‘ਦ ਖ਼ਾਲਸ ਟੀਵੀ ਬਿਊਰੋ:-ਛੱਤੀਸਗੜ੍ਹ ਦੇ ਮਾਓਵਾਦੀ ਹਮਲੇ ‘ਚ ਸਿੱਖ ਜਵਾਨ ਬਲਰਾਜ ਸਿੰਘ ਜਦੋਂ ਖੁਦ ਗੋਲੀ ਲੱਗਣ ਕਾਰਨ ਫੱਟੜ ਸੀ, ਉਸ ਵੇਲੇ ਵੀ ਆਪਣੀ ਦਸਤਾਰ ਨਾਲ ਬਲਰਾਜ ਸਿੰਘ ਨੇ ਆਪਣੇ ਸਾਥੀ ਜਵਾਨ ਦੇ ਫੱਟ ਬੰਨ੍ਹ ਕੇ ਉਸਨੂੰ ਬਚਾ ਲਿਆ। ਅਜਿਹੇ ਬਹਾਦਰੀ ਭਰੇ ਕਾਰਨਾਮੇ ਦੁਨੀਆ ‘ਚ ਕਈ ਵਾਰ ਸੁਣਨ ਨੂੰ ਮਿਲਦੇ ਨੇ ਜਦੋਂ ਸਿੱਖ ਨੌਜਵਾਨਾਂ ਨੇ ਆਪਣੀ ਦਸਤਾਰ ਨਾਲ ਮੌਤ ਦੇ ਮੂੰਹ ਚੋਂ ਕਈਆਂ ਨੂੰ ਮੋੜ ਕੇ ਲਿਆਂਦਾ ਹੈ। ਆਖਰ ਐਸਾ ਕੀ ਹੈ ਦਸਤਾਰ ਵਿੱਚ ਜੋ ਮਰਦੇ ਇਨਸਾਨ ਨੂੰ ਬਚਾ ਲੈਂਦੀ ਹੈ।
ਪਹਿਲਾਂ ਛੱਤੀਸਗੜ੍ਹ ਵਾਲੀ ਘਟਲਾ ਬਾਰੇ ਜਾਣ ਲੈਂਦੇ ਹਾਂ, 1988 ਬੈਚ ਦੇ ਪੁਲਿਸ ਅਫਸਰ ਆਰਕੇ ਵਿਜ ਨੇ ਟਵੀਟ ਕੀਤਾ ਹੈ, ਸਿੱਖ ਜਵਾਨ ਦੇ ਜਜ਼ਬੇ ਨੂੰ ਮੇਰਾ ਸਲਾਮ, IPS ਅਫਸਰ ਨੇ ਰਿਟੇਸ਼ ਮਿਸ਼ਰਾ ਦਾ ਟਵੀਟ ਸਾਂਝਾ ਕੀਤਾ ਹੈ, ਜਿਨਾਂ ਨੇ ਲਿਖਿਆ ਹੈ ਅੱਜ ਦੀ ਸਭ ਤੋਂ ਚੰਗੀ ਕਹਾਣੀ ਸਾਡੇ ਇੱਕ ਸੀਨੀਅਰ ਅਫਸਰ ਨੇ ਦੱਸੀ, ਇੱਕ ਸਰਦਾਰ ਜੀ ਜੋ ਕੱਲ ਐਨਕਾਊਂਟਰ ਵਿੱਚ ਸਨ, ਫਾਇਰਿੰਗ ਦੌਰਾਨ ਗੋਲੀ ਉਨਾਂ ਦੇ ਆਰ ਪਾਰ ਹੋ ਗਈ, ਸਰਦਾਰ ਜੀ ਨੇ ਆਪਣੀ ਦਸਤਾਰ ਉਤਾਰੀ ਤੇ ਹੋਰ ਜਵਾਨ ਦੇ ਜ਼ਖਮਾਂ ‘ਤੇ ਬੰਨ ਦਿੱਤੀ, ਦੋਵੇਂ ਸੁਰੱਖਿਅਤ ਹਨ ਪਰ ਜ਼ਖਮੀ ਹਨ। ਪੁਲਿਸ ਅਫਸਰ ਆਰਕੇ ਵਿਜ ਨੇ ਟਵੀਟ ਸਾਂਝਾ ਕਰਦਿਆਂ ਬਲਰਾਜ ਸਿੰਘ ਨੂੰ ਸ਼ਾਬਾਸ਼ ਦਿੱਤੀ ਹੈ। ਜਾਣਕਾਰੀ ਅਨੁਸਾਰ ਇਸ ਵਕਤ ਬਚਾਉਣ ਵਾਲਾ ਬਲਰਾਜ ਸਿੰਘ ਤੇ ਬਚਣ ਵਾਲਾ ਅਭਿਸ਼ੇਕ ਪਾਂਡੇ ਦੋਵੇਂ ਹੀ ਹਸਪਤਾਲ ਵਿਚ ਜ਼ੇਰੇ ਇਲਾਜ਼ ਹੈ, ਅਸੀਂ ਉਨ੍ਹਾਂ ਦੀ ਤੰਦਰੁਸਤੀ ਦੀ ਕਾਮਨਾ ਕਰਦੇ ਹਾਂ।
ਹਰਮਨ ਨੂੰ ਨਿਊਜ਼ੀਲੈਂਡ ਦਾ ਬੱਚਾ-ਬੱਚਾ ਜਾਣਦਾ ਹੈ
ਇਸ ਤੋਂ ਪਹਿਲਾਂ ਅਜਿਹੀਆਂ ਘਟਨਾਵਾਂ ਕਈ ਵਾਰ ਅਸੀਂ ਸੁਣ ਦੇਖ ਚੁੱਕੇ ਹਾਂ ਜਦੋਂ ਸਿੱਕ ਨੌਜਵਾਨਾਂ ਨੇ ਦਸਤਾਰ ਨਾਲ ਜਾਨਾਂ ਬਚਾਈਆਂ, 5 ਸਾਲ ਪਹਿਲਾਂ ਦੀ ਖਬਰ ਸ਼ਾਇਦ ਤੁਹਾਨੂੰ ਯਾਦ ਹੋਵੇਗੀ ਜਦੋਂ ਨਿਊਜ਼ੀਲੈਂਡ ਰਹਿੰਦੇ ਅਂਮ੍ਰਿਤਧਾਰੀ ਨੌਜਵਾਨ ਹਰਮਨ ਸਿੰਘ ਨੇ 5 ਸਾਲ ਦੇ ਸਕੂਲੀ ਬੱਚੇ ਦੀ ਜਾਨ ਬਚਾਈ ਸੀ ਜਿਸਨੂੰ ਕਾਰ ਨੇ ਟੱਕਰ ਮਾਰ ਦਿੱਤੀ ਸੀ। ਇਹ ਖ਼ਬਰ ਪੂਰੀ ਦੁਨੀਆ ‘ਚ ਫੈਲ ਗਈ ਸੀ, ਹਰਮਨ ਨੂੰ ਅੱਜ ਨਿਊਜ਼ੀਲੈਂਡ ਦਾ ਬੱਚਾ ਬੱਚਾ ਜਾਣਦਾ ਹੈ, ਇਸ ਘਟਨਾ ਤੋਂ ਬਾਅਦ ਹਰਮਨ ਦੇ ਧੰਨਵਾਦ ਕਰਨ ਪਹੁੰਚੇ ਗੋਰਿਆਂ ਨੇ ਉਸਦਾ ਖਾਲੀ ਘਰ ਸਮਾਨ ਨਾਲ ਭਰ ਦਿੱਤਾ ਸੀ।
ਗਣੇਸ਼ ਵਿਸਰਜਨ ਦੌਰਾਨ ਵਾਪਰਿਆ ਸੀ ਹਾਦਸਾ, ਪੱਗਾਂ ਨਾਲ ਬਚਾਏ 8 ਨੌਜਵਾਨ
5 ਸਾਲ ਪਹਿਲਾਂ ਦੀ ਹੀ ਗੱਲ ਹੈ ਜਦੋਂ ਪੰਜਾਬ ਦੇ ਸੰਗਰੂਰ ਜ਼ਿਲੇ ‘ਚ ਦੋ ਸਿੱਖ ਨੌਜਵਾਨਾਂ ਇੰਦਰਪਾਲ ਸਿੰਘ ਤੇ ਕਮਲਪ੍ਰੀਤ ਸਿੰਘ ਨੇ ਆਪਣੀਆਂ 9-9 ਮੀਟਰ ਲੰਬੀਆਂ ਦਸਤਾਰਾਂ ਉਤਾਰ ਕੇ 8 ਨੌਜਵਾਨਾਂ ਨੂੰ ਨਹਿਰ ‘ਚ ਡੁੱਬਣ ਤੋਂ ਬਚਾਇਆ ਸੀ, ਇਹ ਸਾਰੇ ਹਿੰਦੂ ਨੌਜਵਾਨ ਸਨ ਤੇ ਗਣੇਸ਼ ਵਿਸਰਜਨ ਦੌਰਾਨ ਨਹਿਰ ‘ਚ ਡੁੱਬਣ ਲੱਗੇ ਸਨ ਪਰ ਦਸਤਾਰਾਂ ਨੇ ਇਨਾਂ ਦੀ ਜਾਨ ਬਚਾ ਲਈ ਸੀ। 4 ਸਾਲ ਪਹਿਲਾਂ ਲੁਧਿਆਣਾ ‘ਚ ਨਹਿਰ ‘ਚ ਰੁੜੇ ਜਾਂਦੇ ਇੱਕ ਜੋੜੇ ਨੂੰ ਸਤਨਾਮ ਸਿੰਘ ਨੇ ਆਪਣੀ ਦਸਤਾਰ ਨਾਲ ਬਚਾਇਆ ਸੀ, ਪਿਛਲੇ ਸਾਲ 2020 ‘ਚ ਕੈਨੇਡਾ ਦੇ ਕੈਲਗਰੀ ‘ਚ ਦੋ ਨੌਜਵਾਨ ਕੁੜੀਆਂ ਨਹਿਰ ‘ਚ ਡਿੱਗ ਪਈਆਂ ਸੀ ਉਨਾਂ ਨੂੰ ਵੀ ਸਰਦਾਰਾਂ ਨੇ ਆਪਣੀਆਂ ਦਸਤਾਰਾਂ ਨਾਲ ਬਚਾਇਆ ਸੀ।
ਅਜਿਹੀਆਂ ਬਹੁਤ ਮਿਸਾਲਾਂ ਹਨ, ਸਿੱਖ ਦੀ ਦਸਤਾਰ ਉਸਦੇ ਸਰੀਰ ਦਾ ਬਹੁਤ ਅਹਿਮ ਹਿੱਸਾ ਹੁੰਦੀ ਹੈ, ਪੂਰੀ ਦੁਨੀਆ ਸਾਹਮਣੇ ਦਸਤਾਰ ਉਤਾਰ ਦੇਣੀ ਸੌਖੀ ਨਹੀਂ ਹੁੰਦੀ, ਪਰ ਜਦੋਂ ਗੱਲ ਕਿਸੇ ਦੀ ਜ਼ਿੰਦਗੀ ਬਚਾਉਣ ਦੀ ਆਉਂਦੀ ਹੈ ਤਾਂ ਸਿੱਖ ਆਪਣੀ ਜ਼ਿੰਦਗੀ ਵੀ ਲਾ ਦਿੰਦਾ ਹੈ ਤੇ ਜੇ ਦਸਤਾਰ ਜ਼ਿੰਦਗੀ ਬਚਾ ਸਕਦੀ ਹੋਵੇ ਤਾਂ ਸਿੱਖ ਇਸਨੂੰ ਉਤਾਰਨ ਲਈ ਵੀ ਝਿਜਕਦਾ ਨਹੀਂ ਹੈ। ਪਰ ਅਜਿਹਾ ਇਸ ਕੱਪੜੇ ‘ਚ ਹੈ ਕੀ ਜੋ ਵਗਦੇ ਖੂਨ ਨੂੰ ਰੋਕ ਦਿੰਦਾ ਹੈ।
ਖੂਬੀਆਂ ਨਾਲ ਭਰੀ ਹੋਈ ਹੈ ਦਸਤਾਰ
ਸਭ ਤੋਂ ਪਹਿਲੀ ਖੂਬੀ ਹੈ ਕਿ ਦਸਤਾਰ ਦਾ ਕੱਪੜਾ ਭਾਵੇਂ ਪਤਲਾ ਹੁੰਦਾ ਹੈ ਪਰ ਜਦੋਂ ਇਸਦੀ ਪੂਣੀ ਕਰਕੇ ਸਜਾਇਆ ਜਾਂਦਾ ਹੈ ਤਾਂ ਦਸਤਾਰ ਦੇ ਕੱਪੜੇ ਦੀ ਇੱਕ ਸਜ਼ਬੂਤ ਪਕੜ ਬਣ ਜਾਂਦੀ ਹੈ, ਲੰਬਾਈ ਆਮ ਕਰਕੇ 7 ਤੋਂ 9 ਮੀਟਰ ਹੁੰਦੀ ਹੈ ਤੇ ਜਦੋਂ ਪਾਣੀ ‘ਚ ਡੁੱਬ ਰਹੇ ਇਨਸਾਨ ਵੱਲ ਸੁੱਟੀ ਜਾਂਦੀ ਹੈ ਤਾਂ ਇੱਕ ਤਾਂ ਦਸਤਾਰ ਦੀ ਲੰਬਾਈ ਜ਼ਿਆਦਾ ਹੁੰਦੀ ਹੈ ਤੇ ਦੂਜਾ ਸੂਤੀ ਕੱਪੜੇ ਦੀ ਹੋਣ ਕਰਕੇ ਇਸਦੀ ਪਕੜ ਬਹੁਤ ਮਜ਼ਬੂਤ ਹੁੰਦੀ ਹੈ, ਇਸਦੇ ਪਾਟਣ ਦਾ ਕੋਈ ਖਤਰਾ ਨਹੀਂ ਹੁੰਦਾ, ਕਿਉਂਕਿ ਪੂਣੀ ਕਰਕੇ ਇਸਦੀਆਂ ਬਹੁਤ ਪਰਤਾਂ ਬਣੀਆਂ ਹੁੰਦੀਆਂ ਨੇ।
ਆਮ ਤੌਰ ਤੇ ਜਦੋਂ ਆਪਾਂ ਦੇਖਦੇ ਹਾਂ ਕਿ ਕਿਸੇ ਰੱਸੀ ਨਾਲ ਜੇ ਤੁਸੀਂ ਖੂਹ ‘ਚ ਡਿੱਗੇ ਇਨਸਾਨ ਨੂੰ ਜਾਂ ਪਾਣੀ ਚ ਡਿੱਗੇ ਇਨਸਾਨ ਨੂੰ ਖਿੱਚ ਕੇ ਬਚਾਉਣ ਦੀ ਕੋਸ਼ਿਸ਼ ਕਰਦੇ ਹੋ ਜਾਂ ਕੁਝ ਸਮੇਂ ਬਾਅਦ ਇਸਦੇ ਟੁੱਟਣ ਦਾ ਖਤਰਾ ਬਣ ਜਾਂਦਾ ਹੈ ਪਰ ਦਸਤਾਰ ਦੇ ਮਾਮਲੇ ‘ਚ ਅਜਿਹਾ ਨਹੀਂ ਹੁੰਦਾ, ਗਿੱਲੀ ਹੋਣ ਤੋਂ ਬਾਅਦ ਵੀ ਇਸਦੀ ਪੂਰੀ ਚੌੜਾਈ ਤੇ ਕਈ ਪਰਤਾਂ ਇਸਨੂੰ ਪਾਟਣ ਨਹੀਂ ਦਿੰਦੀਆਂ ਤੇ ਨਾ ਹੀ ਇਸਦਾ ਕੱਪੜਾ ਹੱਥ ਚੋਂ ਤਿਲਕਦਾ ਹੈ, ਤੇ ਜਦੋਂ ਕਿਸੇ ਦੇ ਜ਼ਖਮ ਤੇ ਦਸਤਾਰ ਬੰਨੀ ਜਾਂਦੀ ਹੈ ਤਾਂ ਵੀ ਇਸਦੀਆਂ ਮੋਟੀਆਂ ਪਰਤਾਂ ਤੇ ਇਸਦਾ ਸੂਤੀ ਕੱਪੜਾ ਖੂਨ ਵਹਿਣ ਨੂੰ ਰੋਕਣ ‘ਚ ਮਦਦ ਕਰਦਾ ਹੈ ਤੇ ਜ਼ਖਮ ਨੂੰ ਨਿੱਘ ਦਿੰਦਾ ਹੈ, ਸਰੀਰ ਦਾ ਹੋਰ ਕੋਈ ਕੱਪੜਾ ਨਾ ਤਾਂ ਤੁਸੀਂ ਘਟਨਾ ਵਕਤ ਉਤਾਰ ਸਕਦੇ ਹੋ ਤੇ ਨਾ ਹੀ ਲੰਬਾਈ ਚੌੜਾਈ ਪੱਖੋਂ ਉਹ ਕੱਪੜੇ ਜ਼ਿੰਦਗੀ ਬਚਾਉਣ ਦੇ ਕੰਮ ਆ ਸਕਦੇ ਨੇ, ਅਜਿਹੇ ਵਿੱਚ ਸਿੱਖ ਦੀ ਦਸਤਾਰ ਮਰਦੇ ਇਨਸਾਨਾਂ ਦੀ ਜਾਨ ਬਚਾਉਣ ‘ਚ 100 ਫੀਸਦੀ ਕਾਮਯਾਬ ਹੁੰਦੀ ਹੈ ਤੇ ਜਿਹੜਾ ਦਸਤਾਰ ਦਾ ਅਧਿਆਤਮਕ ਪੱਖ ਹੈ ਉਸ ਬਾਰੇ ਤਾਂ ਇੱਕ ਹੀ ਲਾਈਨ ਹੈ ਕਿ ਇਹ ਦਸਤਾਰ ਤੋਂ ਬਿਨਾਂ ਸਿੱਖ ਸਰਦਾਰ ਨਹੀਂ ਅਖਵਾ ਸਕਦਾ ਤੇ ਇਹ ਸਿੱਖ ਦੀ ਇੱਜ਼ਤ ਆਬਰੂ ਦਾ ਪ੍ਰਤੀਕ ਹੈ।