India

ਲਗਾਤਾਰ 5 ਦਿਨ ਬੰਦ ਰਹਿਣਗੀਆਂ ਬੈਂਕਾਂ, ਬੈਂਕ ਯੂਨੀਅਨਾਂ ਵੱਲੋਂ 3 ਦਿਨਾਂ ਦੀ ਦੇਸ਼ ਵਿਆਪੀ ਹੜਤਾਲ ਦਾ ਸੱਦਾ

ਬੈਂਕ ਯੂਨੀਅਨਾਂ ਵੱਲੋਂ ਹਫ਼ਤੇ ਵਿੱਚ ਪੰਜ ਦਿਨ ਕੰਮ (5-day workweek) ਅਤੇ ਪਰਫਾਰਮੈਂਸ ਲਿੰਕਡ ਇਨਸੈਂਟਿਵ (PLI) ਸਕੀਮ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਤਿੰਨ ਦਿਨਾਂ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ। ਇਸ ਮੱਦੇਨਜ਼ਰ ਸਟੇਟ ਬੈਂਕ ਆਫ਼ ਇੰਡੀਆ (SBI) ਅਤੇ ਇੰਡੀਅਨ ਬੈਂਕ ਸਮੇਤ ਕਈ ਸਰਕਾਰੀ ਬੈਂਕਾਂ ਨੇ ਗਾਹਕਾਂ ਨੂੰ ਐਡਵਾਈਜ਼ਰੀ ਜਾਰੀ ਕਰਕੇ ਬਿਨਾਂ ਪਰੇਸ਼ਾਨੀ ਤੋਂ ਬੈਂਕਿੰਗ ਸੇਵਾਵਾਂ ਲਈ ਪਹਿਲਾਂ ਹੀ ਪ੍ਰਬੰਧ ਕਰਨ ਦੀ ਸਲਾਹ ਦਿੱਤੀ ਹੈ।

26 ਸਤੰਬਰ ਨੂੰ ਮਹੀਨੇ ਦਾ ਚੌਥਾ ਸ਼ਨੀਵਾਰ ਹੋਣ ਕਾਰਨ ਬੈਂਕ ਛੁੱਟੀ ਹੈ ਅਤੇ 27 ਸਤੰਬਰ ਐਤਵਾਰ ਹੈ, ਜਿਸ ਕਰਕੇ ਲਗਾਤਾਰ ਪੰਜ ਦਿਨ ਫਿਜ਼ੀਕਲ ਬੈਂਕਿੰਗ ਕੰਮਕਾਜ ਠੱਪ ਰਹੇਗਾ। SBI ਨੇ ਗਾਹਕਾਂ ਨੂੰ ਕਿਹਾ ਹੈ ਕਿ ਬੈਂਕ ਕਰਮਚਾਰੀਆਂ ਦੀਆਂ ਕੁੱਝ ਯੂਨੀਅਨਾਂ ਨੇ 28 ਤੋਂ 30 ਸਤੰਬਰ ਤੱਕ ਤਿੰਨ ਦਿਨਾਂ ਹੜਤਾਲ ਦਾ ਸੱਦਾ ਦਿੱਤਾ ਹੈ। ਇਸ ਲਈ ਜ਼ਰੂਰੀ ਲੈਣ-ਦੇਣ ਸਮੇਂ ਤੋਂ ਪਹਿਲਾਂ ਨਿਪਟਾ ਲਓ ਅਤੇ ATM, ADWM, CSPs, YONO, ਇੰਟਰਨੈੱਟ/ਮੋਬਾਈਲ ਬੈਂਕਿੰਗ, UPI ਅਤੇ ਹੋਰ ਡਿਜੀਟਲ ਮਾਧਿਅਮਾਂ ਦੀ ਵਰਤੋਂ ਕਰੋ। ਇੰਡੀਅਨ ਬੈਂਕ, ਪੰਜਾਬ ਨੈਸ਼ਨਲ ਬੈਂਕ ਅਤੇ ਯੂਨੀਅਨ ਬੈਂਕ ਆਫ਼ ਇੰਡੀਆ ਨੇ ਵੀ ਇਸੇ ਤਰ੍ਹਾਂ ਦੀਆਂ ਸਾਵਧਾਨੀਆਂ ਜਾਰੀ ਕੀਤੀਆਂ ਹਨ।

ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ (UFBU) ਵੱਲੋਂ ਦਿੱਤੇ ਇਸ ਦੇਸ਼ ਵਿਆਪੀ ਹੜਤਾਲ ਸੱਦੇ ਨੂੰ ਖੇਤਰੀ ਗ੍ਰਾਮੀਣ ਬੈਂਕਾਂ ਦਾ ਵੀ ਸਮਰਥਨ ਹੈ। ਇਹ ਹੜਤਾਲ 30 ਸਤੰਬਰ ਨੂੰ ਖਾਤਿਆਂ ਦੀ ਛਮਾਹੀ ਕਲੋਜ਼ਿੰਗ (Half-Yearly Closing) ਨਾਲ ਮੇਲ ਖਾਂਦੀ ਹੈ, ਜਿਸ ਕਾਰਨ ਖਜ਼ਾਨਾ ਸੰਚਾਲਨ, ਚੈੱਕ ਕਲੀਅਰਿੰਗ ਅਤੇ ਕਾਰਪੋਰੇਟ ਲੈਣ-ਦੇਣ ਵਿੱਚ ਵੱਡੀ ਰੁਕਾਵਟ ਆ ਸਕਦੀ ਹੈ। ਇਸ ਤੋਂ ਪਹਿਲਾਂ 11 ਸਤੰਬਰ ਨੂੰ ਵੀ ਇੱਕ ਦਿਨਾਂ ਹੜਤਾਲ ਹੋਈ ਸੀ।

ਬੈਂਕ ਅਧਿਕਾਰੀਆਂ ਅਨੁਸਾਰ ਹੜਤਾਲ ਦੌਰਾਨ ਇੰਟਰਨੈੱਟ ਬੈਂਕਿੰਗ, ਮੋਬਾਈਲ ਐਪਸ ਅਤੇ UPI ਸੇਵਾਵਾਂ ਆਮ ਵਾਂਗ ਚੱਲਦੀਆਂ ਰਹਿਣਗੀਆਂ। ਯੂਨੀਅਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ 26 ਅਕਤੂਬਰ ਤੋਂ ਅਣਮਿੱਥੇ ਸਮੇਂ ਲਈ ਦੇਸ਼ ਭਰ ਵਿੱਚ ਹੜਤਾਲ ਸ਼ੁਰੂ ਕੀਤੀ ਜਾਵੇਗੀ। ਗਾਹਕਾਂ ਨੂੰ 25 ਸਤੰਬਰ ਤੱਕ ਆਪਣੇ ਜ਼ਰੂਰੀ ਕੰਮ ਪੂਰੇ ਕਰ ਲੈਣ ਦੀ ਸਲਾਹ ਦਿੱਤੀ ਗਈ ਹੈ।