ਅਮਰੀਕਾ ਅਤੇ ਇਰਾਨ ਵਿਚਾਲੇ ਤਣਾਅ ਫਿਰ ਤੋਂ ਉੱਚਾ ਉਠ ਗਿਆ ਹੈ। ਸ਼ੁੱਕਰਵਾਰ ਨੂੰ ਅਮਰੀਕਾ ਨੇ ਇਰਾਨ ਉੱਤੇ ਲਗਭਗ ਇੱਕ ਘੰਟੇ ਤੱਕ ਲਗਾਤਾਰ ਹਵਾਈ ਹਮਲਾ ਕੀਤਾ। ਇਸ ਹਮਲੇ ਵਿੱਚ ਅਮਰੀਕੀ ਫੌਜ ਨੇ ਇਰਾਨ ਦੀਆਂ ਮਿਜ਼ਾਈਲ ਅਤੇ ਡਰੋਨ ਸਥਾਪਨਾਵਾਂ ਤੇ ਤੱਟਵਰਤੀ ਰਾਡਾਰ ਸਾਈਟਾਂ ਨੂੰ ਨਿਸ਼ਾਨਾ ਬਣਾਇਆ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਹਮਲੇ ਨੂੰ ਇਰਾਨ ਵੱਲੋਂ ਜੰਗਬੰਦੀ ਦੀ ਉਲੰਘਣਾ ਦਾ ਜਵਾਬ ਦੱਸਿਆ ਹੈ।
ਇਸ ਘਟਨਾ ਦਾ ਸਭ ਤੋਂ ਵੱਡਾ ਟਰਿਗਰ ਇਰਾਨ ਵੱਲੋਂ ਹੋਰਮੁਜ਼ ਜਲਡਮਰੂ ਵਿੱਚ ਸਿੰਗਾਪੁਰ ਦੇ ਕਾਰਗੋ ਜਹਾਜ਼ “MV Ever Lovely” ਉੱਤੇ ਡਰੋਨ ਹਮਲਾ ਸੀ। ਅਮਰੀਕੀ ਕੇਂਦਰੀ ਕਮਾਂਡ (CENTCOM) ਅਨੁਸਾਰ ਇਹ ਹਮਲਾ 25 ਜੂਨ ਨੂੰ ਵਾਪਰਿਆ। ਇਸ ਘਟਨਾ ਤੋਂ ਬਾਅਦ ਅਮਰੀਕਾ ਨੇ ਤੁਰੰਤ ਜਵਾਬੀ ਕਾਰਵਾਈ ਕੀਤੀ ਅਤੇ ਇਰਾਨ ਦੀ vo ਫੌਜੀ ਢਾਂਚੇ ਨੂੰ ਨੁਕਸਾਨ ਪਹੁੰਚਾਇਆ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਕਾਰਵਾਈ ਨੂੰ ਜਾਇਜ਼ ਠਹਿਰਾਉਂਦਿਆਂ ਕਿਹਾ ਕਿ ਇਰਾਨ ਨੇ ਜੰਗਬੰਦੀ ਦੀਆਂ ਸ਼ਰਤਾਂ ਤੋੜੀਆਂ ਹਨ ਅਤੇ ਅਮਰੀਕੀ ਜਹਾਜ਼ੀ ਆਵਾਜਾਈ ਉੱਤੇ ਹਮਲਾ ਕੀਤਾ ਹੈ। ਟਰੰਪ ਨੇ ਚਿਤਾਵਨੀ ਦਿੱਤੀ ਕਿ ਅਮਰੀਕਾ ਆਪਣੀਆਂ ਹਿਤਾਂ ਅਤੇ ਆਪਣੇ ਮਿਤਰ ਰਾਸ਼ਟਰਾਂ ਦੀ ਰੱਖਿਆ ਲਈ ਕੋਈ ਵੀ ਲੋੜੀਂਦੀ ਕਾਰਵਾਈ ਲੈਣ ਤੋਂ ਝਿਜਕੇਗਾ ਨਹੀਂ।
ਦੂਜੇ ਪਾਸੇ ਇਰਾਨ ਨੇ ਇਸ ਹਮਲੇ ਦਾ ਤੀਖਾ ਵਿਰੋਧ ਕੀਤਾ ਹੈ। ਈਰਾਨੀ ਇਨਕਲਾਬੀ ਗਾਰਡਜ਼ (IRGC) ਨੇਵੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਜਵਾਬੀ ਕਾਰਵਾਈ ਵਜੋਂ ਖੇਤਰ ਵਿੱਚ ਅਮਰੀਕੀ ਫੌਜੀ ਠਿਕਾਣਿਆਂ ਉੱਤੇ ਹਮਲਾ ਕੀਤਾ ਹੈ। ਈਰਾਨੀ ਸਰਕਾਰੀ ਏਜੰਸੀ IRNA ਨੇ ਇਸ ਬਾਰੇ ਵਿਸਥਾਰ ਨਾਲ ਖ਼ਬਰ ਪ੍ਰਕਾਸ਼ਿਤ ਕੀਤੀ ਹੈ।
ਇਰਾਨੀ ਸੰਸਦ ਮੈਂਬਰ ਇਬਰਾਹਿਮ ਅਜ਼ੀਜ਼ੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਲਿਖਿਆ, “ਅਮਰੀਕਾ ਨੇ ਗੱਲਬਾਤ ਦੌਰਾਨ ਫਿਰ ਇਰਾਨ ਉੱਤੇ ਧੋਖਾਧੜੀ ਨਾਲ ਹਮਲਾ ਕੀਤਾ ਹੈ। ਇਸ ਜੰਗਬੰਦੀ ਉਲੰਘਣਾ ਦਾ ਅਮਰੀਕਾ ਨੂੰ ਭਾਰੀ ਖ਼ਮਿਆਜ਼ਾ ਭੁਗਤਣਾ ਪਵੇਗਾ ਅਤੇ ਉਹ ਪਛਤਾਵੇਗਾ।”
ਅਮਰੀਕੀ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਨੇ ਵੀ ਇਸ ਮਾਮਲੇ ਉੱਤੇ ਆਪਣੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ ਕਿ ਵਿਵਾਦਾਂ ਨੂੰ ਗੱਲਬਾਤ ਰਾਹੀਂ ਹੱਲ ਕੀਤਾ ਜਾਣਾ ਚਾਹੀਦਾ ਹੈ, ਪਰ ਜੇਕਰ ਇਰਾਨ ਵੱਲੋਂ ਹਿੰਸਾ ਜਾਰੀ ਰਹੀ ਤਾਂ ਅਮਰੀਕਾ ਉਸੇ ਤਰ੍ਹਾਂ ਦਾ ਜਵਾਬ ਦੇਵੇਗਾ। ਵੈਂਸ ਨੇ ਐਕਸ ਉੱਤੇ ਲਿਖਿਆ, “ਜੇਕਰ ਸਮਝੌਤੇ (ਐਮਓਯੂ) ਲਾਗੂ ਕਰਨ ਵਿੱਚ ਕੋਈ ਮਤਭੇਦ ਹੈ ਤਾਂ ਇਰਾਨ ਨੂੰ ਫ਼ੋਨ ਉੱਤੇ ਗੱਲ ਕਰਨੀ ਚਾਹੀਦੀ ਹੈ, ਹਮਲਿਆਂ ਰਾਹੀਂ ਨਹੀਂ।”

