India Punjab

ਬੀਜੇਪੀ ਨੂੰ ਵੋਟ ਨਾ ਪਾਇਉ, ਸੰਯੁਕਤ ਕਿਸਾਨ ਮੋਰਚਾ ਦੀ ਅਪੀਲ

‘ਦ ਖ਼ਾਲਸ ਬਿਊਰੋ :- ਸੰਯੁਕਤ ਕਿਸਾਨ ਮੋਰਚਾ ਨੇ ਪੰਜ ਸੂਬਿਆਂ ਅਸਾਮ, ਕੇਰਲ, ਪੁੱਡੂਚੇਰੀ, ਤਾਮਿਲਨਾਡੂ ਅਤੇ ਪੱਛਮੀ ਬੰਗਾਲ ਵਿੱਚ ਕਿਸਾਨਾਂ ਨੂੰ ਬੀਜੇਪੀ ਨੂੰ ਵੋਟ ਨਾ ਪਾਉਣ ਦੀ ਅਪੀਲ ਕੀਤੀ। ਕਿਸਾਨ ਲੀਡਰਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਕਿਸਾਨ ਵਿਰੋਧੀ ਭਾਜਪਾ ਅਤੇ ਉਸਦੀਆਂ ਸਹਿਯੋਗੀ ਪਾਰਟੀਆਂ ਨੂੰ ਵੋਟ ਨਾ ਪਾ ਕੇ ਸਜ਼ਾ ਦਿਉ। ਕਿਸਾਨ ਲੀਡਰਾਂ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਉਹ ਕਿਸੇ ਦੇ ਹੱਕ ਵਿੱਚ ਵੋਟ ਕਰਨ ਲਈ ਨਹੀਂ ਕਹਿ ਰਹੇ, ਸਿਰਫ ਭਾਜਪਾ ਨੂੰ ਵੋਟ ਨਾ ਦੇਣ ਬਾਰੇ ਕਹਿ ਰਹੇ ਹਨ। ਸਾਡੀ ਸਿਰਫ ਇੱਕ ਅਪੀਲ ਹੈ ਕਿ ਗਲਤੀ ਨਾਲ ਵੀ ਕਮਲ ਦੇ ਨਿਸ਼ਾਨ ਨੂੰ ਵੋਟ ਨਾ ਪਾ ਦਿਉ। ਇਹ ਤੁਹਾਡੇ ਹੱਥ ਹੈ ਕਿ ਦਿੱਲੀ ਬਾਰਡਰਾਂ ‘ਤੇ ਆਪਣੇ ਹੱਕਾਂ ਲਈ ਬੈਠੇ ਕਿਸਾਨ ਕਦੋਂ ਆਪਣੇ ਪਰਿਵਾਰਾਂ ਨੂੰ ਮਿਲਣਗੇ।

ਕਿਸਾਨ ਲੀਡਰਾਂ ਨੇ ਕਿਹਾ ਕਿ ਅਸਾਮ, ਕੇਰਲ, ਪੁੱਡੂਚੇਰੀ, ਤਾਮਿਲਨਾਡੂ ਅਤੇ ਪੱਛਮੀ ਬੰਗਾਲ ਵਿੱਚ ਕਿਸਾਨਾਂ ਦੇ ਸੰਘਰਸ਼ ਅਤੇ ਲੜਾਈ ਦੀ ਭਾਵਨਾ ਚੰਗੀ ਤਰ੍ਹਾਂ ਜਾਣੀ ਜਾਂਦੀ ਹੈ ਅਤੇ ਸਾਨੂੰ ਵਿਸ਼ਵਾਸ ਹੈ ਕਿ ਤੁਸੀਂ ਸਾਡੀ ਪੁਕਾਰ ‘ਤੇ ਸਾਕਾਰਾਤਮਕ ਤੌਰ ‘ਤੇ ਜਵਾਬ ਦੇਵੋਗੇ। ਸਾਨੂੰ ਯਕੀਨ ਹੈ ਕਿ ਤੁਸੀਂ ਆਪਣੀ ਵੋਟ ਪਾਉਣ ਸਮੇਂ ਸਾਡੀ ਇਸ ਅਪੀਲ ਨੂੰ ਯਾਦ ਰੱਖੋਗੇ। ਪਿਛਲੇ 105 ਦਿਨਾਂ ਤੋਂ ਲੱਖਾਂ ਕਿਸਾਨ ਆਪਣੇ ਪਿੰਡ ਅਤੇ ਖੇਤ ਛੱਡ ਕੇ ਦਿੱਲੀ ਦੇ ਬੂਹੇ ‘ਤੇ ਟਰੈਕਟਰ-ਟਰਾਲੀਆਂ ਸਮੇਤ ਤੰਬੂ ਲਾ ਕੇ ਬੈਠੇ ਹੋਏ ਹਨ। ਕਿਸਾਨਾਂ ਨੇ ਹੱਡ-ਚੀਰਵੀਂ ਠੰਡ ਦਾ ਸਾਹਮਣਾ ਵੀ ਇੱਥੇ ਹੀ ਕੀਤਾ ਅਤੇ ਅਤੇ ਹੁਣ ਗਰਮੀ ਦਾ ਮੌਸਮ ਸ਼ੁਰੂ ਹੋ ਗਿਆ ਹੈ।

ਕਿਸਾਨ ਲੀਡਰਾਂ ਨੇ ਕਿਹਾ ਕਿ ਕਿਸਾਨਾਂ ਦਾ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਏ ਬਿਨਾਂ ਵਾਪਸ ਘਰ ਜਾਣ ਦਾ ਕੋਈ ਇਰਾਦਾ ਨਹੀਂ ਹੈ। ਕਿਸਾਨ ਸਿਰਫ ਆਪਣੇ ਮੂਲ ਹੱਕਾਂ ਲਈ ਹੀ ਨਹੀਂ ਲੜ ਰਹੇ, ਬਲਕਿ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਅਤੇ ਭਾਰਤ ਦੀ ਕਿਸਾਨੀ ਨੂੰ ਬਚਾਉਣ ਲਈ ਸੰਘਰਸ਼ ਕਰ ਰਹੇ ਹਨ। ਹੁਣ ਤੱਕ ਇਸ ਸੰਘਰਸ਼ ਵਿੱਚ ਤਕਰੀਬਨ 290 ਕਿਸਾਨਾਂ ਦੀ ਮੌਤ ਹੋ ਗਈ ਹੈ। ਅਸੀਂ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਦਾ ਸਖਤ ਸੱਚ ਤੁਹਾਡੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ। ਸਰਕਾਰ ਨੇ ਕਿਸਾਨਾਂ ਨੂੰ ਬਿਨਾਂ ਪੁੱਛੇ ਉਨ੍ਹਾਂ ਦੇ ਖਿਲਾਫ ਫੈਸਲੇ ਲਏ ਹਨ। ਇਹ ਉਹ ਕਾਨੂੰਨ ਹਨ, ਜੋ ਸਾਡੇ ਭਵਿੱਖ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਸ਼ਟ ਕਰ ਦੇਣਗੇ। ਭਾਜਪਾ ਸਰਕਾਰ ਨੇ ਸ਼ਾਂਤੀ ਨਾਲ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਬਦਨਾਮ ਕਰਨ ਲਈ ਕੋਝੀਆਂ ਚਾਲਾਂ ਚੱਲੀਆਂ। ਕਿਸਾਨਾਂ ਨੂੰ ਰਾਜਨੀਤਿਕ ਪਾਰਟੀਆਂ ਦੇ ਏਜੰਟ, ਅੱਤਵਾਦੀ ਅਤੇ ਦੇਸ਼ ਵਿਰੋਧੀ ਵਜੋਂ ਪੇਸ਼ ਕੀਤਾ ਗਿਆ ਹੈ।

ਕਿਸਾਨ ਲੀਡਰਾਂ ਨੇ ਕਿਹਾ ਕਿ ਭਾਜਪਾ ਸਰਕਾਰ ਦੇ ਮੰਤਰੀਆਂ ਨੇ ਕਿਸਾਨ ਲੀਡਰਾਂ ਨਾਲ ਕਈ ਗੇੜ ਦੀ ਗੱਲਬਾਤ ਕਰਨ ਦਾ ਦਿਖਾਵਾ ਕੀਤਾ, ਪਰ ਉਨ੍ਹਾਂ ਨੇ ਕਿਸਾਨਾਂ ਦੀਆਂ ਗੱਲਾਂ ਨੂੰ ਧਿਆਨ ਨਾਲ ਨਹੀਂ ਸੁਣਿਆ। ਭਾਜਪਾ ਸਰਕਾਰ ਨੇ ਕਿਸਾਨਾਂ ‘ਤੇ ਹੰਝੂ ਗੈਸ ਦੇ ਗੋਲੇ, ਜਲ ਤੋਪਾਂ ਦਾ ਇਸਤੇਮਾਲ ਕੀਤਾ, ਲਾਠੀਚਾਰਜ ਕੀਤਾ, ਝੂਠੇ ਕੇਸ ਦਰਜ ਕੀਤੇ ਅਤੇ ਨਿਰਦੋਸ਼ ਕਿਸਾਨਾਂ ਨੂੰ ਗ੍ਰਿਫਤਾਰ ਕਰਵਾਇਆ ਹੈ। ਇਸ ਬੇਇੱਜ਼ਤੀ ਅਤੇ ਹਮਲਿਆਂ ਦੇ ਖਿਲਾਫ ਜਵਾਬ ਦੇਣ ਲਈ, ਅਸੀਂ ਹੁਣ ਤੁਹਾਡੀ ਮਦਦ ਦੀ ਮੰਗ ਕਰਦੇ ਹਾਂ। ਇਹ ਉਹ ਸਮਾਂ ਹੈ, ਜਦੋਂ ਅਸਾਮ, ਕੇਰਲ, ਪੁੱਡੂਚੇਰੀ, ਤਾਮਿਲਨਾਡੂ ਅਤੇ ਪੱਛਮੀ ਬੰਗਾਲ ਦੇ ਕਿਸਾਨ ਸੱਤਾ ਦੇ ਭੁੱਖੇ ਅਤੇ ਕਿਸਾਨ ਵਿਰੋਧੀ ਭਾਜਪਾ ਨੂੰ ਚੰਗਾ ਸਬਕ ਸਿਖਾ ਸਕਦੇ ਹਨ। ਭਾਜਪਾ ਵੋਟਾਂ, ਸੀਟਾਂ ਅਤੇ ਸੱਤਾ ਦੀ ਭਾਸ਼ਾ ਨੂੰ ਸਮਝਦੇ ਹਨ।