Punjab

ਪੰਜਾਬ ਪੁਲਿਸ ‘ਚ ਭਰਤੀ ਦੀ ਉਡੀਕ ਕਰ ਰਹੇ ਨੌਜਵਾਨਾਂ ਲਈ ਆਈ ਚੰਗੀ ਖ਼ਬਰ, ਕੈਪਟਨ ਸਰਕਾਰ ਨੇ ਲਿਆ ਵੱਡਾ ਫੈਸਲਾ

‘ਦ ਖ਼ਾਲਸ ਬਿਊਰੋ :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਸ਼ੇਸ਼ ਜੁਰਮਾਂ ਨਾਲ ਨਜਿੱਠਣ ਲਈ 3,100 ਡੋਮੇਨ ਮਾਹਿਰਾਂ ਤੋਂ ਇਲਾਵਾ ਸਬ-ਇੰਸਪੈਕਟਰ ਤੇ ਕਾਂਸਟੇਬਲ ਦੇ ਪੱਧਰ ‘ਤੇ 10,000 ਪੁਲਿਸ ਕਰਮਚਾਰੀ ਭਰਤੀ ਕਰਨ ਦਾ ਐਲਾਨ ਕੀਤਾ ਹੈ, ਜਿਨ੍ਹਾਂ ਵਿੱਚੋਂ 33 ਫ਼ੀਸਦੀ ਮਹਿਲਾਵਾਂ ਹੋਣਗੀਆਂ ਤਾਂ ਕਿ ਜ਼ਮੀਨੀ ਪੱਧਰ ‘ਤੇ ਫੋਰਸ ਵਧਾਉਣ ਦੇ ਨਾਲ-ਨਾਲ ਪ੍ਰਭਾਵੀ ਪੁਲੀਸਿੰਗ ਨੂੰ ਯਕੀਨੀ ਬਣਾਇਆ ਜਾ ਸਕੇ।

ਸੂਬੇ ਦੇ ਹਰ ਜ਼ਿਲ੍ਹੇ ਵਿੱਚ ਤਕਨੀਕੀ ਯੂਨਿਟ, ਨਾਰਕੋਟਿਕਸ ਯੂਨਿਟ, ਸੋਸ਼ਲ ਮੀਡੀਆ ਯੂਨਿਟ ਅਤੇ ਸਾਬੋਤਾਜ ਵਿਰੋਧੀ ਨਿਗਰਾਨ ਟੀਮਾਂ ਹੋਣਗੀਆਂ, ਜਿਸ ਨਾਲ ਸੂਬੇ ਦੀ ਕਾਨੂੰਨ ਲਾਗੂ ਕਰਨ ਵਾਲੀ ਮਸ਼ੀਨਰੀ ਹੋਰ ਮਜ਼ਬੂਤ ਹੋਵੇਗੀ। ਕੈਪਟਨ ਨੇ ਕਿਹਾ ਕਿ ਪੁਲਿਸ ਫੋਰਸ ‘ਚ ਤਬਦੀਲੀ ਲਿਆਉਣ ਦੇ ਉਦੇਸ਼ ਨਾਲ ਉਲੀਕੇ ਗਏ ਇਸ ਕਦਮ ਨਾਲ ਪੰਜਾਬ ਡੋਮੇਨ ਮਾਹਿਰਾਂ ਦੀਆਂ ਸੇਵਾਵਾਂ ਹਾਸਲ ਕਰਨ ਵਾਲਾ ਮੁਲਕ ਦਾ ਪਹਿਲਾ ਸੂਬਾ ਹੋਵੇਗਾ।

ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਕਿਹਾ ਕਿ ਇਨ੍ਹਾਂ ਡੋਮੇਨ ਮਾਹਿਰਾਂ ਵਿੱਚ ਤਕਰੀਬਨ 6,00 ਲਾਅ ਗਰੈਜੂਏਟ, 4,50 ਕਰਾਈਮ ਸੀਨ ਜਾਂਚਕਰਤਾ, ਕਾਨੂੰਨ, ਕਾਮਰਸ, ਡਾਟਾ ਮਾਈਨਿੰਗ, ਡਾਟਾ ਅਨੈਲਸਿਸ ਵਿੱਚ ਤਜਰਬੇ ਅਤੇ ਵਿਸ਼ੇਸ਼ ਯੋਗਤਾ ਵਾਲੇ 1,350 ਆਈ.ਟੀ. ਮਾਹਿਰ ਸ਼ਾਮਲ ਹੋਣਗੇ, ਜਿਨ੍ਹਾਂ ਨੂੰ ਸਾਈਬਰ ਜਾਸੂਸੀ, ਵਿੱਤੀ ਜਾਸੂਸੀ, ਕਤਲ ਕੇਸਾਂ ਵਿੱਚ ਜਾਸੂਸੀ, ਜਿਣਸੀ ਹਮਲੇ ਅਤੇ ਬਲਾਤਕਾਰ ਦੇ ਕੇਸਾਂ ਵਿੱਚ ਜਾਸੂਸੀ ਲਈ ਲਾਇਆ ਜਾਵੇਗਾ।