ਚੰਡੀਗੜ੍ਹ- ਕੇਂਦਰੀ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਜਨਤਕ ਹਿੱਤਾਂ ਲਈ ਕੋਵਿਡ-19 ਨਾਲ ਸਬੰਧਤ ਸਹੀ ਜਾਣਕਾਰੀ ਦੇ ਪਸਾਰ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਕੇਂਦਰੀ ਇਲੈੱਕਟ੍ਰੋਨਿਕਸ ਅਤੇ ਆਈ.ਟੀ. ਮੰਤਰਾਲੇ ਨੇ ਸ਼ੋਸਲ ਮੀਡੀਆ ਪਲੇਟਫਾਰਮਾਂ ਨੂੰ ਕੋਰੋਨਾਵਾਇਰਸ ਸਬੰਧੀ ਝੂਠੀਆਂ ਖਬਰਾਂ/ਗਲਤ ਸੂਚਨਾਵਾਂ ‘ਤੇ ਰੋਕ ਲਗਾਉਣ ਦੀ ਅਪੀਲ ਕੀਤੀ ਹੈ।
ਇਹ ਪਲੇਟਫਾਰਮ ਲਾਜ਼ਮੀ ਤੌਰ ‘ਤੇ ਆਪਣੇ ਉਪਭੋਗਤਾਵਾਂ ਨੂੰ ਜਨਤਕ ਵਿਵਸਥਾ ਨੂੰ ਖਰਾਬ ਕਰਨ ਅਤੇ ਕਿਸੇ ਵੀ ਤਰਾਂ ਦੀ ਗੈਰਕਾਨੂੰਨੀ ਜਾਣਕਾਰੀ ਨੂੰ ਪ੍ਰਦਰਸ਼ਿਤ, ਹੋਸਟ, ਅਪਲੋਡ, ਸੁਧਾਰਨ, ਪ੍ਰਕਾਸ਼ਿਤ, ਪ੍ਰਸਾਰਣ, ਅਪਡੇਟ ਜਾਂ ਸਾਂਝਾ ਨਾ ਕਰਨ ਸਬੰਧੀ ਸੂਚਿਤ ਕਰਨਗੇ।
ਮੰਤਰਾਲੇ ਨੇ ਵਿਚਕਾਰਲੀਆਂ ਧਿਰਾਂ ਨੂੰ ਜਿੱਥੇ ਤੱਕ ਹੋ ਸਕੇ ਕੋਰੋਨਾਵਾਇਰਸ ਨਾਲ ਜੁੜੀ ਪ੍ਰਮਾਣਿਕ ਜਾਣਕਾਰੀ ਦੇ ਪ੍ਰਸਾਰ ਨੂੰ ਉਤਸ਼ਾਹਿਤ ਕਰਨ ਅਤੇ ਨਾਲ ਹੀ ਉਪਭੋਗਤਾਵਾਂ ਨੂੰ ਕੋਵਿਡ-19 ਨਾਲ ਸਬੰਧਤ ਅਜਿਹੀ ਝੂਠੀ ਖਬਰ/ਗਲਤ ਜਾਣਕਾਰੀ, ਜਿਸ ਨਾਲ ਲੋਕਾਂ ਵਿੱਚ ਦਹਿਸ਼ਤ ਪੈਦਾ ਹੋਵੇ ਅਤੇ ਸਮਾਜਿਕ ਸ਼ਾਂਤੀ ਭੰਗ ਹੋਵੇ, ਨੂੰ ਅਪਲੋਡ/ਪ੍ਰਸਾਰਿਤ ਨਾ ਕਰਨ ਬਾਰੇ ਆਪਣੇ ਪਲੇਟਫਾਰਮਾਂ ‘ਤੇ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕਰਨ ਲਈ ਕਿਹਾ ਹੈ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਜਨਤਕ ਹਿੱਤਾਂ ਲਈ ਪਹਿਲ ਦੇ ਅਧਾਰ ‘ਤੇ ਆਪਣੇ ਪਲੇਟਫਾਰਮਾਂ ‘ਤੇ ਪਾਈ ਗਈ ਅਜਿਹੀ ਸਮੱਗਰੀ ਨੂੰ ਹਟਾਉਣ ਲਈ ਤੁਰੰਤ ਕਾਰਵਾਈ ਕਰਨ ਦੀ ਹਦਾਇਤ ਕੀਤੀ ਗਈ ਹੈ।
ਸਰਕਾਰੀ ਬੁਲਾਰੇ ਨੇ ਅੱਗੇ ਦੱਸਿਆ ਕਿ ਦਿੱਤੀ ਗਈ ਅਡਵਾਈਜ਼ਰੀ ਮੁਤਾਬਕ ਕੋਰੋਨਾਵਾਇਰਸ ਦਾ ਪ੍ਰਕੋਪ ਇੱਕ ਵਿਸ਼ਵਵਿਆਪੀ ਚਿੰਤਾ ਬਣ ਗਿਆ ਸੀ, ਜਿਸ ਨੂੰ ਵਿਸ਼ਵ ਸਿਹਤ ਸੰਗਠਨ ਨੇ ਵਿਸ਼ਵ ਸਿਹਤ ਸੰਕਟ ਐਲਾਨਿਆ ਹੈ। ਹਾਲਾਂਕਿ, ਰਿਪੋਰਟਾਂ ਅਨੁਸਾਰ ਗ਼ਲਤ ਜਾਣਕਾਰੀ / ਗਲਤ ਖ਼ਬਰਾਂ ਦਾ ਪ੍ਰਸਾਰ ਕਰਨ ਅਤੇ ਕੋਵਿਡ-19 ਨਾਲ ਜੁੜੇ ਗੁਪਟ ਡਾਟਾ ਨੂੰ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਵਿੱਚ ਸਾਂਝਾ ਕਰਨ ਦਾ ਰੁਝਾਨ ਹੈ ਜਿਸ ਨਾਲ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਰਿਹਾ ਹੈ।