‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕੋਰੋਨਾ ਨੇ ਇੱਕ ਵਾਰ ਫਿਰ ਰਿਕਾਰਡ ਤੋੜਨਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਸਮੇਤ 5 ਅਜਿਹੇ ਸੂਬੇ ਹਨ, ਜਿਨ੍ਹਾਂ ਵਿੱਚ ਸਭ ਤੋਂ ਵਧ ਕੋਰੋਨਾ ਦੇ ਮਾਮਲੇ ਦਰਜ ਕੀਤੇ ਜਾ ਰਹੇ ਹਨ। ਇਹੀ ਠੀਕ ਉਸੇ ਤਰ੍ਹਾਂ ਦੇ ਹਾਲਾਤ ਹਨ ਜੋ 2020 ਵਿੱਚ ਕੋਰੋਨਾ ਫੈਲਣ ਸਮੇਂ ਸਨ। ਸਭ ਤੋਂ ਵੱਧ ਚਿੰਤਾਜਨਕ ਸਥਿਤੀ ਮਹਾਰਾਸ਼ਟਰ, ਕਰਨਾਟਕ, ਛੱਤੀਸਗੜ੍ਹ, ਕੇਰਲ ਤੇ ਪੰਜਾਬ ’ਚ ਹੈ। ਉਂਝ ਇਨ੍ਹਾਂ ਵਿੱਚੋਂ ਸਭ ਤੋਂ ਵੱਧ ਐਕਟਿਵ ਕੇਸ ਮਹਾਰਾਸ਼ਟਰ, ਕਰਨਾਟਕ ਅਤੇ ਛੱਤੀਸਗੜ੍ਹ ’ਚ ਦਰਜ ਕੀਤੇ ਗਏ ਹਨ। ਇਨ੍ਹਾਂ ਰਾਜਾਂ ਦੇ 15 ਜ਼ਿਲ੍ਹਿਆਂ ’ਚ ਸਭ ਤੋਂ ਵੱਧ ਐਕਟਿਵ ਕੇਸ ਹਨ। ਮਹਾਰਾਸ਼ਟਰ ’ਚ 4,02,552 ਐਕਟਿਵ ਕੇਸ ਹਨ, ਜੋ ਕੁੱਲ ਕੇਸਾਂ ਦਾ 58.19% ਬਣਦੇ ਹਨ।
ਇਸੇ ਤਰ੍ਹਾਂ ਕਰਨਾਟਕ ’ਚ 36,633 ਐਕਟਿਵ ਕੇਸ ਹਨ, ਜੋ ਕੁੱਲ ਕੇਸਾਂ ਦਾ 5.30% ਬਣਦੇ ਹਨ। ਛੱਤੀਸਗੜ੍ਹ ’ਚ 36,312 ਐਕਟਿਵ ਕੇਸ ਹਨ, ਜੋ ਕੁੱਲ ਕੇਸਾਂ ਦਾ 5.24% ਬਣਦੇ ਹਨ, ਕੇਰਲ ’ਚ 27,587 ਐਕਟਿਵ ਕੇਸ ਹਨ, ਜੋ ਕੁੱਲ ਕੇਸਾਂ ਦਾ 3.99% ਬਣਦੇ ਹਨ ਤੇ ਪੰਜਾਬ ’ਚ 25,314 ਐਕਟਿਵ ਕੇਸ ਹਨ, ਜੋ ਕੁੱਲ ਕੇਸਾਂ ਦਾ 3.66% ਬਣਦੇ ਹਨ।