India

ਬਿਹਾਰ ’ਚ ਪਹਿਲੀ ਵਾਰ ਬਣੇਗਾ ਭਾਜਪਾ ਦਾ CM! ਭਲਕੇ 11 ਵਜੇ ਹੋਵੇਗਾ ਸਹੁੰ ਚੁੱਕ ਸਮਾਗਮ

ਪਟਨਾ (14 ਅਪ੍ਰੈਲ, 2026): ਬਿਹਾਰ ਵਿੱਚ ਸਿਆਸੀ ਉਥਲ-ਪੁਥਲ ਦੇ ਵਿਚਕਾਰ ਵੱਡੀ ਖ਼ਬਰ ਸਾਹਮਣੇ ਆਈ ਹੈ। ਸਮਰਾਟ ਚੌਧਰੀ ਬਿਹਾਰ ਦੇ ਨਵੇਂ ਮੁੱਖ ਮੰਤਰੀ ਹੋਣਗੇ। ਉਨ੍ਹਾਂ ਨੂੰ ਭਾਜਪਾ ਵਿਧਾਇਕ ਦਲ ਦਾ ਨੇਤਾ ਚੁਣ ਲਿਆ ਗਿਆ ਹੈ। ਐਨ.ਡੀ.ਏ. (NDA) ਦੀ ਬੈਠਕ ਤੋਂ ਬਾਅਦ ਇਸ ਦਾ ਰਸਮੀ ਐਲਾਨ ਕਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਬਿਹਾਰ ਦੇ ਇਤਿਹਾਸ ਵਿੱਚ ਪਹਿਲੀ ਵਾਰ ਭਾਰਤੀ ਜਨਤਾ ਪਾਰਟੀ ਦਾ ਮੁੱਖ ਮੰਤਰੀ ਸੂਬੇ ਦੀ ਕਮਾਨ ਸੰਭਾਲੇਗਾ।

ਨਿਤੀਸ਼ ਕੁਮਾਰ ਦਾ ਅਸਤੀਫ਼ਾ

ਇਸ ਤੋਂ ਪਹਿਲਾਂ ਅੱਜ ਨਿਤੀਸ਼ ਕੁਮਾਰ ਨੇ ਬਿਹਾਰ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਉਹ ਸਮਰਾਟ ਚੌਧਰੀ ਅਤੇ ਵਿਜੇ ਚੌਧਰੀ ਦੇ ਨਾਲ ਇੱਕੋ ਗੱਡੀ ਵਿੱਚ ਰਾਜਭਵਨ ਪਹੁੰਚੇ ਅਤੇ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪਿਆ। ਅਸਤੀਫਾ ਦੇਣ ਤੋਂ ਬਾਅਦ ਨਿਤੀਸ਼ ਕੁਮਾਰ ਨੇ ਸੋਸ਼ਲ ਮੀਡੀਆ ‘ਤੇ ਲਿਖਿਆ, “ਹੁਣ ਨਵੀਂ ਸਰਕਾਰ ਇੱਥੋਂ ਦਾ ਕੰਮ ਦੇਖੇਗੀ। ਨਵੀਂ ਸਰਕਾਰ ਨੂੰ ਮੇਰਾ ਪੂਰਾ ਸਹਿਯੋਗ ਰਹੇਗਾ। ਅੱਗੇ ਵੀ ਬਹੁਤ ਵਧੀਆ ਕੰਮ ਹੋਵੇਗਾ ਅਤੇ ਬਿਹਾਰ ਬਹੁਤ ਅੱਗੇ ਵਧੇਗਾ।”

ਸਮਰਾਟ ਚੌਧਰੀ ਭਲਕੇ 15 ਅਪ੍ਰੈਲ ਨੂੰ ਸਵੇਰੇ 11 ਵਜੇ ਲੋਕ ਭਵਨ ਵਿਖੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਇਸ ਨਵੀਂ ਸਰਕਾਰ ਦੇ ਗਠਨ ਨਾਲ ਬਿਹਾਰ ਦੀ ਸਿਆਸਤ ਵਿੱਚ ਇੱਕ ਨਵਾਂ ਅਧਿਆਏ ਸ਼ੁਰੂ ਹੋਣ ਜਾ ਰਿਹਾ ਹੈ।