International

ਜਪਾਨ ’ਚ ਕੁਦਰਤ ਦਾ ਕਹਿਰ: 7.4 ਤੀਬਰਤਾ ਦਾ ਭਿਆਨਕ ਭੂਚਾਲ, ਸੁਨਾਮੀ ਦੀ ਚਿਤਾਵਨੀ

ਟੋਕੀਓ (20 ਅਪ੍ਰੈਲ, 2026): ਉੱਤਰੀ ਜਪਾਨ ਵਿੱਚ ਅੱਜ (ਸੋਮਵਾਰ) 7.4 ਤੀਬਰਤਾ ਦੇ ਭਿਆਨਕ ਭੂਚਾਲ ਨੇ ਵੱਡੀ ਤਬਾਹੀ ਦਾ ਡਰ ਪੈਦਾ ਕਰ ਦਿੱਤਾ ਹੈ। ਭੂਚਾਲ ਦੇ ਤੇਜ਼ ਝਟਕਿਆਂ ਤੋਂ ਤੁਰੰਤ ਬਾਅਦ ਜਪਾਨ ਦੀ ਮੌਸਮ ਵਿਗਿਆਨ ਏਜੰਸੀ (JMA) ਨੇ ਤੱਟਵਰਤੀ ਇਲਾਕਿਆਂ ਲਈ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਹੈ। ਪ੍ਰਸ਼ਾਸਨ ਅਨੁਸਾਰ ਸਮੁੰਦਰ ਵਿੱਚ ਤਿੰਨ ਮੀਟਰ (ਲਗਭਗ 10 ਫੁੱਟ) ਤੱਕ ਉੱਚੀਆਂ ਲਹਿਰਾਂ ਉੱਠਣ ਦਾ ਖ਼ਤਰਾ ਹੈ।

ਪ੍ਰਭਾਵਿਤ ਇਲਾਕੇ ਅਤੇ ਬਚਾਅ ਕਾਰਜ

ਭੂਚਾਲ ਦਾ ਕੇਂਦਰ ਉੱਤਰੀ ਇਵਾਤੇ (Iwate) ਸੂਬੇ ਦੇ ਤੱਟ ਨੇੜੇ ਪ੍ਰਸ਼ਾਂਤ ਮਹਾਂਸਾਗਰ ਵਿੱਚ ਜ਼ਮੀਨ ਤੋਂ ਸਿਰਫ਼ 10 ਕਿਲੋਮੀਟਰ ਦੀ ਡੂੰਘਾਈ ’ਤੇ ਸੀ। ਭੂਚਾਲ ਦੇ ਝਟਕੇ ਇੰਨੇ ਤੇਜ਼ ਸਨ ਕਿ ਰਾਜਧਾਨੀ ਟੋਕੀਓ ਤੱਕ ਇਮਾਰਤਾਂ ਕੰਬ ਗਈਆਂ। 

ਪ੍ਰਧਾਨ ਮੰਤਰੀ ਸਾਨਾਏ ਤਾਕਾਇਚੀ ਨੇ ਸਥਿਤੀ ਨੂੰ ਗੰਭੀਰ ਦੇਖਦਿਆਂ ਤੁਰੰਤ ਇੱਕ ਵਿਸ਼ੇਸ਼ ਸੰਕਟ ਪ੍ਰਬੰਧਨ ਟੀਮ ਤਾਇਨਾਤ ਕੀਤੀ ਹੈ। ਉਨ੍ਹਾਂ ਨੇ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਿਨਾਂ ਦੇਰੀ ਕੀਤੇ ਉੱਚੀਆਂ ਅਤੇ ਸੁਰੱਖਿਅਤ ਥਾਵਾਂ ‘ਤੇ ਚਲੇ ਜਾਣ।

ਆਵਾਜਾਈ ਅਤੇ ਜਨ-ਜੀਵਨ ਪ੍ਰਭਾਵਿਤ

ਸੁਰੱਖਿਆ ਦੇ ਮੱਦੇਨਜ਼ਰ ਉੱਤਰੀ ਜਪਾਨ ਵਿੱਚ ਸ਼ਿੰਕਨਸੇਨ (ਬੁਲੇਟ ਟ੍ਰੇਨ) ਸੇਵਾਵਾਂ ਨੂੰ ਰੋਕ ਦਿੱਤਾ ਗਿਆ ਹੈ। ਫ਼ਿਲਹਾਲ ਜਾਨੀ-ਮਾਲੀ ਨੁਕਸਾਨ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਅਤੇ ਤੱਟਵਰਤੀ ਇਲਾਕਿਆਂ ਨੂੰ ਤੇਜ਼ੀ ਨਾਲ ਖ਼ਾਲੀ ਕਰਵਾਇਆ ਜਾ ਰਿਹਾ ਹੈ।