International

ਇਰਾਨ ਨੇ ਹੋਰਮੁਜ਼ ਜਲਡਮਰੂ ਨੂੰ ਮੁੜ ਸਖ਼ਤ ਫ਼ੌਜੀ ਨਿਗਰਾਨੀ ਹੇਠ ਲਿਆ

ਤਹਿਰਾਨ (18 ਅਪ੍ਰੈਲ, 2026): ਇਰਾਨ ਦੀ ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕੋਰਪਸ (IRGC) ਨੇ ਐਲਾਨ ਕੀਤਾ ਹੈ ਕਿ ਹੋਰਮੁਜ਼ ਜਲਡਮਰੂ ਹੁਣ ਮੁੜ ਆਪਣੀ ‘ਪੁਰਾਣੀ ਸਥਿਤੀ’ ਵਿੱਚ ਵਾਪਸ ਆ ਗਿਆ ਹੈ, ਜਿਸਦਾ ਮਤਲਬ ਹੈ ਕਿ ਇਸ ਰਣਨੀਤਕ ਰਸਤੇ ’ਤੇ ਹੁਣ ਇਰਾਨੀ ਫ਼ੌਜ ਦਾ ਸਖ਼ਤ ਕੰਟਰੋਲ ਰਹੇਗਾ। ਇਰਾਨ ਨੇ ਅਮਰੀਕਾ ’ਤੇ ਇਲਜ਼ਾਮ ਲਾਇਆ ਹੈ ਕਿ ਉਹ ਪਾਬੰਦੀਆਂ ਲਾਗੂ ਕਰਨ ਦੇ ਬਹਾਨੇ ਇਰਾਨੀ ਬੰਦਰਗਾਹਾਂ ਦੀ ਨਾਕਾਬੰਦੀ ਕਰ ਰਿਹਾ ਹੈ ਅਤੇ ਇਰਾਨੀ ਜਹਾਜ਼ਾਂ ਨਾਲ ‘ਸਮੁੰਦਰੀ ਡਾਕੂਆਂ’ ਵਾਂਗ ਵਿਵਹਾਰ ਕਰ ਰਿਹਾ ਹੈ।

ਨਾਕਾਬੰਦੀ ਖ਼ਤਮ ਹੋਣ ਤੱਕ ਜਾਰੀ ਰਹੇਗੀ ਸਖ਼ਤੀ

IRGC ਦੇ ਸਾਂਝੇ ਮਿਲਟਰੀ ਕਮਾਂਡ ਨੇ ਸਪੱਸ਼ਟ ਕੀਤਾ ਹੈ ਕਿ ਜਦੋਂ ਤੱਕ ਅਮਰੀਕਾ ਇਰਾਨੀ ਜਹਾਜ਼ਾਂ ਦੀ ਆਵਾਜਾਈ ਦੀ ਪੂਰੀ ਆਜ਼ਾਦੀ ਯਕੀਨੀ ਨਹੀਂ ਬਣਾਉਂਦਾ, ਉਦੋਂ ਤੱਕ ਹੋਰਮੁਜ਼ ਜਲਡਮਰੂ ਸਖ਼ਤ ਫ਼ੌਜੀ ਪ੍ਰਬੰਧਨ ਹੇਠ ਰਹੇਗਾ। ਇਰਾਨੀ ਮੀਡੀਆ ਅਨੁਸਾਰ, ਵਾਸ਼ਿੰਗਟਨ ਵੱਲੋਂ ਕੀਤੀ ਜਾ ਰਹੀ ਦਖ਼ਲਅੰਦਾਜ਼ੀ ਕਾਰਨ ਇਰਾਨ ਨੂੰ ਇਹ ਸਖ਼ਤ ਕਦਮ ਚੁੱਕਣ ਲਈ ਮਜ਼ਬੂਰ ਹੋਣਾ ਪਿਆ ਹੈ।

ਹੋਰਮੁਜ਼ ਜਲਡਮਰੂ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਤੇਲ ਮਾਰਗਾਂ ਵਿੱਚੋਂ ਇੱਕ ਹੈ। ਇਰਾਨ ਵੱਲੋਂ ਇਸ ਰਸਤੇ ’ਤੇ ਮੁੜ ਸਖ਼ਤੀ ਕਰਨ ਨਾਲ ਕੌਮਾਂਤਰੀ ਬਾਜ਼ਾਰ ਵਿੱਚ ਤੇਲ ਦੀਆਂ ਕੀਮਤਾਂ ਅਤੇ ਵਪਾਰਕ ਜਹਾਜ਼ਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਵਧ ਗਈਆਂ ਹਨ।