ਤਹਿਰਾਨ/ਵਾਸ਼ਿੰਗਟਨ (29 ਮਾਰਚ, 2026): ਪੱਛਮੀ ਏਸ਼ੀਆ ਵਿੱਚ ਜੰਗ ਦੇ ਬੱਦਲ ਹੋਰ ਗੂੜ੍ਹੇ ਹੋ ਗਏ ਹਨ। ਈਰਾਨ ਦੇ ਪ੍ਰਮੁੱਖ ਅਖ਼ਬਾਰ ‘ਤੇਹਰਾਨ ਟਾਈਮਜ਼’ ਨੇ ਆਪਣੇ ਵਿਸ਼ੇਸ਼ ਅੰਕ ਰਾਹੀਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਖੁੱਲ੍ਹੀ ਚਿਤਾਵਨੀ ਦਿੱਤੀ ਹੈ। ਅਖ਼ਬਾਰ ਨੇ ਆਪਣੇ ਮੁੱਖ ਪੰਨੇ ’ਤੇ ਅਮਰੀਕੀ ਸੈਨਿਕਾਂ ਦੀ ਤਸਵੀਰ ਛਾਪਦਿਆਂ ਕੈਪਸ਼ਨ ਲਿਖਿਆ ਹੈ- “ਨਰਕ ਵਿੱਚ ਤੁਹਾਡਾ ਸਵਾਗਤ ਹੈ।”
ਅਖ਼ਬਾਰ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਹੈ ਕਿ ਜਿਹੜਾ ਵੀ ਅਮਰੀਕੀ ਸੈਨਿਕ ਈਰਾਨ ਦੀ ਧਰਤੀ ’ਤੇ ਕਦਮ ਰੱਖੇਗਾ, ਉਸ ਨੂੰ ਤਾਬੂਤ ਵਿੱਚ ਹੀ ਵਾਪਸ ਜਾਣਾ ਪਵੇਗਾ।
Special issue of the Tehran Times
Stay tuned for straight truth pic.twitter.com/GGXRGuFkMv
— Tehran Times (@TehranTimes79) March 27, 2026
ਟਰੰਪ ਦੀ 10 ਹਜ਼ਾਰ ਵਾਧੂ ਸੈਨਿਕਾਂ ਦੀ ਤਿਆਰੀ
ਦੂਜੇ ਪਾਸੇ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਈਰਾਨ ਖ਼ਿਲਾਫ਼ ਜੰਗ ਲਈ 10 ਹਜ਼ਾਰ ਵਾਧੂ ਸੈਨਿਕਾਂ ਦੀ ਤਾਇਨਾਤੀ ਦੀ ਯੋਜਨਾ ਬਣਾ ਰਹੇ ਹਨ। ਟਰੰਪ ਦਾ ਦਾਅਵਾ ਹੈ ਕਿ ਅਮਰੀਕਾ ਇਸ ਜੰਗ ਵਿੱਚ ਜਿੱਤ ਵੱਲ ਵਧ ਰਿਹਾ ਹੈ। ਇਸ ਦੌਰਾਨ ਹੋਰਮੁਜ਼ ਲਾਂਘੇ (Strait of Hormuz) ਨੂੰ ਖੋਲ੍ਹਣ ਦੀ ਸਮਾਂ ਸੀਮਾ ਵੀ ਦੋ ਵਾਰ ਵਧਾਈ ਜਾ ਚੁੱਕੀ ਹੈ, ਜਿਸ ਨੇ ਖੇਤਰ ਵਿੱਚ ਅਸਥਿਰਤਾ ਹੋਰ ਵਧਾ ਦਿੱਤੀ ਹੈ।
ਸਊਦੀ ਅਰਬ ਵਿੱਚ ਅਮਰੀਕੀ ਸੈਨਿਕਾਂ ’ਤੇ ਹਮਲਾ
ਪਿਛਲੇ ਹਫ਼ਤੇ ਸਊਦੀ ਅਰਬ ਦੇ ‘ਪ੍ਰਿੰਸ ਸੁਲਤਾਨ’ ਹਵਾਈ ਅੱਡੇ ’ਤੇ ਹੋਏ ਈਰਾਨੀ ਹਮਲਿਆਂ ਵਿੱਚ 24 ਤੋਂ ਵੱਧ ਅਮਰੀਕੀ ਸੈਨਿਕ ਜ਼ਖ਼ਮੀ ਹੋ ਗਏ ਹਨ। ਈਰਾਨ ਨੇ ਸ਼ੁੱਕਰਵਾਰ ਨੂੰ ਇਸ ਅੱਡੇ ’ਤੇ 6 ਬੈਲਿਸਟਿਕ ਮਿਜ਼ਾਈਲਾਂ ਅਤੇ 29 ਡਰੋਨ ਦਾਗੇ ਸਨ। ਇਸ ਹਮਲੇ ਵਿੱਚ ਘੱਟੋ-ਘੱਟ 15 ਸੈਨਿਕ ਜ਼ਖ਼ਮੀ ਹੋਏ, ਜਿਨ੍ਹਾਂ ਵਿੱਚੋਂ 5 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਅਮਰੀਕੀ ਅਧਿਕਾਰੀਆਂ ਨੇ ਸ਼ੁਰੂਆਤੀ ਰਿਪੋਰਟਾਂ ਵਿੱਚ 10 ਸੈਨਿਕਾਂ ਦੇ ਜ਼ਖ਼ਮੀ ਹੋਣ ਦੀ ਗੱਲ ਕਹੀ ਸੀ। ਰਿਆਦ ਤੋਂ ਲਗਭਗ 96 ਕਿਲੋਮੀਟਰ ਦੂਰ ਸਥਿਤ ਇਹ ਏਅਰਬੇਸ ਰਾਇਲ ਸਾਊਦੀ ਏਅਰ ਫੋਰਸ ਦਾ ਹੈ, ਪਰ ਅਮਰੀਕੀ ਸੈਨਿਕ ਵੀ ਇਸ ਦੀ ਵਰਤੋਂ ਕਰਦੇ ਹਨ।

