ਬਿਊਰੋ ਰਿਪੋਰਟ (1 ਅਪ੍ਰੈਲ, 2026): ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਵੱਲੋਂ ਸਹਾਇਕ ਲਾਈਨ ਮੈਨ (ALM) ਦੀ ਭਰਤੀ ਪ੍ਰਕਿਰਿਆ ਵਿੱਚ ਕੀਤੇ ਗਏ ਇੱਕ ਵੱਡੇ ਬਦਲਾਅ ਨੇ ਸੂਬੇ ਵਿੱਚ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ। ਪਾਵਰਕਾਮ ਵੱਲੋਂ ਜਾਰੀ ਤਾਜ਼ਾ ਨੋਟੀਫਿਕੇਸ਼ਨ ਵਿੱਚ 10ਵੀਂ ਜਮਾਤ ਵਿੱਚ ਪੰਜਾਬੀ ਵਿਸ਼ੇ ਦੀ ਲਾਜ਼ਮੀ ਸ਼ਰਤ ਨੂੰ ਹਟਾ ਦਿੱਤਾ ਗਿਆ ਹੈ। ਇਸ ਫ਼ੈਸਲੇ ਵਿਰੁੱਧ ਵਿਦਿਆਰਥੀ ਜਥੇਬੰਦੀ ‘ਸੱਥ’ ਨੇ ਮੋਰਚਾ ਖੋਲ੍ਹਦਿਆਂ ਇਸ ਨੂੰ ਪੰਜਾਬ ਵਿਰੋਧੀ ਕਦਮ ਕਰਾਰ ਦਿੱਤਾ ਹੈ।
ਪਹਿਲਾਂ ਲਾਜ਼ਮੀ ਸੀ ਪੰਜਾਬੀ, ਹੁਣ ਖ਼ਤਮ
ਜ਼ਿਕਰਯੋਗ ਹੈ ਕਿ 27 ਮਾਰਚ ਨੂੰ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਵਿੱਚ 10ਵੀਂ ਵਿੱਚ ਪੰਜਾਬੀ ਪਾਸ ਹੋਣਾ ਲਾਜ਼ਮੀ ਸੀ, ਜਿਸ ਕਾਰਨ ਸਿਰਫ਼ ਪੰਜਾਬ ਦੇ ਨੌਜਵਾਨ ਹੀ ਨੌਕਰੀ ਦੇ ਯੋਗ ਸਨ। ਪਰ 30 ਮਾਰਚ ਨੂੰ ਨਵਾਂ ਨੋਟੀਫਿਕੇਸ਼ਨ ਜਾਰੀ ਕਰਕੇ ਇਸ ਸ਼ਰਤ ਨੂੰ ਖ਼ਤਮ ਕਰ ਦਿੱਤਾ ਗਿਆ। ਜਥੇਬੰਦੀ ‘ਸੱਥ’ ਦਾ ਕਹਿਣਾ ਹੈ ਕਿ ਅਜਿਹਾ ਕਰਨ ਨਾਲ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਉਮੀਦਵਾਰਾਂ ਲਈ ਪੰਜਾਬ ਵਿੱਚ ਨੌਕਰੀਆਂ ਦੇ ਰਾਹ ਪੱਧਰੇ ਕੀਤੇ ਗਏ ਹਨ, ਜੋ ਸਿੱਧੇ ਤੌਰ ’ਤੇ ਪੰਜਾਬੀ ਨੌਜਵਾਨਾਂ ਨਾਲ ਧੋਖਾ ਹੈ।

ਵਿਦਿਆਰਥੀ ਜਥੇਬੰਦੀ ਦੀ ਚਿਤਾਵਨੀ
‘ਸੱਥ’ ਦੇ ਆਗੂਆਂ ਨੇ ਮੰਗ ਕੀਤੀ ਹੈ ਕਿ 30 ਮਾਰਚ ਵਾਲਾ ਨਵਾਂ ਨੋਟੀਫਿਕੇਸ਼ਨ ਤੁਰੰਤ ਰੱਦ ਕੀਤਾ ਜਾਵੇ ਅਤੇ ਪਹਿਲਾਂ ਵਾਂਗ 10ਵੀਂ ਵਿੱਚ ਪੰਜਾਬੀ ਵਿਸ਼ੇ ਦੀ ਸ਼ਰਤ ਮੁੜ ਲਾਗੂ ਕੀਤੀ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਇਹ ਫੈਸਲਾ ਵਾਪਸ ਨਾ ਲਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।

