Punjab

ਚੰਡੀਗੜ੍ਹ ਭਾਜਪਾ ਦੇ ਦਫ਼ਤਰ ਹਮਲੇ ‘ਚ ਖੁਲਾਸਾ, ਹਮਲੇ ‘ਚ ਪਾਕਿਸਤਾਨ ‘ਚ ਬਣੇ ਗ੍ਰਨੇਡ ਦੀ ਕੀਤੀ ਗਈ ਵਰਤੋਂ

ਚੰਡੀਗੜ੍ਹ ਦੇ ਸੈਕਟਰ 37 ਵਿੱਚ ਪੰਜਾਬ ਭਾਜਪਾ ਹੈੱਡਕੁਆਰਟਰ ਦੇ ਬਾਹਰ ਹੋਏ ਧਮਾਕੇ ਸਬੰਧੀ ਨਵੇਂ ਖੁਲਾਸੇ ਸਾਹਮਣੇ ਆਏ ਹਨ। ਦੈਨਿਕ ਭਾਸਕਰ ਦੀ ਇੱਕ ਖ਼ਬਰ ਦੇ ਮੁਤਾਬਕ ਹਮਲੇ ਵਿੱਚ ਇੱਕ GHD2P ਹੈਂਡ ਗ੍ਰਨੇਡ ਦੀ ਵਰਤੋਂ ਕੀਤੀ ਗਈ ਸੀ। ਇਹ ਗ੍ਰਨੇਡ ਪਾਕਿਸਤਾਨ ਵਿੱਚ ਬਣਿਆ ਹੈ।

ਜਾਣਕਾਰੀ ਅਨੁਸਾਰ, ਗ੍ਰਨੇਡ ਨੂੰ ਭਾਜਪਾ ਦਫ਼ਤਰ ਤੋਂ ਲਗਭਗ 30 ਫੁੱਟ ਦੀ ਦੂਰੀ ਤੋਂ ਸੁੱਟਿਆ ਗਿਆ ਸੀ। ਇਸ ਦਾ ਲੈਂਡਿੰਗ ਪੁਆਇੰਟ ਤੋਂ ਮੁੱਖ ਗੇਟ ਤੱਕ ਦੀ ਦੂਰੀ ਲਗਭਗ 25 ਫੁੱਟ ਦੱਸੀ ਜਾ ਰਹੀ ਹੈ। ਧਮਾਕਾ ਹੋਣ ਤੋਂ ਬਾਅਦ ਇਸ ਦਾ ਪ੍ਰਭਾਵ 5 ਤੋਂ 10 ਮੀਟਰ ਦੇ ਘੇਰੇ ਵਿਚ ਬਹੁਤ ਘਾਤਕ ਸੀ ਅਤੇ ਟੁਕੜੇ 20 ਤੋਂ 25 ਮੀਟਰ ਤੱਕ ਫੈਲ ਸਕਦੇ ਸਨ, ਜਿਸ ਨਾਲ ਨੇੜੇ ਖੜ੍ਹੇ ਲੋਕਾਂ ਨੂੰ ਗੰਭੀਰ ਸੱਟਾਂ ਲੱਗਣ ਦਾ ਖ਼ਤਰਾ ਸੀ। ਹਾਲਾਂਕਿ ਇਸ ਹਮਲੇ ਵਿਚ ਕਿਸੇ ਵੀ ਵਿਅਕਤੀ ਨੂੰ ਸੱਟ ਨਹੀਂ ਲੱਗੀ ਅਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਨੇੜੇ ਖੜ੍ਹੀਆਂ ਗੱਡੀਆਂ ਅਤੇ ਸਕੂਟੀ ਨੂੰ ਨੁਕਸਾਨ ਤਾਂ ਜ਼ਰੂਰ ਪਹੁੰਚਿਆ।

ਦੋ ਨਵੀਆਂ ਵੀਡੀਓਆਂ ਵੀ ਸਾਹਮਣੇ ਆਈਆਂ ਹਨ। ਇੱਕ ਵੀਡੀਓ ਵਿਚ ਹਮਲੇ ਤੋਂ ਕੁਝ ਮਿੰਟ ਪਹਿਲਾਂ ਦੋ ਸ਼ੱਕੀ ਵਿਅਕਤੀ ਭਾਜਪਾ ਦਫ਼ਤਰ ਦੇ ਨੇੜੇ ਇੱਕ ਹੋਰ ਦਫ਼ਤਰ ਦੇ ਬਾਹਰ ਖੜ੍ਹੇ ਦਿਖਾਈ ਦਿੰਦੇ ਹਨ। ਦੂਜੀ ਵੀਡੀਓ ਵਿਚ ਧਮਾਕੇ ਤੋਂ ਬਾਅਦ ਉਹ ਦੋਵੇਂ ਸੜਕ ਪਾਰ ਭੱਜਦੇ ਨਜ਼ਰ ਆ ਰਹੇ ਹਨ। ਇੱਕ ਵੀਡੀਓ ਵਿਚ ਇੱਕ ਵਿਅਕਤੀ ਗ੍ਰਨੇਡ ਦਾ ਪਿੰਨ ਖਿੱਚ ਕੇ ਸੁੱਟਦਾ ਵੀ ਰਿਕਾਰਡ ਹੋਇਆ ਹੈ।

ਚੰਡੀਗੜ੍ਹ ਐਸਐਸਪੀ ਕੰਵਰਦੀਪ ਕੌਰ ਨੇ ਦੱਸਿਆ ਕਿ ਘਟਨਾ ਸਥਾਨ ’ਤੇ ਕੱਚੇ ਪਦਾਰਥ ਵਰਗਾ ਕੋਈ ਪਦਾਰਥ ਸੁੱਟਿਆ ਗਿਆ ਸੀ। ਪੁਲਿਸ ਅਤੇ ਸੀਐਫਐਸਐਲ ਟੀਮ ਘਟਨਾ ਸਥਾਨ ’ਤੇ ਜਾਂਚ ਕਰ ਰਹੀ ਹੈ। ਧਮਾਕੇ ਵਾਲੀ ਥਾਂ ’ਤੇ ਅਕਸਰ ਸੈਲਾਨੀ ਆਪਣੀਆਂ ਗੱਡੀਆਂ ਪਾਰਕ ਕਰਦੇ ਹਨ ਅਤੇ ਘਟਨਾ ਵੇਲੇ ਵੀ ਉੱਥੇ ਵਾਹਨ ਖੜ੍ਹੇ ਸਨ।

ਮੁੱਖ ਗੇਟ ਨੇੜੇ ਸੁਰੱਖਿਆ ਕਰਮਚਾਰੀਆਂ ਲਈ ਇੱਕ ਕੈਬਿਨ ਵੀ ਹੈ, ਜਿਸ ਵਿਚ ਸੀਆਰਪੀਐਫ ਦੇ ਦੋ ਕਰਮਚਾਰੀ 24 ਘੰਟੇ ਤਾਇਨਾਤ ਰਹਿੰਦੇ ਹਨ ਅਤੇ ਚੰਡੀਗੜ੍ਹ ਪੁਲਿਸ ਵੀ ਮੌਜੂਦ ਹੈ। ਪੁਲਿਸ ਦੋ ਸ਼ੱਕੀਆਂ ਦੀ ਭਾਲ ਕਰ ਰਹੀ ਹੈ ਅਤੇ ਘਟਨਾ ਦੀ ਡੂੰਘਾਈ ਨਾਲ ਜਾਂਚ ਚੱਲ ਰਹੀ ਹੈ।