Punjab

DM ਰੰਧਾਵਾ ਕੇਸ: ਪੰਜਾਬ ਪੁਲਿਸ ਦੀ ਹਿਰਾਸਤ ’ਚ ਨੌਜਵਾਨ ਖ਼ਤਮ

ਅੰਮ੍ਰਿਤਸਰ (1 ਅਪ੍ਰੈਲ, 2026): ਪੰਜਾਬ ਵੇਅਰਹਾਊਸ ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਦੀ ਖੁਦਕੁਸ਼ੀ ਤੋਂ ਬਾਅਦ ਹੁਣ ਇਸ ਮਾਮਲੇ ਵਿੱਚ ਇੱਕ ਨਵਾਂ ਮੋੜ ਆ ਗਿਆ ਹੈ। ਰੰਧਾਵਾ ਦੇ ਘਰ ਦੀਆਂ ਤਾਰਾਂ ਕੱਟਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤੇ ਗਏ 24 ਸਾਲਾ ਨੌਜਵਾਨ ਗੁਰਬਖਸ਼ ਸਿੰਘ ਦੀ ਅੱਜ ਪੁਲਿਸ ਹਿਰਾਸਤ ਵਿੱਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅੰਮ੍ਰਿਤਸਰ ਦੇ ਫੈਜ਼ਪੁਰਾ (ਨਵੀਂ ਅਬਾਦੀ) ਦੇ ਰਹਿਣ ਵਾਲੇ ਵਜੋਂ ਹੋਈ ਹੈ।

ਮ੍ਰਿਤਕ ਗੁਰਬਖਸ਼ ਸਿੰਘ ਦੇ ਵਾਰਸਾਂ ਨੇ ਪੁਲਿਸ ਪ੍ਰਸ਼ਾਸਨ ’ਤੇ ਗੰਭੀਰ ਇਲਜ਼ਾਮ ਲਗਾਉਂਦਿਆਂ ਕਿਹਾ ਹੈ ਕਿ ਨੌਜਵਾਨ ਦੀ ਮੌਤ ਕੁਦਰਤੀ ਨਹੀਂ, ਸਗੋਂ ਪੁਲਿਸ ਹਿਰਾਸਤ ਦੌਰਾਨ ਕੀਤੀ ਗਈ ਬੇਰਹਿਮੀ ਨਾਲ ਕੁੱਟਮਾਰ ਕਾਰਨ ਹੋਈ ਹੈ। ਪਰਿਵਾਰ ਅਨੁਸਾਰ ਪੁਲਿਸ ਨੇ ਨੌਜਵਾਨ ਨੂੰ ਤਾਰਾਂ ਕੱਟਣ ਦੇ ਮਾਮਲੇ ਵਿੱਚ ਫੜਿਆ ਸੀ, ਪਰ ਹਿਰਾਸਤ ਵਿੱਚ ਉਸ ਉੱਤੇ ਤਸ਼ੱਦਦ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਵੇਅਰਹਾਊਸ ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਨੇ ਕਥਿਤ ਤੌਰ ’ਤੇ ਖੁਦਕੁਸ਼ੀ ਕਰ ਲਈ ਸੀ। ਇਸ ਮਾਮਲੇ ਦੀ ਜਾਂਚ ਦੌਰਾਨ ਪੁਲਿਸ ਨੇ ਗੁਰਬਖਸ਼ ਸਿੰਘ ਨੂੰ ਇਹ ਇਲਜ਼ਾਮ ਲਗਾ ਕੇ ਗ੍ਰਿਫ਼ਤਾਰ ਕੀਤਾ ਸੀ ਕਿ ਉਸਨੇ ਅਧਿਕਾਰੀ ਦੇ ਘਰ ਦੀਆਂ ਬਿਜਲੀ ਦੀਆਂ ਤਾਰਾਂ ਕੱਟੀਆਂ ਸਨ। ਹੁਣ ਨੌਜਵਾਨ ਦੀ ਮੌਤ ਤੋਂ ਬਾਅਦ ਇਲਾਕੇ ਵਿੱਚ ਤਣਾਅ ਦਾ ਮਾਹੌਲ ਹੈ ਅਤੇ ਪੁਲਿਸ ਵੱਲੋਂ ਇਸ ਮਾਮਲੇ ’ਤੇ ਅਧਿਕਾਰਤ ਪੁਸ਼ਟੀ ਹੋਣੀ ਅਜੇ ਬਾਕੀ ਹੈ।