Punjab Religion

ਅਕਾਲੀ ਦਲ ਪੁਨਰ ਸੁਰਜੀਤ ਨੂੰ ਵੱਡਾ ਝਟਕਾ! ਇੱਕ ਹੋਰ ਸੀਨੀਅਰ ਲੀਡਰ ਨੇ ਦਿੱਤਾ ਅਸਤੀਫ਼ਾ

ਬਿਊਰੋ ਰਿਪੋਰਟ (4 ਅਪ੍ਰੈਲ, 2026): ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਿੱਚ ਉਸ ਵੇਲੇ ਵੱਡਾ ਬਿਖੇੜਾ ਖੜ੍ਹਾ ਹੋ ਗਿਆ ਜਦੋਂ ਪਾਰਟੀ ਦੇ ਸੀਨੀਅਰ ਲੀਡਰ ਅਤੇ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਦੇ ਸਪੁੱਤਰ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਆਪਣੇ ਸਾਰੇ ਅਹੁਦਿਆਂ ਅਤੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ। ਮੱਖਣ ਬਰਾੜ ਨੇ ਸੋਸ਼ਲ ਮੀਡੀਆ ’ਤੇ ਇੱਕ ਲੰਬੀ ਪੋਸਟ ਸਾਂਝੀ ਕਰਦਿਆਂ ਪਾਰਟੀ ਲੀਡਰਸ਼ਿਪ ਵਿਰੁੱਧ ਬੇਹੱਦ ਤਿੱਖੇ ਸਵਾਲ ਖੜ੍ਹੇ ਕੀਤੇ ਹਨ।

ਏਜੰਸੀਆਂ ਦੀ ਸਾਜ਼ਿਸ਼ ਦਾ ਦਾਅਵਾ

ਮੱਖਣ ਬਰਾੜ ਨੇ ਇਲਜ਼ਾਮ ਲਾਇਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਂ ’ਤੇ ਕੌਮ ਨੂੰ ਭਾਵੁਕ ਕਰਕੇ ਇਕ ਵੱਡੀ ਸਾਜ਼ਿਸ਼ ਰਚੀ ਗਈ ਸੀ, ਜਿਸ ਦਾ ਮਕਸਦ ਪੰਥ ਦੀ ਮਾਂ ਜਥੇਬੰਦੀ (ਸ਼੍ਰੋਮਣੀ ਅਕਾਲੀ ਦਲ) ਨੂੰ ਕਮਜ਼ੋਰ ਕਰਨਾ ਸੀ। ਉਨ੍ਹਾਂ ਕਿਹਾ ਕਿ ਇਸ ਸਾਜ਼ਿਸ਼ ਪਿੱਛੇ ਕੇਂਦਰੀ ਏਜੰਸੀਆਂ ਅਤੇ ਪੰਜਾਬ ਦੀ ਮੌਜੂਦਾ ‘ਆਪ’ ਸਰਕਾਰ ਦਾ ਹੱਥ ਹੈ।

ਮਨਪ੍ਰੀਤ ਇਆਲੀ ਅਤੇ ਗਿਆਨੀ ਹਰਪ੍ਰੀਤ ਸਿੰਘ ਤੇ ਨਿਸ਼ਾਨਾ

ਬਰਾੜ ਨੇ ਮਨਪ੍ਰੀਤ ਸਿੰਘ ਇਆਲੀ ‘ਤੇ ਵਪਾਰਕ ਹਿੱਤਾਂ ਲਈ ਸਰਕਾਰ ਨਾਲ ਮਿਲੇ ਹੋਣ ਦਾ ਇਲਜ਼ਾਮ ਲਾਉਂਦਿਆਂ ਕਿਹਾ ਕਿ ਇਆਲੀ ਸਿਰਫ਼ ਅਕਾਲੀ ਦਲ ਖ਼ਿਲਾਫ਼ ਬੋਲਦੇ ਹਨ ਪਰ ਸਰਕਾਰ ਵਿਰੁੱਧ ਚੁੱਪ ਵੱਟ ਲੈਂਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਆਲੀ ਨੂੰ ਡਿਪਟੀ ਸੀ.ਐੱਮ. ਬਣਨ ਦੀ ਪੇਸ਼ਕਸ਼ ਵੀ ਆਈ ਸੀ। ਇਸੇ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਬਾਰੇ ਉਨ੍ਹਾਂ ਕਿਹਾ ਕਿ ਉਹ ਦਿੱਲੀ ਦੇ ਇਸ਼ਾਰੇ ’ਤੇ ਪੰਥਕ ਜਮਾਤ ਨੂੰ ਖ਼ਤਮ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਵਰਤੋਂ ਕਰ ਰਹੇ ਹਨ।

ਮੱਖਣ ਬਰਾੜ ਨੇ ਭਰੇ ਮਨ ਨਾਲ ਕਿਹਾ ਕਿ ਉਨ੍ਹਾਂ ਨੂੰ ਅਫ਼ਸੋਸ ਹੈ ਕਿ ਉਹ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਲੀ ਇਸ ਸਾਜ਼ਿਸ਼ ਦਾ ਹਿੱਸਾ ਬਣੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜ਼ਮੀਰ ਹੁਣ ਇਸ ਦੀ ਇਜਾਜ਼ਤ ਨਹੀਂ ਦਿੰਦੀ, ਇਸ ਲਈ ਉਹ ਪਾਰਟੀ ਛੱਡ ਰਹੇ ਹਨ ਅਤੇ ਜਲਦੀ ਹੀ ਪੰਥ ਦੀ ਕਚਹਿਰੀ ਵਿੱਚ ਹੋਰ ਸੱਚ ਸਾਹਮਣੇ ਰੱਖਣਗੇ।