Punjab

ਪੰਜਾਬ ਦੇ 16 ਜ਼ਿਲ੍ਹਿਆਂ ਅੱਜ ਪਵੇਗਾ ਮੀਂਹ

ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਨੇ ਰੁਖ ਬਦਲ ਲਿਆ ਹੈ। ਮੌਸਮ ਵਿਭਾਗ ਨੇ 17 ਜੂਨ ਨੂੰ 16 ਜ਼ਿਲ੍ਹਿਆਂ ਲਈ ਬਿਜਲੀ ਗਰਜ ਅਤੇ ਮੀਂਹ ਦਾ ‘ਯੈਲੋ ਅਲਰਟ’ ਜਾਰੀ ਕੀਤਾ ਹੈ। ਇਸ ਦੌਰਾਨ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਪਿਛਲੇ ਦਿਨ ਦੀ ਤੁਲਣਾ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ 0.9 ਡਿਗਰੀ ਸੈਲਸੀਅਸ ਦੀ ਗਿਰਾਵਟ ਆਈ ਹੈ ਅਤੇ ਤਾਪਮਾਨ ਆਮ ਨਾਲੋਂ ਘੱਟ ਰਿਹਾ। ਸਭ ਤੋਂ ਵੱਧ ਤਾਪਮਾਨ ਆਨੰਦਪੁਰ ਸਾਹਿਬ ਵਿੱਚ 37.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ ਸਾਹਿਬ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ ਅਤੇ ਸੰਗਰੂਰ ਜ਼ਿਲ੍ਹਿਆਂ ਵਿੱਚ ਮੀਂਹ, ਬਿਜਲੀ ਗਰਜ ਅਤੇ ਤੇਜ਼ ਹਵਾਵਾਂ ਦੀ ਭਵਿੱਖਬਾਣੀ ਹੈ। ਇਨ੍ਹਾਂ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਵੀ ਹੋ ਸਕਦੀ ਹੈ। ਮੌਸਮ ਵਿਭਾਗ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਬਿਜਲੀ ਗਰਜ ਤੇ ਤੇਜ਼ ਹਵਾਵਾਂ ਵੇਲੇ ਖੁੱਲ੍ਹੀਆਂ ਥਾਵਾਂ, ਦਰੱਖਤਾਂ ਅਤੇ ਬਿਜਲੀ ਖੰਭਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ। ਚੰਡੀਗੜ੍ਹ ਵਿੱਚ ਦਿਨ ਭਰ ਅੰਸ਼ਕ ਬੱਦਲਵਾਈ ਰਹਿਣ ਦੀ ਉਮੀਦ ਹੈ।

ਮੰਗਲਵਾਰ ਨੂੰ ਪੰਜਾਬ ਵਿੱਚ ਔਸਤਨ 4.0 ਮਿਲੀਮੀਟਰ ਮੀਂਹ ਪਿਆ। ਸਭ ਤੋਂ ਵੱਧ 8.5 ਮਿਲੀਮੀਟਰ ਮੀਂਹ ਪਠਾਨਕੋਟ ਵਿੱਚ ਦਰਜ ਹੋਇਆ। ਬਠਿੰਡਾ, ਫਰੀਦਕੋਟ, ਗੁਰਦਾਸਪੁਰ ਅਤੇ ਐਸਬੀਐਸ ਨਗਰ ਵਿੱਚ ਵੀ ਥੋੜ੍ਹੀ ਬਾਰਿਸ਼ ਹੋਈ। 1 ਤੋਂ 16 ਜੂਨ ਤੱਕ ਔਸਤਨ 20.1 ਮਿਲੀਮੀਟਰ ਮੀਂਹ ਪਿਆ, ਜੋ ਆਮ ਨਾਲੋਂ 2 ਫੀਸਦੀ ਘੱਟ ਹੈ। ਨਵਾਂਸ਼ਹਿਰ ਵਿੱਚ 71.5 ਮਿਲੀਮੀਟਰ ਮੀਂਹ (93 ਫੀਸਦੀ ਵੱਧ), ਤਰਨਤਾਰਨ ਵਿੱਚ 112 ਫੀਸਦੀ ਵੱਧ ਅਤੇ ਲੁਧਿਆਣਾ, ਫਿਰੋਜ਼ਪੁਰ, ਫਾਜ਼ਿਲਕਾ ਵਿੱਚ 89 ਫੀਸਦੀ ਵੱਧ ਮੀਂਹ ਦਰਜ ਹੋਇਆ। ਉਥੇ ਬਰਨਾਲਾ ਵਿੱਚ 78 ਫੀਸਦੀ ਅਤੇ ਹੁਸ਼ਿਆਰਪੁਰ ਵਿੱਚ 61 ਫੀਸਦੀ ਘੱਟ ਮੀਂਹ ਪਿਆ।

ਪਹਾੜੀ ਇਲਾਕਿਆਂ ਵਿੱਚ ਮੀਂਹ ਅਤੇ ਬਰਫ਼ਬਾਰੀ ਕਾਰਨ ਭਾਖੜਾ ਡੈਮ ਦੇ ਗੋਬਿੰਦ ਸਾਗਰ ਝੀਲ ਵਿੱਚ ਪਾਣੀ ਵਧ ਗਿਆ ਹੈ। ਪਾਣੀ ਦਾ ਪੱਧਰ 1,573.56 ਫੁੱਟ ਤੱਕ ਪਹੁੰਚ ਗਿਆ ਅਤੇ 16 ਜੂਨ ਨੂੰ 8,000 ਕਿਊਸਿਕ ਪਾਣੀ ਛੱਡਿਆ ਗਿਆ।

ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਡਾਇਰੈਕਟਰ ਸੁਰੇਂਦਰ ਪਾਲ ਅਨੁਸਾਰ 22 ਜੂਨ ਤੱਕ ਕੁਝ ਥਾਵਾਂ ‘ਤੇ ਹਲਕੇ ਤੋਂ ਦਰਮਿਆਨਾ ਮੀਂਹ ਹੋਣ ਦੀ ਸੰਭਾਵਨਾ ਹੈ। 18 ਜੂਨ ਤੋਂ ਨਵੀਂ ਪੱਛਮੀ ਗੜਬੜੀ ਆਉਣ ਕਾਰਨ ਮੀਂਹ, ਗਰਜ ਅਤੇ ਤੇਜ਼ ਹਵਾਵਾਂ ਵਧ ਸਕਦੀਆਂ ਹਨ। ਲੋਕਾਂ ਨੂੰ ਖਰਾਬ ਮੌਸਮ ਵਿੱਚ ਸਾਵਧਾਨੀ ਵਰਤਣੀ ਚਾਹੀਦੀ ਹੈ।