Punjab

ਕੌਮੀ ਇਨਸਾਫ਼ ਮੋਰਚੇ ਦੇ ਸੱਦੇ ਤਹਿਤ ‘ਪੰਜਾਬ ਬੰਦ’

ਕੌਮੀ ਇਨਸਾਫ਼ ਮੋਰਚੇ ਵੱਲੋਂ 21 ਅਗਸਤ ਨੂੰ ਸਵੇਰੇ ਸੱਤ ਵਜੇ ਤੋਂ ਦੁਪਹਿਰ ਦੋ ਵਜੇ ਤੱਕ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ। ਇਸ ਦਾ ਮੁੱਖ ਉਦੇਸ਼ ਬੰਦੀ ਸਿੰਘਾਂ ਦੀ ਰਿਹਾਈ ਅਤੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਨਿਯਮਤ ਪੈਰੋਲ ਦੀ ਮੰਗ ਸੀ। ਨਾਲ ਹੀ ਚੰਡੀਗੜ੍ਹ ਪੁਲਿਸ ਵੱਲੋਂ 15 ਅਗਸਤ ਨੂੰ ਸ਼ਾਂਤਮਈ ਪ੍ਰਦਰਸ਼ਨਕਾਰੀਆਂ ਉੱਤੇ ਕੀਤੇ ਤਸ਼ੱਦਦ ਦਾ ਵੀ ਵਿਰੋਧ ਕੀਤਾ ਗਿਆ। ਬੰਦ ਦਾ ਅਸਰ ਰਾਜ ਦੇ ਕਈ ਇਲਾਕਿਆਂ ਵਿੱਚ ਦੇਖਣ ਨੂੰ ਮਿਲਿਆ ਜਿਸ ਵਿੱਚ ਰਾਜਪੁਰਾ, ਬਨੂੜ, ਫਤਿਹਗੜ੍ਹ ਸਾਹਿਬ, ਜਲੰਧਰ, ਪਠਾਨਕੋਟ, ਅੰਮ੍ਰਿਤਸਰ, ਲੁਧਿਆਣਾ, ਡੇਰਾਬਸੀ, ਜ਼ੀਰਕਪੁਰ, ਲਾਲੜੂ, ਫਗਵਾੜਾ, ਮੱਲਾਂਵਾਲਾ, ਮਾਨਸਾ, ਦੁਰਾਹਾ, ਬਠਿੰਡਾ ਅਤੇ ਮੁਹਾਲੀ ਸ਼ਾਮਲ ਹਨ।

ਸਰਕਾਰੀ ਸਕੂਲ ਖੁੱਲੇ

ਜ਼ਿਆਦਾਤਰ ਪ੍ਰਾਈਵੇਟ ਸਕੂਲ ਬੰਦ ਰਹੇ ਹਾਲਾਂਕਿ ਸਰਕਾਰੀ ਸਕੂਲ ਖੁੱਲ੍ਹੇ ਹੋਏ ਹਨ। ਰੇਲ ਗੱਡੀਆਂ ਉੱਤੇ ਕੋਈ ਖਾਸ ਅਸਰ ਨਹੀਂ ਪਿਆ ਅਤੇ ਸਾਰੀਆਂ ਰੇਲਾਂ ਸਮੇਂ ਸਿਰ ਚੱਲ ਰਹੀਆਂ ਹਨ। ਖਰੜ-ਚੰਡੀਗੜ੍ਹ ਹਾਈਵੇਅ ਬੰਦ ਕੀਤਾ ਗਿਆ ਜਿੱਥੇ ਕੰਮ ਉੱਤੇ ਜਾਣ ਵਾਲੇ ਲੋਕਾਂ ਦੀ ਮੋਰਚੇ ਦੇ ਮੈਂਬਰਾਂ ਨਾਲ ਝੜਪ ਵੀ ਹੋਈ। ਜਲੰਧਰ, ਪਠਾਨਕੋਟ ਅਤੇ ਲੁਧਿਆਣਾ ਵਿੱਚ ਬੰਦ ਦਾ ਰਲਵਾਂ-ਮਿਲਵਾਂ ਪ੍ਰਭਾਵ ਰਿਹਾ। ਕੁਝ ਥਾਵਾਂ ਉੱਤੇ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਹੇ ਜਦਕਿ ਕੁਝ ਥਾਵਾਂ ਉੱਤੇ ਦੁਕਾਨਾਂ ਖੁੱਲ੍ਹੀਆਂ ਰਹੀਆਂ।

  • ਡੇਰਾਬਸੀ, ਜ਼ੀਰਕਪੁਰ ਅਤੇ ਲਾਲੜੂ ਵਿਖੇ ਬੰਦ ਨੂੰ ਭਰਵਾਂ ਸਮਰਥਨ ਮਿਲਿਆ। ਉੱਥੇ ਦੁਕਾਨਦਾਰਾਂ, ਵਿਉਪਾਰੀਆਂ ਅਤੇ ਕਾਰੋਬਾਰੀਆਂ ਨੇ ਬੰਦ ਨੂੰ ਸਮਰਥਨ ਦਿੱਤਾ। ਲਾਲੜੂ ਵਿੱਚ ਸਾਰੇ ਪ੍ਰਾਈਵੇਟ ਸਕੂਲ ਬੰਦ ਰਹੇ ਅਤੇ ਡੇਰਾਬਸੀ ਤੇ ਜ਼ੀਰਕਪੁਰ ਦੇ ਕੁਝ ਸਕੂਲ ਅਤੇ ਮੁੱਖ ਬਾਜ਼ਾਰ ਵੀ ਬੰਦ ਕੀਤੇ ਗਏ ਹਨ ।
  • ਫਗਵਾੜਾ ਵਿਖੇ ਵੀ ਬੰਦ ਨੂੰ ਵਧੀਆ ਸਮਰਥਨ ਮਿਲਿਆ। ਬਾਜ਼ਾਰਾਂ ਵਿੱਚ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਰੱਖੀਆਂ ਅਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਇਕੱਠੇ ਹੋਏ। ਉਨ੍ਹਾਂ ਨੇ ਮਾਰਚ ਕੱਢ ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਆਵਾਜ਼ ਬੁਲੰਦ ਕਰਨ ਦਾ ਐਲਾਨ ਕੀਤਾ।
  • ਮੱਲਾਂਵਾਲਾ ਇਲਾਕੇ ਵਿੱਚ ਬੰਦ ਪੂਰੀ ਤਰ੍ਹਾਂ ਸਫਲ ਰਿਹਾ। ਸਾਰੇ ਬਾਜ਼ਾਰ, ਬੱਸਾਂ, ਹਲਵਾਈ, ਸਬਜ਼ੀ ਵਾਲੇ ਅਤੇ ਰੇੜੀਆਂ ਵਾਲੇ ਬੰਦ ਰਹੇ। ਪ੍ਰਾਈਵੇਟ ਸਕੂਲ ਵੀ ਬੰਦ ਰਹੇ ਅਤੇ ਮਾਹੌਲ ਸ਼ਾਂਤੀਪੂਰਨ ਰਿਹਾ। ਇੱਕਾ-ਦੁੱਕਾ ਖੁੱਲ੍ਹੀਆਂ ਦੁਕਾਨਾਂ ਨੂੰ ਬੰਦ ਕਰਵਾਇਆ ਗਿਆ ਅਤੇ ਪੁਲਿਸ ਨੇ ਅਮਨ-ਕਾਨੂੰਨ ਬਰਕਰਾਰ ਰੱਖਿਆ।
  • ਮਾਨਸਾ ਜ਼ਿਲ੍ਹੇ ਵਿੱਚ ਬੰਦ ਨੂੰ ਪੂਰਨ ਹੁੰਗਾਰਾ ਮਿਲਿਆ। ਦੁਕਾਨਾਂ ਅਤੇ ਬੱਸਾਂ ਪੂਰੀ ਤਰ੍ਹਾਂ ਬੰਦ ਰਹੀਆਂ ਅਤੇ ਸਰਕਾਰੀ ਦਫ਼ਤਰਾਂ ਤੇ ਸਕੂਲਾਂ ਵਿੱਚ ਹਾਜ਼ਰੀ ਬਹੁਤ ਘੱਟ ਰਹੀ। ਦੁਰਾਹਾ ਇਲਾਕੇ ਵਿੱਚ ਵੀ ਬਾਜ਼ਾਰ ਮੁਕੰਮਲ ਬੰਦ ਰਹੇ। ਹਲਵਾਈ, ਸਬਜ਼ੀ ਵਾਲੇ ਅਤੇ ਹੋਰ ਅਦਾਰੇ ਬੰਦ ਰਹੇ ਅਤੇ ਸਾਰੇ ਸਕੂਲ ਬੰਦ ਰਹੇ। ਮਾਹੌਲ ਸ਼ਾਂਤੀਪੂਰਨ ਰਿਹਾ।
  • ਬਠਿੰਡਾ ਜ਼ਿਲ੍ਹੇ ਵਿੱਚ ਸਵੇਰ ਤੋਂ ਹੀ ਬੰਦ ਦਾ ਅਸਰ ਦਿਖਾਈ ਦੇਣ ਲੱਗ ਪਿਆ। ਬਠਿੰਡਾ ਬੱਸ ਸਟੈਂਡ ਉੱਤੇ ਧਰਨੇ ਕਾਰਨ ਸਰਕਾਰੀ ਅਤੇ ਨਿੱਜੀ ਬੱਸ ਸੇਵਾ ਪ੍ਰਭਾਵਿਤ ਹੋਈ।
  • ਰਾਮਪੁਰਾ ਫੂਲ, ਮੌੜ, ਭਗਤਾ ਭਾਈਕਾ ਅਤੇ ਜੀਦਾ ਵਿਖੇ ਵੀ ਧਰਨੇ ਲਗਾਏ ਗਏ ਜਿਸ ਕਾਰਨ ਆਵਾਜਾਈ ਰੁਕਾਵਟ ਬਣੀ। ਕਈ ਨਿੱਜੀ ਸਕੂਲ ਬੰਦ ਰਹੇ ਅਤੇ ਮੰਡੀਆਂ ਵਿੱਚ ਕਾਰੋਬਾਰੀ ਗਤੀਵਿਧੀਆਂ ਪ੍ਰਭਾਵਿਤ ਹੋਈਆਂ। ਹਸਪਤਾਲਾਂ, ਮੈਡੀਕਲ ਸਟੋਰਾਂ ਅਤੇ ਐਮਰਜੈਂਸੀ ਸਿਹਤ ਸੇਵਾਵਾਂ ਨੂੰ ਛੋਟ ਦਿੱਤੀ ਗਈ। ਵੱਖ-ਵੱਖ ਜਥੇਬੰਦੀਆਂ ਦੇ ਆਗੂ ਧਰਨਿਆਂ ਵਿੱਚ ਸ਼ਾਮਲ ਹੋਏ।
  • ਜਲੰਧਰ ਵਿੱਚ ਨੈਸ਼ਨਲ ਹਾਈਵੇਅ ਉੱਤੇ ਮੈਕਡੋਨਲਡਜ਼ ਨੇੜੇ ਸਿੱਖ ਅਤੇ ਕਿਸਾਨ ਜਥੇਬੰਦੀਆਂ ਨੇ ਵੱਡਾ ਧਰਨਾ ਲਗਾਇਆ। ਪ੍ਰਦਰਸ਼ਨਕਾਰੀਆਂ ਨੇ ਸੜਕ ਦੇ ਵਿਚਕਾਰ ਬੈਠ ਕੇ ਆਵਾਜਾਈ ਰੋਕੀ। ਵੱਡੀ ਗਿਣਤੀ ਵਿੱਚ ਆਗੂ ਤੇ ਕਾਰਕੁਨ ਮੌਜੂਦ ਸਨ ਅਤੇ ਪੁਲੀਸ ਤਾਇਨਾਤ ਰਹੀ।

ਮੋਹਾਲੀ ਅਤੇ ਚੰਡੀਗੜ੍ਹ ਵਿੱਚ ਜ਼ਿਆਦਾਤਰ ਵਪਾਰਕ ਅਦਾਰਿਆਂ ਨੇ ਦੁਪਹਿਰ ਤੱਕ ਬੰਦ ਰੱਖਣ ਦਾ ਫ਼ੈਸਲਾ ਕੀਤਾ। ਸਮੁੱਚੇ ਤੌਰ ਉੱਤੇ ਬੰਦ ਨੂੰ ਕਈ ਇਲਾਕਿਆਂ ਵਿੱਚ ਭਰਵਾਂ ਸਮਰਥਨ ਮਿਲਿਆ ਅਤੇ ਮਾਹੌਲ ਜ਼ਿਆਦਾਤਰ ਸ਼ਾਂਤੀਪੂਰਨ ਰਿਹਾ। ਪੁਲੀਸ ਨੇ ਸੁਰੱਖਿਆ ਲਈ ਵੱਡੀ ਤਾਕਤ ਤਾਇਨਾਤ ਕੀਤੀ। ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਉੱਤੇ ਵੱਖ-ਵੱਖ ਧਾਰਮਿਕ, ਕਿਸਾਨ ਅਤੇ ਸਮਾਜ ਸੇਵੀ ਜਥੇਬੰਦੀਆਂ ਇੱਕਜੁੱਟ ਨਜ਼ਰ ਆਈਆਂ ਅਤੇ ਉਨ੍ਹਾਂ ਨੇ ਸਰਕਾਰ ਨੂੰ ਠੋਸ ਕਦਮ ਚੁੱਕਣ ਦੀ ਅਪੀਲ ਕੀਤੀ।