India International Technology

ਸਿਰਫ਼ ਸਲਾਹ ਨਹੀਂ ਹੁਣ ਕੰਮ ਵੀ ਕਰੂ, ਕੀ ਹੁਣ ਮਾਪਿਆਂ ਦੀ ਥਾਂ ਲਊ AI ?

ਦੁਨੀਆ ਭਰ ਵਿੱਚ ਆਰਟੀਫੀਸ਼ਲ ਇੰਟੈਲੀਜੈਂਸ ਯਾਨੀ ਏਆਈ ਦੀ ਗੱਲ ਅਕਸਰ ਸੁਣੀ ਜਾਂਦੀ ਹੈ। ਲੋਕ ਕਹਿੰਦੇ ਹਨ ਕਿ ਏਆਈ ਲੋਕਾਂ ਦੀਆਂ ਨੌਕਰੀਆਂ ਖਤਮ ਕਰ ਰਿਹਾ ਹੈ, ਪਰ ਅਸਲ ਵਿੱਚ ਇਸ ਤੋਂ ਵੀ ਵੱਧ ਗੱਲ ਹੈ। ਏਆਈ ਹੁਣ ਰਿਸ਼ਤਿਆਂ ਦੀ ਥਾਂ ਵੀ ਲੈਣ ਲੱਗ ਪਿਆ ਹੈ। ਇਹ ਉਹ ਕੰਮ ਕਰ ਰਿਹਾ ਹੈ ਜੋ ਬੱਚਿਆਂ ਨੂੰ ਮਾਪਿਆਂ ਤੋਂ ਉਮੀਦ ਹੁੰਦੀ ਹੈ। ਫੇਸਬੁੱਕ ਅਤੇ ਇੰਸਟਾਗ੍ਰਾਮ ਦੀ ਪੇਰੈਂਟ ਕੰਪਨੀ ਮੈਟਾ ਦੇ ਸੀਈਓ ਮਾਰਕ ਜ਼ੁਕਰਬਰਗ ਦੇ ਅਨੁਸਾਰ ਏਆਈ ਏਜੰਟ ਬੱਚਿਆਂ ਲਈ ਉਹ ਸਭ ਕੁਝ ਕਰ ਸਕਦਾ ਹੈ ਜਿਸ ਦੀ ਉਮੀਦ ਹਰ ਬੱਚੇ ਨੂੰ ਆਪਣੇ ਮਾਪਿਆਂ ਤੋਂ ਹੁੰਦੀ ਹੈ। ਮਾਰਕ ਜ਼ੁਕਰਬਰਗ ਖੁਦ ਆਪਣੇ ਏਆਈ ਏਜੰਟ ਮਿਊਜ਼ ਦੀ ਵਰਤੋਂ ਦਫ਼ਤਰੀ ਕੰਮਾਂ ਲਈ ਨਹੀਂ ਸਗੋਂ ਪਰਿਵਾਰ ਦੀ ਦੇਖਭਾਲ ਲਈ ਕਰ ਰਹੇ ਹਨ। ਇਹ ਗੱਲ ਉਨ੍ਹਾਂ ਨੇ ਇੱਕ ਪੌਡਕਾਸਟ ਵਿੱਚ ਸਾਂਝੀ ਕੀਤੀ ਹੈ।

ਜੁਕਰਬਰਗ ਦੇ ਪਰਿਵਾਰ ਦਾ ਨਵਾਂ ਮੈਂਬਰ ਬਣਿਆ AI

ਮਾਰਕ ਜ਼ੁਕਰਬਰਗ ਦਾ ਮੰਨਣਾ ਹੈ ਕਿ ਤਕਨੀਕ ਦੀ ਅਸਲ ਸਫਲਤਾ ਉਦੋਂ ਹੁੰਦੀ ਹੈ ਜਦੋਂ ਇਹ ਇਨਸਾਨ ਨੂੰ ਹਰ ਵੇਲੇ ਰੁੱਝਿਆ ਰੱਖਣ ਦੀ ਬਜਾਏ ਇੱਕ ਬਿਹਤਰ ਪਿਤਾ, ਬਿਹਤਰ ਪਤੀ ਅਤੇ ਬਿਹਤਰ ਦੋਸਤ ਬਣਨ ਵਿੱਚ ਮਦਦ ਕਰਦੀ ਹੈ। ਸਾਲ 2026 ਦੀ ਸ਼ੁਰੂਆਤ ਵਿੱਚ ਉਨ੍ਹਾਂ ਨੇ ਇਸ ਏਆਈ ਏਜੰਟ ਨੂੰ ਪਹਿਲਾਂ ਕੰਪਨੀ ਦੇ ਕੰਮਕਾਜ ਲਈ ਤਿਆਰ ਕੀਤਾ ਸੀ, ਪਰ ਹੁਣ ਇਹ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੇ ਕੰਮ ਸੰਭਾਲ ਰਿਹਾ ਹੈ। ਜਦੋਂ ਉਹ ਮਿਊਜ਼ ਦੀ ਵਰਤੋਂ ਕਰਦੇ ਹਨ ਤਾਂ ਉਨ੍ਹਾਂ ਦੀ ਸਿਰਫ਼ ਇੱਕੋ ਖਾਹਿਸ਼ ਹੁੰਦੀ ਹੈ ਕਿ ਇਹ ਉਨ੍ਹਾਂ ਨੂੰ ਬਿਹਤਰ ਪਿਤਾ ਅਤੇ ਬਿਹਤਰ ਪਤੀ ਬਣਨ ਵਿੱਚ ਮਦਦ ਕਰੇ ਅਤੇ ਦੋਸਤਾਂ ਲਈ ਵੀ ਵਧੇਰੇ ਸਮਾਂ ਕੱਢਣ ਵਿੱਚ ਸਹਾਈ ਹੋਵੇ।

ਕਰਬਰਗ ਲਈ ਚਾਰ ਮਹੱਤਵਪੂਰਨ ਕੰਮ ਕਰਦਾ ਹੈ ਮਿਊਜ਼

ਮਿਊਜ਼ ਏਜੰਟ ਮਾਰਕ ਜ਼ੁਕਰਬਰਗ ਲਈ ਚਾਰ ਮਹੱਤਵਪੂਰਨ ਕੰਮ ਕਰਦਾ ਹੈ। ਪਹਿਲਾ ਕੰਮ ਉਨ੍ਹਾਂ ਦੀ ਤਿੰਨ ਸਾਲ ਦੀ ਧੀ ਨਾਲ ਸਬੰਧਤ ਹੈ। ਉਨ੍ਹਾਂ ਦੀ ਛੋਟੀ ਧੀ ਨੂੰ ਬੇਕਿੰਗ ਦਾ ਬਹੁਤ ਸ਼ੌਕ ਹੈ, ਪਰ ਖੁਦ ਜ਼ੁਕਰਬਰਗ ਨੂੰ ਬੇਕਿੰਗ ਬਾਰੇ ਜ਼ਿਆਦਾ ਗਿਆਨ ਨਹੀਂ ਹੈ। ਇਸ ਸਮੱਸਿਆ ਨੂੰ ਹੱਲ ਕਰਨ ਲਈ ਉਨ੍ਹਾਂ ਨੇ ਮਿਊਜ਼ ਨੂੰ ਹਰ ਐਤਵਾਰ ਲਈ ਇੱਕ ਆਸਾਨ ਬੇਕਿੰਗ ਪ੍ਰੋਜੈਕਟ ਲੱਭਣ ਦੀ ਜ਼ਿੰਮੇਵਾਰੀ ਦਿੱਤੀ ਹੈ। ਇਹ ਏਜੰਟ ਅਜਿਹੀਆਂ ਰੈਸਿਪੀਜ਼ ਚੁਣਦਾ ਹੈ ਜਿਨ੍ਹਾਂ ਨੂੰ ਪਿਤਾ ਅਤੇ ਧੀ ਮਿਲ ਕੇ ਆਸਾਨੀ ਨਾਲ ਤਿਆਰ ਕਰ ਸਕਣ। ਨਾ ਸਿਰਫ਼ ਇੰਨਾ, ਬਲਕਿ ਐਤਵਾਰ ਤੋਂ ਪਹਿਲਾਂ ਲੋੜੀਂਦੇ ਸਾਮਾਨ ਦੀ ਲਿਸਟ ਬਣਾਉਣਾ ਅਤੇ ਇੰਸਟਾਕਾਰਟ ਐਪ ਰਾਹੀਂ ਘਰ ਤੱਕ ਸਾਮਾਨ ਮੰਗਵਾਉਣਾ ਵੀ ਇਹ ਏਜੰਟ ਕੁਝ ਪਲਾਂ ਵਿੱਚ ਕਰ ਦਿੰਦਾ ਹੈ। ਇਸ ਤਰ੍ਹਾਂ ਪਿਤਾ ਅਤੇ ਧੀ ਇਕੱਠੇ ਸਮਾਂ ਬਿਤਾਉਂਦੇ ਹਨ ਅਤੇ ਬੇਕਿੰਗ ਦਾ ਆਨੰਦ ਲੈਂਦੇ ਹਨ।

ਦੂਜਾ ਮਹੱਤਵਪੂਰਨ ਕੰਮ

ਦੂਜਾ ਮਹੱਤਵਪੂਰਨ ਕੰਮ ਉਨ੍ਹਾਂ ਦੀ ਵੱਡੀ ਧੀ ਨਾਲ ਪਹਾੜਾਂ ਉੱਤੇ ਚੜ੍ਹਾਈ ਅਤੇ ਟ੍ਰੈਕਿੰਗ ਨਾਲ ਜੁੜਿਆ ਹੈ। ਕਈ ਪਹਾੜੀ ਇਲਾਕਿਆਂ ਵਿੱਚ ਟ੍ਰੈਕਿੰਗ ਜਾਂ ਚੜ੍ਹਾਈ ਲਈ ਵਿਸ਼ੇਸ਼ ਪਰਮਿਟ ਦੀ ਲੋੜ ਹੁੰਦੀ ਹੈ, ਜੋ ਆਨਲਾਈਨ ਸਿਰਫ਼ ਥੋੜ੍ਹੇ ਸਮੇਂ ਲਈ ਉਪਲਬਧ ਹੁੰਦੇ ਹਨ। ਜ਼ੁਕਰਬਰਗ ਨੇ ਮਿਊਜ਼ ਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ ਕਿ ਉਹ ਅਜਿਹੀਆਂ ਵੈੱਬਸਾਈਟਾਂ ਉੱਤੇ ਲਗਾਤਾਰ ਨਜ਼ਰ ਰੱਖੇ ਅਤੇ ਜਿਵੇਂ ਹੀ ਪਰਮਿਟ ਉਪਲਬਧ ਹੋਣ, ਫੌਰੀ ਬੁਕਿੰਗ ਕਰ ਦੇਵੇ। ਜਦੋਂ ਏਜੰਟ ਪਰਮਿਟ ਬੁੱਕ ਕਰ ਲੈਂਦਾ ਹੈ ਤਾਂ ਜ਼ੁਕਰਬਰਗ ਉਸ ਦਿਨ ਦਫ਼ਤਰ ਤੋਂ ਛੁੱਟੀ ਲੈਣ ਦੀ ਯੋਜਨਾ ਬਣਾਉਂਦੇ ਹਨ ਅਤੇ ਆਪਣੀ ਧੀ ਨਾਲ ਟ੍ਰੈਕਿੰਗ ਲਈ ਨਿਕਲ ਜਾਂਦੇ ਹਨ। ਇਸ ਤਰ੍ਹਾਂ ਏਆਈ ਉਨ੍ਹਾਂ ਨੂੰ ਪਰਿਵਾਰਕ ਸਮਾਂ ਬਿਤਾਉਣ ਵਿੱਚ ਸਿੱਧੀ ਮਦਦ ਕਰਦਾ ਹੈ।ਤੀਜਾ ਕੰਮ ਫਿਟਨੈੱਸ ਨਾਲ ਜੁੜਿਆ ਹੈ। ਮਾਰਕ ਜ਼ੁਕਰਬਰਗ ਆਪਣੀ ਮਿਕਸਡ ਮਾਰਸ਼ਲ ਆਰਟਸ ਜਿਮ ਵਿੱਚ ਕੈਮਰੇ ਲਗਵਾਏ ਹੋਏ ਹਨ ਤਾਂ ਜੋ ਮਿਊਜ਼ ਏਜੰਟ ਉਨ੍ਹਾਂ ਦੀਆਂ ਵਰਕਆਊਟ ਵੀਡੀਓਜ਼ ਵੇਖ ਕੇ ਤਕਨੀਕ ਅਤੇ ਸਟੈਮਿਨਾ ਦਾ ਵਿਸ਼ਲੇਸ਼ਣ ਕਰ ਸਕੇ। ਏਜੰਟ ਕਈ ਵਾਰ ਬਹੁਤ ਸਖ਼ਤ ਅਤੇ ਸਿੱਧੇ ਸ਼ਬਦਾਂ ਵਿੱਚ ਫੀਡਬੈਕ ਦਿੰਦਾ ਹੈ। ਇੱਕ ਵਾਰ ਟ੍ਰੇਨਿੰਗ ਦੌਰਾਨ ਜਦੋਂ ਉਹ ਜ਼ਿਆਦਾ ਥੱਕ ਗਏ ਸਨ ਤਾਂ ਏਆਈ ਨੇ ਵੀਡੀਓ ਵੇਖ ਕੇ ਕਿਹਾ ਸੀ ਕਿ ਅਜਿਹਾ ਲੱਗਦਾ ਹੈ ਜਿਵੇਂ ਤੁਸੀਂ ਸੱਚਮੁੱਚ ਹਾਰ ਮੰਨ ਲਈ ਹੋਵੇ। ਇਸ ਤਰ੍ਹਾਂ ਏਜੰਟ ਨਾ ਸਿਰਫ਼ ਪਰਿਵਾਰਕ ਕੰਮ ਸੰਭਾਲਦਾ ਹੈ ਬਲਕਿ ਨਿੱਜੀ ਸਿਹਤ ਅਤੇ ਫਿਟਨੈੱਸ ਉੱਤੇ ਵੀ ਨਜ਼ਰ ਰੱਖਦਾ ਹੈ।

ਏਆਈ ਚੈਟਬੋਟ ਸਿਰਫ਼ ਯੂਜ਼ਰ ਵੱਲੋਂ ਪੁੱਛੇ ਗਏ ਸਵਾਲਾਂ ਜਾਂ ਦਿੱਤੇ ਗਏ ਨਿਰਦੇਸ਼ਾਂ ਦਾ ਜਵਾਬ ਦਿੰਦਾ ਹੈ।

ਬਹੁਤ ਸਾਰੇ ਲੋਕ ਏਆਈ ਚੈਟਬੋਟ ਅਤੇ ਏਆਈ ਏਜੰਟ ਨੂੰ ਇੱਕੋ ਚੀਜ਼ ਸਮਝਦੇ ਹਨ, ਪਰ ਦੋਵੇਂ ਵੱਖ-ਵੱਖ ਹਨ। ਏਆਈ ਚੈਟਬੋਟ ਸਿਰਫ਼ ਯੂਜ਼ਰ ਵੱਲੋਂ ਪੁੱਛੇ ਗਏ ਸਵਾਲਾਂ ਜਾਂ ਦਿੱਤੇ ਗਏ ਨਿਰਦੇਸ਼ਾਂ ਦਾ ਜਵਾਬ ਦਿੰਦਾ ਹੈ। ਉਦਾਹਰਨ ਵਜੋਂ ਜੇ ਤੁਸੀਂ ਪੁੱਛੋ ਕਿ ਦਿੱਲੀ ਤੋਂ ਨਿਊਯਾਰਕ ਜਾਣ ਲਈ ਸਭ ਤੋਂ ਸਸਤੀ ਫਲਾਈਟ ਕਿਹੜੀ ਹੈ ਤਾਂ ਚੈਟਬੋਟ ਤੁਹਾਨੂੰ ਫਲਾਈਟਾਂ ਦੇ ਵਿਕਲਪ ਅਤੇ ਕੀਮਤਾਂ ਦੱਸ ਦੇਵੇਗਾ। ਉਸ ਤੋਂ ਬਾਅਦ ਚੋਣ ਅਤੇ ਬੁਕਿੰਗ ਤੁਹਾਨੂੰ ਖੁਦ ਕਰਨੀ ਪਵੇਗੀ। ਇਸ ਉਲਟ ਏਆਈ ਏਜੰਟ ਸਿਰਫ਼ ਜਾਣਕਾਰੀ ਨਹੀਂ ਦਿੰਦਾ ਬਲਕਿ ਯੂਜ਼ਰ ਵੱਲੋਂ ਕੰਮ ਵੀ ਕਰ ਸਕਦਾ ਹੈ। ਜੇ ਤੁਸੀਂ ਕਹੋ ਕਿ ਮੇਰੇ ਲਈ ਨਿਊਯਾਰਕ ਦੀ ਫਲਾਈਟ ਬੁੱਕ ਕਰੋ ਤਾਂ ਏਜੰਟ ਫਲਾਈਟਾਂ ਦੇਖ ਸਕਦਾ ਹੈ, ਵੈੱਬਸਾਈਟ ਖੋਲ੍ਹ ਸਕਦਾ ਹੈ, ਫਾਰਮ ਭਰ ਸਕਦਾ ਹੈ ਅਤੇ ਬੁਕਿੰਗ ਦੀ ਪ੍ਰਕਿਰਿਆ ਅੱਗੇ ਵਧਾ ਸਕਦਾ ਹੈ। ਸੰਵੇਦਨਸ਼ੀਲ ਕੰਮਾਂ ਤੋਂ ਪਹਿਲਾਂ ਇਹ ਯੂਜ਼ਰ ਦੀ ਮਨਜ਼ੂਰੀ ਵੀ ਲੈ ਸਕਦਾ ਹੈ।

ਮਾਰਕ ਜ਼ੁਕਰਬਰਗ ਦਾ ਮਿਊਜ਼ ਵੀ ਇੱਕ ਅਜਿਹਾ ਹੀ ਏਆਈ ਏਜੰਟ ਹੈ। ਇਹ ਈਮੇਲ ਭੇਜਣ, ਯਾਤਰਾ ਦੀ ਬੁਕਿੰਗ, ਆਨਲਾਈਨ ਖਰੀਦਦਾਰੀ ਅਤੇ ਫਾਰਮ ਭਰਨ ਵਰਗੇ ਡਿਜੀਟਲ ਕੰਮ ਕਰ ਸਕਦਾ ਹੈ। ਇਸ ਨੂੰ ਕੰਮ ਕਰਨ ਦੀ ਇਜਾਜ਼ਤ ਦੇਣ ਲਈ ਈਮੇਲ, ਕੈਲੰਡਰ ਅਤੇ ਆਨਲਾਈਨ ਖਰੀਦਦਾਰੀ ਵਰਗੀਆਂ ਸੇਵਾਵਾਂ ਨਾਲ ਜੋੜਿਆ ਜਾ ਸਕਦਾ ਹੈ। ਯੂਜ਼ਰ ਖੁਦ ਫੈਸਲਾ ਕਰਦਾ ਹੈ ਕਿ ਕਿਸ ਐਪ ਨੂੰ ਕਿੰਨੀ ਪਹੁੰਚ ਦੇਣੀ ਹੈ। ਇਸ ਲਈ ਮੈਟਾ ਨੇ ਮਿਊਜ਼ ਸਿਕਿਓਰ ਵੀਐਮ ਤਿਆਰ ਕੀਤਾ ਹੈ। ਵੀਐਮ ਦਾ ਮਤਲਬ ਹੈ ਵਰਚੁਅਲ ਮਸ਼ੀਨ, ਜੋ ਕਲਾਊਡ ਉੱਤੇ ਚੱਲਣ ਵਾਲਾ ਇੱਕ ਵੱਖਰਾ ਕੰਪਿਊਟਰ ਸਿਸਟਮ ਹੁੰਦਾ ਹੈ। ਇਸ ਵਿੱਚ ਯੂਜ਼ਰ ਦਾ ਡਾਟਾ ਅਤੇ ਜੁੜੀਆਂ ਸੇਵਾਵਾਂ ਦੇ ਲੌਗਇਨ ਵੇਰਵੇ ਸੁਰੱਖਿਅਤ ਰੱਖੇ ਜਾਂਦੇ ਹਨ।

ਮਿਊਜ਼ ਦੇ ਨਾਲ ਸੈਂਟੀਨਲ ਨਾਂ ਦਾ ਇੱਕ ਵੱਖਰਾ ਏਜੰਟ ਵੀ ਕੰਮ ਕਰਦਾ ਹੈ। ਮਿਊਜ਼ ਇੰਟਰਨੈੱਟ ਉੱਤੇ ਕੋਈ ਵੀ ਕਾਰਵਾਈ ਉਦੋਂ ਹੀ ਕਰ ਸਕਦਾ ਹੈ ਜਦੋਂ ਸੈਂਟੀਨਲ ਉਸ ਨੂੰ ਮਨਜ਼ੂਰੀ ਦੇਵੇ। ਈਮੇਲ ਭੇਜਣ ਜਾਂ ਆਨਲਾਈਨ ਖਰੀਦਦਾਰੀ ਵਰਗੇ ਸੰਵੇਦਨਸ਼ੀਲ ਕੰਮਾਂ ਤੋਂ ਪਹਿਲਾਂ ਯੂਜ਼ਰ ਤੋਂ ਵੀ ਇਜਾਜ਼ਤ ਲਈ ਜਾ ਸਕਦੀ ਹੈ। ਬਹੁਤ ਲੋਕ ਇਹ ਸਵਾਲ ਪੁੱਛਦੇ ਹਨ ਕਿ ਕੀ ਮਿਊਜ਼ ਨੂੰ ਪਾਸਵਰਡ ਅਤੇ ਕਾਰਡ ਦੀ ਜਾਣਕਾਰੀ ਵਿਖਾਈ ਦਿੰਦੀ ਹੈ। ਮੈਟਾ ਦੇ ਅਨੁਸਾਰ ਅਜਿਹਾ ਬਿਲਕੁਲ ਨਹੀਂ ਹੈ। ਯੂਜ਼ਰ ਦੇ ਪਾਸਵਰਡ ਅਤੇ ਪੇਮੈਂਟ ਨਾਲ ਜੁੜੇ ਵੇਰਵੇ ਸੁਰੱਖਿਅਤ ਸਟੋਰੇਜ ਵਿੱਚ ਰੱਖੇ ਜਾਂਦੇ ਹਨ। ਮਿਊਜ਼ ਇਨ੍ਹਾਂ ਦੀ ਵਰਤੋਂ ਤਾਂ ਕਰ ਸਕਦਾ ਹੈ ਪਰ ਉਸ ਨੂੰ ਇਹ ਜਾਣਕਾਰੀ ਵਿਖਾਈ ਨਹੀਂ ਦਿੰਦੀ। ਇਸ ਤੋਂ ਇਲਾਵਾ ਯੂਜ਼ਰ ਮਿਊਜ਼ ਵੱਲੋਂ ਕੀਤੇ ਗਏ ਕੰਮਾਂ ਅਤੇ ਅੱਗੇ ਕੀਤੀਆਂ ਜਾਣ ਵਾਲੀਆਂ ਕਾਰਵਾਈਆਂ ਦਾ ਪੂਰਾ ਰਿਕਾਰਡ ਵੀ ਦੇਖ ਸਕਦਾ ਹੈ।

ਮਿਊਜ਼ ਏਜੰਟ ਮਾਰਕ ਜ਼ੁਕਰਬਰਗ ਦੇ ਉਸ ਵਿਜ਼ਨ ਦਾ ਹਿੱਸਾ ਹੈ ਜਿਸ ਤਹਿਤ ਉਹ ਏਆਈ ਸੁਪਰਇੰਟੈਲੀਜੈਂਸ ਨੂੰ ਹਰ ਵਿਅਕਤੀ ਤੱਕ ਪਹੁੰਚਾਉਣਾ ਚਾਹੁੰਦੇ ਹਨ। ਉਨ੍ਹਾਂ ਨੇ ਪਿਛਲੇ ਮਹੀਨੇ ਆਨਲਾਈਨ ਪ੍ਰਕਾਸ਼ਿਤ ਲਗਭਗ ਛੇ ਹਜ਼ਾਰ ਪੰਜ ਸੌ ਸ਼ਬਦਾਂ ਦੇ ਇੱਕ ਲੇਖ ਵਿੱਚ ਆਪਣਾ ਇਹ ਵਿਜ਼ਨ ਸਾਂਝਾ ਕੀਤਾ ਸੀ। ਆਲੋਚਕਾਂ ਨੇ ਇਸ ਦਸਤਾਵੇਜ਼ ਨੂੰ ਕਾਫ਼ੀ ਹੱਦ ਤੱਕ ਕਲਪਨਾਵਾਂ ਉੱਤੇ ਆਧਾਰਿਤ ਦੱਸਿਆ ਹੈ। ਫਿਰ ਵੀ ਜ਼ੁਕਰਬਰਗ ਦਾ ਕਹਿਣਾ ਹੈ ਕਿ ਮੈਟਾ ਅਜਿਹੇ ਦੌਰ ਵੱਲ ਵਧ ਰਹੀ ਹੈ ਜਿੱਥੇ ਹਰ ਵਿਅਕਤੀ ਕੋਲ ਨਵੇਂ ਕਾਰੋਬਾਰ ਸ਼ੁਰੂ ਕਰਨ, ਪੀਐੱਚਡੀ ਪੱਧਰ ਦੀ ਪੜ੍ਹਾਈ ਵਿੱਚ ਮਦਦ ਲੈਣ ਅਤੇ ਆਪਣੀਆਂ ਲੋੜਾਂ ਮੁਤਾਬਕ ਜੀਵਨਸ਼ੈਲੀ ਨਾਲ ਜੁੜੀ ਸਲਾਹ ਹਾਸਲ ਕਰਨ ਲਈ ਏਆਈ ਟੂਲ ਹੋਣਗੇ।

ਉਨ੍ਹਾਂ ਨੇ ਲਿਖਿਆ ਹੈ ਕਿ ਆਉਣ ਵਾਲੇ ਸਮੇਂ ਵਿੱਚ ਹਰ ਵਿਅਕਤੀ ਕੋਲ ਇੱਕ ਅਜਿਹਾ ਨਿੱਜੀ ਏਆਈ ਏਜੰਟ ਹੋਵੇਗਾ ਜੋ ਉਸ ਦੇ ਟੀਚਿਆਂ ਅਤੇ ਲੋੜਾਂ ਨੂੰ ਸਮਝੇਗਾ। ਇਹ ਏਜੰਟ ਰਿਸ਼ਤਿਆਂ, ਸਿਹਤ, ਕਰੀਅਰ, ਪੈਸੇ, ਘਰ ਦੇ ਕੰਮਾਂ ਅਤੇ ਸ਼ੌਕ ਵਰਗੇ ਮਾਮਲਿਆਂ ਵਿੱਚ ਮਦਦ ਕਰਨ ਲਈ ਚੌਵੀ ਘੰਟੇ ਕੰਮ ਕਰ ਸਕੇਗਾ। ਅਜਿਹਾ ਏਜੰਟ ਲੋਕਾਂ ਦੇ ਕਈ ਜ਼ਰੂਰੀ ਕੰਮ ਆਪਣੇ ਜ਼ਿੰਮੇ ਲੈ ਕੇ ਉਨ੍ਹਾਂ ਦਾ ਸਮਾਂ ਬਚਾਏਗਾ। ਇਸ ਨਾਲ ਲੋਕ ਉਨ੍ਹਾਂ ਕੰਮਾਂ ਲਈ ਵਧੇਰੇ ਸਮਾਂ ਕੱਢ ਸਕਣਗੇ ਜਿਨ੍ਹਾਂ ਨੂੰ ਕਰਨਾ ਉਹ ਪਸੰਦ ਕਰਦੇ ਹਨ। ਨਾਲ ਹੀ ਉਹ ਆਪਣੇ ਉਨ੍ਹਾਂ ਟੀਚਿਆਂ ਨੂੰ ਵੀ ਹਾਸਲ ਕਰ ਸਕਣਗੇ ਜਿਨ੍ਹਾਂ ਨੂੰ ਇਕੱਲਿਆਂ ਪੂਰਾ ਕਰਨਾ ਮੁਸ਼ਕਲ ਹੁੰਦਾ ਹੈ।

ਇਸ ਤਰ੍ਹਾਂ ਏਆਈ ਏਜੰਟ ਸਿਰਫ਼ ਇੱਕ ਟੂਲ ਨਹੀਂ ਬਲਕਿ ਇੱਕ ਅਜਿਹਾ ਸਾਥੀ ਬਣ ਰਿਹਾ ਹੈ ਜੋ ਇਨਸਾਨੀ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰ ਸਕਦਾ ਹੈ। ਮਾਰਕ ਜ਼ੁਕਰਬਰਗ ਦੀ ਉਦਾਹਰਨ ਤੋਂ ਸਾਫ਼ ਪਤਾ ਚੱਲਦਾ ਹੈ ਕਿ ਜੇ ਏਆਈ ਨੂੰ ਸਹੀ ਢੰਗ ਨਾਲ ਵਰਤਿਆ ਜਾਵੇ ਤਾਂ ਇਹ ਪਰਿਵਾਰਕ ਜੀਵਨ ਨੂੰ ਬਿਹਤਰ ਬਣਾ ਸਕਦਾ ਹੈ। ਬੇਕਿੰਗ ਦੇ ਛੋਟੇ ਪ੍ਰੋਜੈਕਟਾਂ ਤੋਂ ਲੈ ਕੇ ਪਹਾੜੀ ਯਾਤਰਾਵਾਂ ਦੀ ਬੁਕਿੰਗ ਅਤੇ ਫਿਟਨੈੱਸ ਦੀ ਨਿਗਰਾਨੀ ਤੱਕ, ਮਿਊਜ਼ ਏਜੰਟ ਉਨ੍ਹਾਂ ਦੀ ਰੋਜ਼ਾਨਾ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ।