‘ਦ ਖ਼ਾਲਸ ਬਿਊਰੋ :- ਕਿਸਾਨੀ ਅੰਦੋਲਨ ‘ਚ 26 ਜਨਵਰੀ ਦੀ ਕਿਸਾਨ ਪਰੇਡ ਦੌਰਾਨ ਪੁਲਿਸ ਦੀ ਗੋਲੀ ਲੱਗਣ ਕਾਰਨ ਸ਼ਹੀਦ ਹੋਏ ਨੌਜਵਾਨ ਨਵਰੀਤ ਸਿੰਘ ਦੇ ਦਾਦਾ ਹਰਦੀਪ ਸਿੰਘ ਡਿਬਡਿਬਾ ਨੇ 25 ਮਾਰਚ ਤੋਂ ਪੰਜਾਬ ਅਤੇ ਹਰਿਆਣਾ ਤੋਂ ਵੱਡੇ ਮਾਰਚ ਦਾ ਐਲਾਨ ਕੀਤਾ ਹੈ। ਹਰਦੀਪ ਸਿੰਘ ਡਿਬਡਿਬਾ ਨੇ ਚੰਡੀਗੜ੍ਹ ਦੇ ਗੁਰੂ ਗ੍ਰੰਥ ਸਾਹਿਬ ਭਵਨ ਵਿੱਚ ਪ੍ਰੈੱਸ ਕਾਨਫਰੰਸ ਕਰਦਿਆਂ ਇਹ ਐਲਾਨ ਕੀਤਾ। ਡਿਬਡਿਬਾ ਨੇ ਪੰਜਾਬ ਅਤੇ ਹਰਿਆਣੇ ਦੇ ਨੌਜਵਾਨਾਂ ਨੂੰ ਕਿਸਾਨੀ ਸ਼ੰਘਰਸ਼ ਦੀ ਕਾਮਯਾਬੀ ਲਈ ਇਕਜੁੱਟ ਹੋਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਅੰਦੋਲਨ ਦੀ ਮਜ਼ਬੂਤੀ ਲਈ 25 ਮਾਰਚ ਨੂੰ ਪੰਜਾਬ ਅਤੇ ਹਰਿਆਣੇ ਦੇ ਕਿਸਾਨਾਂ ਦਾ ਮਹਾਂ ਕਾਫਲਾ ਸਿੰਘੂ ਮੋਰਚੇ ਵਿਖੇ ਪਹੁੰਚ ਕੇ ਨੌਜਵਾਨ ਕਿਸਾਨ ਮੋਰਚਾ ਇੱਕਜੁੱਟਤਾ ਦਾ ਸੁਨੇਹਾ ਦੇਵੇਗਾ।
ਉਹਨਾਂ ਨੇ ਪੰਜਾਬ ਅਤੇ ਹਰਿਆਣੇ ਦੇ ਨੌਜਵਾਨਾਂ ਦੇ ਨਾਂ ਸੁਨੇਹਾ ਦਿੰਦਿਆ ਕਿਹਾ ਕਿ ਨੌਜਵਾਨ ਅੱਜ ਤੋਂ ਹੀ ਆਪਣੇ ਇਲਾਕੇ ਵਿੱਚ ਇਸ ਇੱਕਜੁੱਟਤਾ ਮਾਰਚ ਲਈ ਲਾਮਬੰਦੀ ਸ਼ੁਰੂ ਕਰ ਦੇਣ ਅਤੇ 25 ਮਾਰਚ ਨੂੰ ਵੱਖ-ਵੱਖ ਕਾਫਲੇ ਗੁਰਦੁਆਰਾ ਮੰਜੀ ਸਾਹਿਬ, ਅੰਬਾਲਾ ਤੋਂ ਸਾਂਝੇ ਤੌਰ ‘ਤੇ ਕਿਸਾਨੀ ਸੰਘਰਸ਼ ਦੀ ਚੜ੍ਹਦੀਕਲਾ ਲਈ ਅਰਦਾਸ ਕਰਕੇ ਸਿੰਘੂ ਬਾਰਡਰ ਦੇ ਮੋਰਚੇ ਵੱਲ ਕੂਚ ਕਰਨਗੇ। ਹਰਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪੋਤਰੇ ਦੀ ਸ਼ਹਾਦਤ ਨਾਲ ਕਿਸਾਨੀ ਅੰਦੋਲਨ ਪ੍ਰਤੀ ਉਹਨਾਂ ਦੀ ਜਿੰਮੇਵਾਰੀ ਹੋਰ ਵੱਧ ਗਈ ਹੈ। ਨੌਜਵਾਨਾਂ ਦੀ ਉਤਸ਼ਾਹ ਭਰਪੂਰ ਸ਼ਮੂਲੀਅਤ ਮੌਜੂਦਾ ਕਿਸਾਨੀ ਅੰਦੋਲਨ ਦੀ ਮਜ਼ਬੂਤੀ ਦਾ ਆਧਾਰ ਹੈ ਅਤੇ ਉਹਨਾਂ ਨੂੰ ਵਿਸ਼ਵਾਸ਼ ਹੈ ਕਿ ਨੌਜਵਾਨ ਆਪਣੀ ਬਣਦੀ ਭੂਮਿਕਾ ਨਿਭਾਉਣ ਲਈ ਪਹਿਲਾਂ ਨਾਲੋਂ ਜ਼ਿਆਦਾ ਉਤਸ਼ਾਹ ਵਿਖਾਉਣਗੇ।