Punjab

ਡਾ. ਨਵਜੋਤ ਕੌਰ ਸਿੱਧੂ ਵੱਲੋਂ ‘ਭਾਰਤੀ ਰਾਸ਼ਟਰਵਾਦੀ ਪਾਰਟੀ’ ਦਾ ਐਲਾਨ

ਪੰਜਾਬ ਦੀ ਸਿਆਸਤ ਵਿੱਚ ਵੱਡੀ ਹਲਚਲ ਪੈਦਾ ਹੋ ਗਈ ਹੈ। ਸਾਬਕਾ ਕ੍ਰਿਕਟਰ ਤੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਭਾਰਤੀ ਰਾਸ਼ਟਰਵਾਦੀ ਪਾਰਟੀ ਦਾ ਐਲਾਨ ਕਰ ਦਿੱਤਾ ਹੈ। ਡਾ. ਸਿੱਧੂ ਦੇ ਇਹ ਐਲਾਨ ਕਾਂਗਰਸ ਵਿੱਚੋਂ ਕੱਢੇ ਜਾਣ ਤੋਂ ਮਹਿਜ਼ ਦੋ ਮਹੀਨੇ ਬਾਅਦ ਆਇਆ ਹੈ। ਉਨ੍ਹਾਂ ਨੇ ਰਾਹੁਲ ਗਾਂਧੀ ਵਿਰੁੱਧ ਇਤਰਾਜ਼ਯੋਗ ਟਿੱਪਣੀਆਂ ਅਤੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਉੱਤੇ ਤਿੱਖੇ ਹਮਲੇ ਕੀਤੇ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪਾਰਟੀ ਵਿੱਚੋਂ ਬਾਹਰ ਕਰ ਦਿੱਤਾ ਗਿਆ ਸੀ।

ਸੋਸ਼ਲ ਮੀਡੀਆ ਰਾਹੀਂ ਐਲਾਨ ਕਰਦਿਆਂ ਡਾ. ਨਵਜੋਤ ਕੌਰ ਸਿੱਧੂ ਨੇ ਇਸ ਫੈਸਲੇ ਨੂੰ ‘ਰੱਬੀ ਫੁਰਮਾਨ’ ਦੱਸਿਆ। ਉਨ੍ਹਾਂ ਕਿਹਾ ਕਿ ਨਵੀਂ ਪਾਰਟੀ ਪੰਜਾਬ ਦੀ ਗੁਆਚੀ ਹੋਈ ਸ਼ਾਨ ਬਹਾਲ ਕਰਕੇ ਇਸ ਨੂੰ ਮੁੜ ‘ਸੁਨਹਿਰੀ ਪੰਜਾਬ’ (Golden Punjab) ਬਣਾਉਣ ਲਈ ਕੰਮ ਕਰੇਗੀ। ਇਹ ਪਾਰਟੀ ਨਿਆਂ, ਸ਼ਾਂਤੀ ਅਤੇ ਅਧਿਆਤਮਿਕ ਗੁਣਾਂ ਉੱਤੇ ਅਧਾਰਿਤ ਹੋਵੇਗੀ। ਡਾ. ਸਿੱਧੂ ਨੇ ਲਿਖਿਆ, “ਬਹੁਤ ਉਡੀਕਿਆ ਐਲਾਨ”। ਉਨ੍ਹਾਂ ਮੁਤਾਬਕ ਮੌਜੂਦਾ ਰਾਜਨੀਤਿਕ ਪ੍ਰਣਾਲੀ ਅਤੇ ਨੇਤਾਵਾਂ ਦੇ ਕੰਮਕਾਜ ਦਾ ਡੂੰਘਾਈ ਨਾਲ ਅਧਿਐਨ ਕਰਨ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਇਸ ਪਲ ਦੀ ਬੇਸਬਰੀ ਨਾਲ ਉਡੀਕ ਕਰ ਰਹੀ ਸੀ । ਉਨ੍ਹਾਂ ਕਿਹਾ ਕਿ ਮੌਜੂਦਾ ਰਾਜਨੀਤਿਕ ਲੀਡਰਸ਼ਿਪ (Political leadership) ਦੇ ਪ੍ਰਦਰਸ਼ਨ ਦੀ ਸਮੀਖਿਆ ਕਰਨ ਤੋਂ ਬਾਅਦ, ਉਹ ਰਾਸ਼ਟਰੀ ਪੱਧਰ `ਤੇ ਇੱਕ `ਨਵਾਂ ਵਿਕਲਪ` ਬਣਾਉਣ ਲਈ ਕੰਮ ਕਰਨ ਦਾ ਇਰਾਦਾ ਰੱਖਦੀ ਹੈ । ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਆਪਣਾ ਜੀਵਨ ਰਾਸ਼ਟਰ ਦੀ ਸੇਵਾ ਲਈ ਸਮਰਪਿਤ ਕਰਨਾ ਚਾਹੁੰਦੀ ਹੈ ਅਤੇ ਲੋਕਾਂ ਨੂੰ ਉਨ੍ਹਾਂ ਅਧਿਕਾਰਾਂ ਨੂੰ ਬਹਾਲ ਕਰਨਾ ਚਾਹੁੰਦੀ ਹੈ ਜਿਨ੍ਹਾਂ ਦੇ ਉਹ ਹੱਕਦਾਰ ਹਨ ।

ਹਾਲਾਂਕਿ, ਨਵਜੋਤ ਸਿੰਘ ਸਿੱਧੂ ਦੀ ਇਸ ਨਵੀਂ ਪਾਰਟੀ ਵਿੱਚ ਭੂਮਿਕਾ ਅਜੇ ਰਹੱਸ ਬਣੀ ਹੋਈ ਹੈ। ਉਨ੍ਹਾਂ ਦੇ ਸੋਸ਼ਲ ਮੀਡੀਆ ਖਾਤਿਆਂ ਉੱਤੇ ਅਜੇ ਵੀ ਗਾਂਧੀ ਪਰਿਵਾਰ ਦੀਆਂ ਤਸਵੀਰਾਂ ਮੌਜੂਦ ਹਨ ਅਤੇ ਉਹ ਸਿਆਸਤ ਤੋਂ ਦੂਰ ਸ਼ੋਅਬਿਜ਼ ਵਿੱਚ ਰੁੱਝੇ ਹੋਏ ਹਨ। ਸਿਆਸੀ ਮਾਹਿਰ ਇਸ ਕਦਮ ਨੂੰ ਵਿਰੋਧੀ ਵੋਟਾਂ ਦੇ ਖਿੰਡਾਅ ਵਜੋਂ ਵੇਖ ਰਹੇ ਹਨ, ਜੋ 2027 ਚੋਣਾਂ ਵਿੱਚ ਵੱਡਾ ਅਸਰ ਪਾ ਸਕਦਾ ਹੈ।