‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਾਰਤੀ ਕਿਸਾਨ ਮੰਚ ਏਕਤਾ ਦੇ ਪ੍ਰਧਾਨ ਬੂਟਾ ਸਿੰਘ ਸ਼ਾਦੀਪੁਰ ਨੇ ਕੱਲ੍ਹ ਕਿਸਾਨ ਲੀਡਰ ਰਾਕੇਸ਼ ਟਿਕੈਤ ‘ਤੇ ਰਾਜਸਥਾਨ ਵਿੱਚ ਹੋਏ ਹਮਲੇ ਦੀ ਨਿੰਦਾ ਕਰਦਿਆਂ ਕਿਹਾ ਕਿ ‘ਉਹ ਸਰਕਾਰ ਨੂੰ ਚਿਤਾਵਾਨੀ ਦੇਣਾ ਚਾਹੁੰਦੇ ਹਨ ਕਿ ਇਸ ਤਰ੍ਹਾਂ ਦੀਆਂ ਹਰਕਤਾਂ ਦੇ ਨਾਲ ਕਦੇ ਮੋਰਚੇ ਖਤਮ ਨਹੀਂ ਕੀਤੇ ਜਾ ਸਕਦੇ, ਮੋਰਚੇ ਦਬਾਏ ਨਹੀਂ ਜਾ ਸਕਦੇ। ਕੇਂਦਰ ਸਰਕਾਰ ਨੂੰ ਇਨ੍ਹਾਂ ਗੱਲਾਂ ਤੋਂ ਬਾਜ਼ ਆਉਣਾ ਚਾਹੀਦਾ ਹੈ। ਕੱਲ੍ਹ ਭਾਜਪਾ ਸਰਕਾਰ ਨੇ ਰਾਕੇਸ਼ ਟਿਕੈਤ ‘ਤੇ ਜੋ ਹਮਲਾ ਕਰਵਾਇਆ, ਇਹ ਬਹੁਤ ਮਾੜੀ ਘਟਨਾ ਹੈ। ਰਾਜਸਥਾਨ ਸਰਕਾਰ ਨੂੰ ਵੀ ਇਹ ਸੋਚ ਲੈਣਾ ਚਾਹੀਦਾ ਹੈ ਕਿ ਇਹੋ ਜਿਹੇ ਕੰਮ ਤੁਹਾਡੇ ਲਈ ਨੁਕਸਾਨਦੇਹ ਹਨ, ਸਾਡੇ ਅੰਦੋਲਨ ‘ਤੇ ਇਸਦਾ ਕੋਈ ਅਸਰ ਨਹੀਂ ਪਵੇਗਾ। ਇਸ ਤਰ੍ਹਾਂ ਦੀ ਕਾਰਵਾਈਆਂ ਦੇ ਨਾਲ ਅੰਦੋਲਨ ਕਮਜ਼ੋਰ ਨਹੀਂ, ਹੋਰ ਮਜ਼ਬੂਤ ਹੋਵੇਗਾ। ਇਨ੍ਹਾਂ ਘਟਨਾਵਾਂ ਵਿੱਚ ਲਗਾਤਾਰ ਵਾਧੇ ਹੋ ਰਹੇ ਹਨ ਪਰ ਸਰਕਾਰ ਨੂੰ ਸਮਝਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਕੇ, ਅੰਦੋਲਨ ਨੂੰ ਦਬਾਅ ਕੇ ਮਸਲੇ ਦਾ ਹੱਲ ਨਹੀਂ ਨਿਕਲਦਾ, ਮਸਲੇ ਦਾ ਹੱਲ ਗੱਲਬਾਤ ਨਾਲ ਨਿਕਲਦਾ ਹੈ। ਇਸ ਕਰਕੇ ਸੋਚ ਕੇ ਬੋਲੋ ਅਤੇ ਸਹੀ ਢੰਗ ਨਾਲ ਤੋਲੋ, ਤਾਂ ਹੀ ਮਸਲੇ ਹੱਲ ਹੁੰਦੇ ਹਨ। ਜਦੋਂ ਸਰਕਾਰਾਂ ਗਲਤ ਹਰਕਤਾਂ ਕਰਦੀਆਂ ਹਨ, ਦੇਸ਼ ਵਿੱਚ ਹਾਲਾਤ ਖਰਾਬ ਹੋ ਜਾਂਦੇ ਹਨ। ਜੇਕਰ ਦੇਸ਼ ਵਿੱਚ ਹਾਲਾਤ ਖਰਾਬ ਹੁੰਦੇ ਹਨ, ਤਾਂ ਇਸਦੀ ਜ਼ਿੰਮੇਵਾਰ ਕੇਂਦਰ ਸਰਕਾਰ ਅਤੇ ਭਾਜਪਾ ਹੋਵੇਗੀ। ’