‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਜੇਲ੍ਹ ਵਿਕਾਸ ਬੋਰਡ (ਪੀਪੀਡੀਬੀ) ਦੀ ਜੇਲ੍ਹ ਵਿਭਾਗ ਦੀ ਮਾਲਕੀ ਵਾਲੀ ਜ਼ਮੀਨ ’ਤੇ ਇੰਡੀਅਨ ਆਇਲ ਕਾਰਪੋਰੇਸ਼ਨ ਦੇ 12 ਰਿਟੇਲ ਆਊਟਲੈਟ (ਪ੍ਰਚੂਨ ਦੁਕਾਨਾਂ) ਸਥਾਪਤ ਕਰਨ ਦੀ ਤਜਵੀਜ਼ ਨੂੰ ਹਰੀ ਝੰਡੀ ਦੇ ਦਿੱਤੀ ਹੈ। ਕੈਪਟਨ ਨੇ ਇਹ ਫੈਸਲਾ ਜੇਲ੍ਹ ਉਦਯੋਗਾਂ ’ਚ ਨਵੇਂ ਸਰੋਤ ਪੈਦਾ ਕਰਨ ਲਈ ਲਿਆ ਹੈ।
ਕੀ ਹੈ ਖ਼ਾਸੀਅਤ ?
- ਇਨ੍ਹਾਂ ਪ੍ਰਾਜੈਕਟਾਂ ਨਾਲ ਰਿਹਾਅ ਹੋਏ 400 ਕੈਦੀਆਂ ਨੂੰ ਰੁਜ਼ਗਾਰ ਮਿਲੇਗਾ।
- 40 ਲੱਖ ਰੁਪਏ ਪ੍ਰਤੀ ਮਹੀਨਾ ਮਾਲੀਆ ਆਉਣ ਦੀ ਸੰਭਾਵਨਾ ਵੀ ਹੈ।
- ਬੋਰਡ ਦੇ ਮੈਂਬਰ ਸਕੱਤਰ ਏਡੀਜੀਪੀ (ਜੇਲ੍ਹਾਂ) ਪ੍ਰਵੀਨ ਸਿਨਹਾ ਮੁਤਾਬਕ ਚੰਗੇ ਵਿਹਾਰ ਵਾਲੇ ਕੈਦੀਆਂ ਨੂੰ ਵੀ ਇਨ੍ਹਾਂ ਆਊਟਲੈਟ ਉੱਤੇ ਰੁਜ਼ਗਾਰ ਦਿੱਤਾ ਜਾਵੇਗਾ।
- ਔਰਤਾਂ ਕੈਦੀਆਂ ਨੂੰ ਰੁਜ਼ਗਾਰ ਲਈ ਤਰਜੀਹ ਦਿੱਤੀ ਜਾਵੇਗੀ।
- ਕੈਪਟਨ ਨੇ ਕੈਦੀਆਂ ਵੱਲੋਂ ਤਿਆਰ ਕੀਤੇ ਜਾਣ ਵਾਲੇ ਸਾਰੇ ਉਤਪਾਦਾਂ ਦੀ ਮਾਰਕੀਟਿੰਗ ਲਈ ਬਰਾਂਡ ਦਾ ਨਾਮ ‘ਉਜਾਲਾ ਪੰਜਾਬ’ ਰੱਖਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
- ਕੈਪਟਨ ਨੇ ਬੋਰਡ ਦੇ ਗ਼ੈਰ-ਸਰਕਾਰੀ ਮੈਂਬਰ ਅਤੇ ਸਰਬੱਤ ਦਾ ਭਲਾ ਟਰੱਸਟ ਦੇ ਪ੍ਰਬੰਧਕੀ ਟਰੱਸਟੀ ਐੱਸਪੀਐੱਸ ਓਬਰਾਏ ਵੱਲੋਂ ਕੈਦੀਆਂ ਲਈ ਜੇਲ੍ਹਾਂ ਵਿੱਚ ਪੰਜ ਮੈਡੀਕਲ ਲੈਬਾਰਟਰੀਆਂ ਸਥਾਪਤ ਕਰਨ ਦੀ ਤਜਵੀਜ਼ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ।
- ਇਨ੍ਹਾਂ ਲੈਬਾਂ ਨੂੰ ਸਥਾਪਤ ਕਰਨ ਦਾ ਖਰਚਾ ਟਰੱਸਟ ਵੱਲੋਂ ਕੀਤਾ ਜਾਵੇਗਾ।