Punjab

ਕੋਰੋਨਾ ਟੀਕਾ ਨਾ ਲਗਵਾਉਣ ਵਾਲੇ ਸਿਹਤ ਕਰਮੀਆਂ ਨੂੰ ਪੰਜਾਬ ਸਰਕਾਰ ਦੀ ਧਮਕੀ

‘ਦ ਖ਼ਾਲਸ ਬਿਊਰੋ :- ਸਿਹਤ ਕਾਮਿਆਂ ਦੀ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਲਈ ਚਲਾਈ ਕੋਵਿਡ ਟੀਕਾਕਰਨ ਮੁਹਿੰਮ ਤਹਿਤ ਕਈ ਵਾਰ ਮੌਕਾ ਦੇਣ ਦੇ ਬਾਵਜੂਦ ਜਿਨ੍ਹਾਂ ਸਿਹਤ ਕਰਮੀਆਂ ਨੇ ਟੀਕਾ ਨਹੀਂ ਲਗਵਾਇਆ, ਉਹ ਜੇ ਕੋਰੋਨਾਵਾਇਰਸ ਦਾ ਸ਼ਿਕਾਰ ਹੋ ਜਾਂਦੇ ਹਨ ਤਾਂ ਉਨ੍ਹਾਂ ਨੂੰ ਸਾਰੇ ਇਲਾਜ ਦਾ ਖ਼ਰਚਾ ਖ਼ੁਦ ਚੁੱਕਣਾ ਪਵੇਗਾ। ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕੋਰੋਨਾ ਟੀਕਾ ਨਾ ਲਗਵਾਉਣ ਵਾਲਿਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਅਜਿਹੇ ਕਰਮਚਾਰੀਆਂ ਨੂੰ ਇਕਾਂਤਵਾਸ ਛੁੱਟੀ ਵੀ ਨਹੀਂ ਦਿੱਤੀ ਜਾਵੇਗੀ।  

ਸਿੱਧੂ ਨੇ ਕਿਹਾ ਕਿ ਪੰਜਾਬ, ਦੇਸ਼ ਦੇ ਉਨ੍ਹਾਂ 6 ਸੂਬਿਆਂ ਵਿੱਚੋਂ ਇੱਕ ਹੈ, ਜਿੱਥੇ ਕੋਵਿਡ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਸਿੱਧੂ ਨੇ ਸਿਹਤ ਵਰਕਰਾਂ ਨੂੰ ਬਿਨਾਂ ਕਿਸੇ ਝਿਜਕ ਤੋਂ ਆਪਣੀ, ਆਪਣੇ ਪਰਿਵਾਰਕ ਮੈਂਬਰਾਂ ਦੀ ਅਤੇ ਸਕੇ ਸਬੰਧੀਆਂ ਦੀ ਸਿਹਤ ਨੂੰ ਕੋਰੋਨਾ ਤੋਂ ਸੁਰੱਖਿਅਤ ਰੱਖਣ ਲਈ ਛੇਤੀ ਕੋਰੋਨਾ ਰੋਕੂ ਟੀਕਾ ਲਗਵਾਉਣ ਦੀ ਅਪੀਲ ਕੀਤੀ।