ਪੰਜਾਬ ਤੋਂ ਸਟੱਡੀ ਵੀਜ਼ਾ ’ਤੇ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਲਈ ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਡਿਪਾਰਟਮੈਂਟ (IRCC) ਨੇ ਨਵੇਂ ਨਿਯਮ ਲਾਗੂ ਕੀਤੇ ਹਨ। ਅਧਿਕਾਰਤ ਵੈੱਬਸਾਈਟ ’ਤੇ ਇੱਕ ਦਿਨ ਪਹਿਲਾਂ ਇਹ ਅਪਡੇਟ ਜਾਰੀ ਕੀਤੀ ਗਈ ਹੈ। ਹੁਣ ਪੜ੍ਹਾਈ ਲਈ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਨੂੰ ਰਹਿਣ-ਖਾਣੇ ਸਮੇਤ ਹੋਰ ਖਰਚਿਆਂ ਦੀ ਪੂਰਤੀ ਲਈ ਬੈਂਕ ਬੈਲੈਂਸ ਵਜੋਂ ਲਗਭਗ 17 ਲੱਖ ਰੁਪਏ ਦਿਖਾਉਣੇ ਹੋਣਗੇ।
ਮਹਿੰਗਾਈ ਦੇ ਚੱਲਦਿਆਂ ਕੈਨੇਡਾ ਸਰਕਾਰ ਨੇ ਵਧਾਇਆ ਬਜਟ
ਕੈਨੇਡਾ ਸਰਕਾਰ ਦਾ ਕਹਿਣਾ ਹੈ ਕਿ ਦੇਸ਼ ਵਿੱਚ ਵੱਧ ਰਹੀ ਮਹਿੰਗਾਈ ਕਾਰਨ ਇਹ ਫੈਸਲਾ ਲਿਆ ਗਿਆ ਹੈ। ਪਹਿਲਾਂ ਸਟੱਡੀ ਵੀਜ਼ਾ ਲਈ ਸਾਲਾਨਾ ਲਗਭਗ 15 ਲੱਖ ਰੁਪਏ ਦਾ ਬੈਂਕ ਬੈਲੈਂਸ ਦਿਖਾਉਣਾ ਜ਼ਰੂਰੀ ਸੀ। ਹੁਣ ਇਹ ਰਕਮ ਵਧਾ ਦਿੱਤੀ ਗਈ ਹੈ। IRCC ਅਨੁਸਾਰ, 31 ਅਗਸਤ ਤੱਕ ਅਪਲਾਈ ਕਰ ਚੁੱਕੇ ਵਿਦਿਆਰਥੀਆਂ ’ਤੇ ਨਵੇਂ ਨਿਯਮ ਲਾਗੂ ਨਹੀਂ ਹੋਣਗੇ। 1 ਸਤੰਬਰ 2026 ਤੋਂ ਬਾਅਦ ਅਪਲਾਈ ਕਰਨ ਵਾਲਿਆਂ ਲਈ ਇਹ ਨਵੇਂ ਨਿਯਮ ਲਾਗੂ ਹੋ ਜਾਣਗੇ। ਇਸ ਨਾਲ ਉਨ੍ਹਾਂ ਨੂੰ ਪਹਿਲਾਂ ਨਾਲੋਂ ਲਗਭਗ 2 ਲੱਖ ਰੁਪਏ ਵੱਧ ਬੈਂਕ ਬੈਲੈਂਸ ਦਿਖਾਉਣਾ ਪਵੇਗਾ।
ਕੈਨੇਡਾ ਸਰਕਾਰ ਦੀ ਅਧਿਕਾਰਤ ਵੈੱਬਸਾਈਟ ’ਤੇ ਜਾਰੀ ਨੋਟੀਫਿਕੇਸ਼ਨ ਮੁਤਾਬਕ ਸਿੰਗਲ ਐਪਲੀਕੈਂਟ ਯਾਨੀ ਇਕੱਲੇ ਜਾਣ ਵਾਲੇ ਵਿਦਿਆਰਥੀ ਨੂੰ ਲਿਵਿੰਗ ਐਕਸਪੈਂਸ ਲਈ ਘੱਟੋ-ਘੱਟ 23,448 ਕੈਨੇਡੀਅਨ ਡਾਲਰ ਦਿਖਾਉਣੇ ਲਾਜ਼ਮੀ ਹੋਣਗੇ। ਭਾਰਤੀ ਮੁਦਰਾ ਵਿੱਚ ਇਹ ਰਕਮ ਲਗਭਗ 17 ਲੱਖ ਰੁਪਏ ਬਣਦੀ ਹੈ। ਇਸ ਰਕਮ ਵਿੱਚ ਕਾਲਜ ਦੀ ਟਿਊਸ਼ਨ ਫੀਸ ਅਤੇ ਭਾਰਤ ਤੋਂ ਕੈਨੇਡਾ ਜਾਣ-ਆਉਣ ਦਾ ਯਾਤਰਾ ਖਰਚ ਸ਼ਾਮਲ ਨਹੀਂ ਹੈ। ਟਿਊਸ਼ਨ ਫੀਸ ਅਤੇ ਟ੍ਰੈਵਲ ਖਰਚ ਇਸ ਤੋਂ ਵੱਖਰੇ ਰਹਿਣਗੇ।
ਪਰਿਵਾਰ ਦੇ 4 ਮੈਂਬਰਾਂ ਨਾਲ ਦਿਖਾਉਣੇ ਹੋਣਗੇ 30 ਲੱਖ
ਜੇਕਰ ਵਿਦਿਆਰਥੀ ਨਾਲ ਉਸਦੇ ਪਰਿਵਾਰਕ ਮੈਂਬਰ ਵੀ ਜਾਂਦੇ ਹਨ ਤਾਂ ਫੰਡ ਦੀ ਲੋੜ ਵੱਧ ਜਾਵੇਗੀ। ਦੋ ਮੈਂਬਰਾਂ ਲਈ 29,185 ਕੈਨੇਡੀਅਨ ਡਾਲਰ (ਲਗਭਗ 20.10 ਲੱਖ ਰੁਪਏ), ਤਿੰਨ ਮੈਂਬਰਾਂ ਲਈ 35,880 ਡਾਲਰ (24.74 ਲੱਖ ਰੁਪਏ) ਅਤੇ ਚਾਰ ਮੈਂਬਰਾਂ ਲਈ 43,562 ਡਾਲਰ (ਲਗਭਗ 30.04 ਲੱਖ ਰੁਪਏ) ਦਿਖਾਉਣੇ ਹੋਣਗੇ। ਇਸ ਤੋਂ ਬਾਅਦ ਹਰੇਕ ਵਾਧੂ ਮੈਂਬਰ ਲਈ 6,315 ਡਾਲਰ (ਲਗਭਗ 4.35 ਲੱਖ ਰੁਪਏ) ਵਾਧੂ ਫੰਡ ਲੋੜੀਂਦਾ ਹੋਵੇਗਾ। ਇਹ ਨਿਯਮ ਕਿਊਬੈਕ ਪ੍ਰਾਂਤ ਨੂੰ ਛੱਡ ਕੇ ਪੂਰੇ ਕੈਨੇਡਾ ਵਿੱਚ ਲਾਗੂ ਹੋਣਗੇ, ਕਿਉਂਕਿ ਕਿਊਬੈਕ ਆਪਣੇ ਖੁਦ ਦੇ ਨਿਯਮ ਰੱਖਦਾ ਹੈ।
ਇਸ ਫੈਸਲੇ ਦਾ ਮੁੱਖ ਮਕਸਦ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵਿੱਤੀ ਮੁਸ਼ਕਲਾਂ ਤੋਂ ਬਚਾਉਣਾ ਹੈ। ਪਿਛਲੇ ਕੁਝ ਸਾਲਾਂ ਵਿੱਚ ਕੈਨੇਡਾ ਦੇ ਵੱਡੇ ਸ਼ਹਿਰਾਂ ਵਿੱਚ ਕਿਰਾਇਆ, ਗ੍ਰੋਸਰੀ ਅਤੇ ਹੋਰ ਬੁਨਿਆਦੀ ਖਰਚਿਆਂ ਵਿੱਚ ਕਾਫ਼ੀ ਵਾਧਾ ਹੋਇਆ ਹੈ। ਪੁਰਾਣਾ ਫੰਡ ਮਿਆਰ ਮੌਜੂਦਾ ਮਹਿੰਗਾਈ ਦੇ ਮੁਕਾਬਲੇ ਘੱਟ ਪੈ ਰਿਹਾ ਸੀ, ਜਿਸ ਕਾਰਨ ਕਈ ਵਿਦਿਆਰਥੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਜਾਂ ਪਾਰਟ-ਟਾਈਮ ਨੌਕਰੀ ’ਤੇ ਪੂਰੀ ਤਰ੍ਹਾਂ ਨਿਰਭਰ ਰਹਿਣਾ ਪੈਂਦਾ ਸੀ।
1 ਸਤੰਬਰ 2026 ਤੋਂ ਬਾਅਦ ਵੀਜ਼ਾ ਅਪਲਾਈ ਕਰਨ ਵਾਲਿਆਂ ਨੂੰ ਤਿੰਨ ਵੱਖ-ਵੱਖ ਮਦਾਂ ਵਿੱਚ ਫੰਡ ਪ੍ਰੂਫ ਦੇਣਾ ਹੋਵੇਗਾ—ਪਹਿਲੇ ਸਾਲ ਦੀ ਪੂਰੀ ਟਿਊਸ਼ਨ ਫੀਸ, ਨਿਰਧਾਰਤ ਲਿਵਿੰਗ ਐਕਸਪੈਂਸ ਅਤੇ ਯਾਤਰਾ ਖਰਚ। ਮਾਹਰਾਂ ਦੀ ਸਲਾਹ ਹੈ ਕਿ ਵੀਜ਼ਾ ਰਿਜੈਕਟ ਹੋਣ ਤੋਂ ਬਚਣ ਲਈ ਵਿਦਿਆਰਥੀ ਨਿਰਧਾਰਤ ਰਕਮ ਤੋਂ ਥੋੜ੍ਹਾ ਵੱਧ ਬੈਂਕ ਬੈਲੈਂਸ ਰੱਖਣ ਤਾਂ ਜੋ ਐਪਲੀਕੇਸ਼ਨ ਵਿੱਚ ਕੋਈ ਰੁਕਾਵਟ ਨਾ ਆਵੇ। ਇਹ ਬਦਲਾਅ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਵਿੱਤੀ ਤਿਆਰੀ ਵਧਾਉਣ ਵਾਲਾ ਹੈ।

