India

ਜ਼ਿੰਦਗੀ ਦੀ ਜੰਗ ਹਾਰਿਆ 4 ਸਾਲਾ ਨਿਰਵੈਰ

ਹਰਿਆਣਾ ਦੇ ਅੰਬਾਲਾ ਵਿੱਚ ਧਨੌਰਾ ਪਿੰਡ ਦਾ ਚਾਰ ਸਾਲਾ ਨਿਰਵੈਰ ਸਿੰਘ ਇੱਕ 220 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗ ਗਿਆ। ਬੱਚੇ ਨੂੰ ਬਚਾਉਣ ਲਈ 21 ਘੰਟੇ ਤੱਕ ਚੱਲੇ ਭਾਰੀ ਬਚਾਅ ਕਾਰਜ ਤੋਂ ਬਾਅਦ ਬੁੱਧਵਾਰ ਸਵੇਰੇ ਲਗਭਗ 3:30 ਵਜੇ ਉਸਦੀ ਲਾਸ਼ ਬੋਰਵੈੱਲ ਵਿੱਚੋਂ ਕੱਢੀ ਗਈ। ਫੌਜ, ਐਨਡੀਆਰਐਫ ਅਤੇ ਐਸਡੀਆਰਐਫ ਦੀਆਂ ਟੀਮਾਂ ਨੇ ਰਾਤ ਭਰ ਬੱਚੇ ਨੂੰ ਜ਼ਿੰਦਾ ਬਚਾਉਣ ਲਈ ਬਹੁਤ ਵੱਡੀ ਕੋਸ਼ਿਸ਼ ਕੀਤੀ ਪਰ ਉਸਦੀ ਜਾਨ ਨਾ ਬਚਾਈ ਜਾ ਸਕੀ।

ਦੱਸ ਦਈਏ ਕਿ ਮੰਗਲਵਾਰ ਸਵੇਰੇ ਕਰੀਬ 6:30 ਵਜੇ ਨਿਰਵੈਰ ਆਪਣੇ ਪਿਤਾ ਮਨਜੀਤ ਸਿੰਘ ਅਤੇ ਦਾਦਾ ਕਰਨੈਲ ਸਿੰਘ ਨਾਲ ਖੇਤਾਂ ਵਿੱਚ ਗਿਆ ਸੀ। ਉੱਥੇ ਖੇਡਦੇ ਸਮੇਂ ਉਹ ਗੁਆਂਢੀ ਦੇ ਖੁੱਲ੍ਹੇ ਬੋਰਵੈੱਲ ਵਿੱਚ ਡਿੱਗ ਗਿਆ। ਬੱਚੇ ਦੀਆਂ ਚੀਕਾਂ ਸੁਣ ਕੇ ਪਿਤਾ ਅਤੇ ਦਾਦਾ ਰੌਲਾ ਪਾਉਣ ਲੱਗੇ। ਸਥਾਨਕ ਲੋਕ ਅਤੇ ਐਮਰਜੈਂਸੀ ਟੀਮ ਤੁਰੰਤ ਮੌਕੇ ’ਤੇ ਪਹੁੰਚੀ ਪਰ ਬੱਚੇ ਨੂੰ ਬਾਹਰ ਕੱਢਣ ਵਿੱਚ ਅਸਫਲ ਰਹੀ। ਫੌਜ, ਐਨਡੀਆਰਐਫ ਅਤੇ ਐਸਡੀਆਰਐਫ ਦੀਆਂ ਟੀਮਾਂ ਨੂੰ ਬੁਲਾਇਆ ਗਿਆ ਅਤੇ ਭਾਰੀ ਮਸ਼ੀਨਰੀ ਵਰਤੀ ਗਈ। ਬਚਾਅ ਕਾਰਜ ਲਗਾਤਾਰ ਚੱਲਦਾ ਰਿਹਾ ਪਰ ਬੋਰਵੈੱਲ ਦੀ ਡੂੰਘਾਈ ਅਤੇ ਹਾਲਾਤ ਕਾਰਨ ਬੱਚਾ ਬਚ ਨਾ ਸਕਿਆ।

ਨਿਰਵੈਰ ਦੀ ਮ੍ਰਿਤਕ ਦੇਹ ਨੂੰ ਬਾਹਰ ਕੱਢਣ ਤੋਂ ਬਾਅਦ ਸਿਵਲ ਹਸਪਤਾਲ ਲਿਜਾਇਆ ਗਿਆ। ਡਾ. ਰਿਸ਼ੀਪਾਲ ਸਿੰਘ ਨੇ ਦੱਸਿਆ ਕਿ ਬੱਚੇ ਵਿੱਚ ਕੋਈ ਹਰਕਤ ਨਾ ਮਿਲੀ। ਈਸੀਜੀ ਅਤੇ ਹੋਰ ਟੈਸਟਾਂ ਤੋਂ ਬਾਅਦ ਉਸਦੀ ਮੌਤ ਘੋਸ਼ਿਤ ਕਰ ਦਿੱਤੀ ਗਈ। ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਮੌਤ ਦਾ ਸਹੀ ਕਾਰਨ ਸਪੱਸ਼ਟ ਹੋਵੇਗਾ।

ਘਟਨਾ ਤੋਂ ਬਾਅਦ ਪਿਤਾ ਮਨਜੀਤ ਸਿੰਘ ਬੇਹੋਸ਼ ਹੋ ਗਿਆ ਅਤੇ ਉਸਨੂੰ ਹਸਪਤਾਲ ਲਿਜਾਇਆ ਗਿਆ। ਸ਼ਾਮ ਨੂੰ ਉਸਨੂੰ ਘਰ ਭੇਜ ਦਿੱਤਾ ਗਿਆ। ਰਾਤ ਨੂੰ ਹਰਿਆਣਾ ਮੰਤਰੀ ਅਨਿਲ ਵਿਜ ਵੀ ਪਰਿਵਾਰ ਨੂੰ ਮਿਲਣ ਉਸਦੇ ਘਰ ਗਏ। ਦਾਦਾ ਕਰਨੈਲ ਸਿੰਘ ਖੇਤ ਵਿੱਚ ਮਿੱਟੀ ’ਤੇ ਬੈਠੇ ਰੋਂਦੇ ਰਹੇ ਅਤੇ ਬਾਰ-ਬਾਰ ਕਹਿੰਦੇ ਰਹੇ, “ਓ ਨਿਰਵੈਰ, ਹੁਣ ਆ ਜਾ।” ਇਸ ਘਟਨਾ ਨੇ ਪੂਰੇ ਪਿੰਡ ਅਤੇ ਖੇਤਰ ਵਿੱਚ ਸੋਗ ਦੀ ਲਹਿਰ ਛਾ ਦਿੱਤੀ ਹੈ। ਲੋਕ ਬੋਰਵੈੱਲਾਂ ’ਤੇ ਸੁਰੱਖਿਆ ਲਈ ਸਖ਼ਤੀ ਦੀ ਮੰਗ ਕਰ ਰਹੇ ਹਨ।