ਮੁਹਾਲੀ – 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ ਵਿੱਚ ਇੱਕ ਵੱਡੀ ਹਲਚਲ ਦੇਖਣ ਨੂੰ ਮਿਲੇ ਜਿਸਨੇ ਪੰਜਾਬ ਦੀ ਸਿਆਸਤ ਨੂੰ ਗਰਮਾਇਆ ਹੀ ਨਹੀਂ ਸਗੋਂ ਮਾਨ ਸਰਕਾਰ ਨੂੰ ਸੋਚਾਂ ਵਿੱਚ ਪਾ ਦਿੱਤਾ। ਲੰਘੇ ਕੱਲ੍ਹ ਆਮ ਆਦਮੀ ਪਾਰਟੀ (ਆਪ) ਦੇ 10 ਰਾਜ ਸਭਾ ਸੰਸਦ ਮੈਂਬਰਾਂ ਵਿਚੋਂ ਸੱਤ ਨੇ ਕੱਲ੍ਹ (24 ਅਪ੍ਰੈਲ) ਪਾਰਟੀ ਛੱਡ ਦਿੱਤੀ।
ਇਸੇ ਦੌਰਾਨ ਅੱਜ ਇਸ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ 7 ਬਾਗੀ ਸਾਂਸਦਾਂ ’ਤੇ ਤੰਜ ਕੱਸਿਆ ਹੈ। ਮਾਨ ਨੇ ਇਨ੍ਹਾਂ ਸਾਂਸਦਾਂ ਦੀ ਤੁਲਣਾ ਮਿਲਚ-ਮਲਾਸਿਆਂ ਨਾਲ ਕੀਤੀ ਹੈ।
ਅਦਰਕ, ਲਸਣ, ਜ਼ੀਰਾ, ਮੇਥੀ ਪਾਊਡਰ , ਲਾਲ ਮਿਰਚ , ਕਾਲੀ ਮਿਰਚ ਅਤੇ ਧਨੀਆ ਇਹ 7 ਚੀਜ਼ਾਂ ਮਿਲਕੇ ਸਬਜ਼ੀ ਨੂੰ ਵਧੀਆ ਬਣਾ ਦਿੰਦੀਆਂ ਨੇ ਪਰ ਇਨ੍ਹਾਂ ਦੀ ਆਪਣੀ “ਸਬਜ਼ੀ “ ਨਹੀਂ ਬਣ ਸਕਦੀ..
— Bhagwant Mann (@BhagwantMann) April 25, 2026
ਮਾਨ ਨੇ ਸੋਸ਼ਲ ਮੀਡੀਆ ‘ਤੇ ‘ਆਪ’ ਛੱਡਣ ਵਾਲੇ ਸੰਸਦ ਮੈਂਬਰਾਂ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਅਦਰਕ, ਲਸਣ, ਜੀਰਾ, ਮੇਥੀ ਪਾਊਡਰ, ਲਾਲ ਮਿਰਚ, ਕਾਲੀ ਮਿਰਚ ਅਤੇ ਧਨੀਆ- ਇਹ ਸੱਤ ਸਮੱਗਰੀਆਂ ਮਿਲ ਕੇ ਸਬਜ਼ੀਆਂ ਨੂੰ ਸੁਆਦੀ ਬਣਾਉਂਦੀਆਂ ਹਨ, ਪਰ ਇਨ੍ਹਾਂ ਦੀ ਆਪਣੀ ਸਬਜ਼ੀ ਨਹੀਂ ਬਣ ਸਕਦੀ।
ਦੱਸ ਦਈਏ ਕਿ ਆਮ ਆਦਮੀ ਪਾਰਟੀ ਛੱਡ ਗਏ ਸਾਂਸਦਾਂ ਵਿਚੋਂ ਛੇ ਪੰਜਾਬ ਤੋਂ ਹਨ। ਅਸਤੀਫ਼ੇ ਤੋਂ ਬਾਅਦ ਪੰਜਾਬ ਰਾਜ ਸਭਾ ਸੰਸਦ ਮੈਂਬਰ ਰਾਘਵ ਚੱਢਾ ਸ਼ੁੱਕਰਵਾਰ ਸ਼ਾਮ ਨੂੰ ਭਾਜਪਾ ਵਿਚ ਸ਼ਾਮਿਲ ਹੋ ਗਏ। ਉਨ੍ਹਾਂ ਦੇ ਨਾਲ ਸੰਸਦ ਮੈਂਬਰ ਅਸ਼ੋਕ ਮਿੱਤਲ ਅਤੇ ਸੰਦੀਪ ਪਾਠਕ ਵੀ ਸ਼ਾਮਿਲ ਹਨ। ਚੱਢਾ ਦੇ ਮੁਤਾਬਕ ਹਰਭਜਨ ਸਿੰਘ, ਵਿਕਰਮਜੀਤ ਸਿੰਘ ਸਾਹਨੀ, ਸਵਾਤੀ ਮਾਲੀਵਾਲ ਅਤੇ ਰਾਜਿੰਦਰ ਗੁਪਤਾ ਵੀ ਪਾਰਟੀ ਨਾਲ ਹਨ।

