਉਣ ਦੀ ਜ਼ਿੰਮੇਵਾਰੀ ਵੀ ਸਥਾਨਕ ਲੋਕਾਂ ਨੂੰ ਦਿੱਤੀ ਜਾਵੇਗੀ।
- 20 ਅਪ੍ਰੈਲ ਨੂੰ ਭਗਤ ਧੰਨਾ ਦੇ ਜਨਮ ਦਿਹਾੜੇ ‘ਤੇ ਉਨ੍ਹਾਂ ਦੀ ਪਿੰਡ ਧੋਆ ਕਲਾਂ ਤੋਂ ਮਿੱਟੀ ਦਿੱਲੀ ਦੇ ਮੋਰਚਿਆਂ ‘ਤੇ ਲਿਆਂਦੀ ਜਾਵੇਗੀ ਅਤੇ ਉਨ੍ਹਾਂ ਦੀ ਯਾਦ ਵਿੱਚ ਟਿੱਕਰੀ ਬਾਰਡਰ ‘ਤੇ ਪ੍ਰੋਗਰਾਮ ਹੋਣਗੇ।
- 24 ਅਪ੍ਰੈਲ ਨੂੰ ਦਿੱਲੀ ਮੋਰਚੇ ਨੂੰ 150 ਦਿਨ ਪੂਰੇ ਹੋਣ ‘ਤੇ ਹਫ਼ਤੇ ਭਰ ਦੇ ਵਿਸ਼ੇਸ਼ ਪ੍ਰੋਗਰਾਮ ਕੀਤੇ ਜਾਣਗੇ, ਜਿਸ ਵਿੱਚ ਕਿਸਾਨਾਂ, ਮਜ਼ਦੂਰਾਂ ਦੇ ਨਾਲ-ਨਾਲ ਕਰਮਚਾਰੀਆਂ, ਵਿਦਿਆਰਥੀਆਂ, ਨੌਜਵਾਨਾਂ, ਕਾਰੋਬਾਰੀਆਂ ਅਤੇ ਹੋਰ ਜਥੇਬੰਦੀਆਂ ਨੂੰ ਦਿੱਲੀ ਮੋਰਚੇ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਜਾਵੇਗਾ।
- ਅਪ੍ਰੈਲ ਮਹੀਨੇ ਦੇ ਆਖਰੀ ਹਫ਼ਤੇ ਵਿੱਚ ਦੇਸ਼ ਭਰ ਵਿੱਚ ਇਸ ਅੰਦੋਲਨ ਨੂੰ ਤੇਜ਼ ਕਰਨ ਦੀ ਯੋਜਨਾ ਨਾਲ, ਦੇਸ਼ ਭਰ ਵਿੱਚ ਕਿਸਾਨ ਅੰਦੋਲਨ ਨੂੰ ਸਮਰਥਨ ਦੇਣ ਵਾਲੀਆਂ ਜਥੇਬੰਦੀਆਂ ਦੀ ਇੱਕ ਰਾਸ਼ਟਰੀ ਪੱਧਰ ‘ਤੇ ਕਨਵੈਨਸ਼ਨ ਕੀਤੀ ਜਾਵੇਗੀ।
- ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਕਿ ਵਿਚਾਰ-ਵਟਾਂਦਰੇ ਤੋਂ ਬਾਅਦ ਮੋਰਚੇ ਦੀ ਅਗਲੀ ਬੈਠਕ ਵਿੱਚ ਸੰਸਦ ਮਾਰਚ ਦੀ ਨਿਰਧਾਰਤ ਮਿਤੀ ਦਾ ਐਲਾਨ ਕੀਤਾ ਜਾਵੇਗਾ।