Punjab

ਡੀਐਮ ਰੰਧਾਵਾ ਕੇਸ ’ਚ ਜਾਖੜ ਦਾ ਵੱਡਾ ਐਲਾਨ! ਕੱਲ੍ਹ ਰਾਜਪਾਲ ਨੂੰ ਮਿਲੇਗਾ ਭਾਜਪਾ ਦਾ ਵਫ਼ਦ

ਅੰਮ੍ਰਿਤਸਰ (24 ਮਾਰਚ, 2026): ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਅੱਜ ਅੰਮ੍ਰਿਤਸਰ ਵਿਖੇ ਡੀਐਮ ਗਗਨਦੀਪ ਸਿੰਘ ਰੰਧਾਵਾ ਦੀ ਅੰਤਿਮ ਯਾਤਰਾ ਵਿੱਚ ਸ਼ਾਮਲ ਹੋਏ। ਮ੍ਰਿਤਕ ਦੇਹ ਨੂੰ ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ ਜਾਖੜ ਨੇ ਐਲਾਨ ਕੀਤਾ ਕਿ ਪਾਰਟੀ ਦਾ ਇੱਕ ਉੱਚ ਪੱਧਰੀ ਵਫ਼ਦ ਬੁੱਧਵਾਰ ਨੂੰ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕਰੇਗਾ ਅਤੇ ਇਸ ਪੂਰੇ ਮਾਮਲੇ ਦੀ ਸੀਬੀਆਈ (CBI) ਜਾਂਚ ਕਰਵਾਉਣ ਦੀ ਅਪੀਲ ਕਰੇਗਾ।

ਜਾਖੜ ਨੇ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਇਸ ਕੇਸ ਵਿੱਚ ਸਿਰਫ਼ ‘ਡਰਾਮੇਬਾਜ਼ੀ’ ਕੀਤੀ ਜਾ ਰਹੀ ਹੈ। ਉਨ੍ਹਾਂ ਸਵਾਲ ਚੁੱਕਿਆ ਕਿ ਇੱਕ ਪਾਸੇ ਮੁੱਖ ਮੰਤਰੀ ਕਹਿ ਰਹੇ ਹਨ ਕਿ ਉਨ੍ਹਾਂ ਨੇ ਮੰਤਰੀ ਦਾ ਅਸਤੀਫ਼ਾ ਲਿਆ ਹੈ, ਜਦਕਿ ਲਾਲਜੀਤ ਭੁੱਲਰ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਖ਼ੁਦ ਅਸਤੀਫ਼ਾ ਦਿੱਤਾ ਹੈ। ਇਸੇ ਤਰ੍ਹਾਂ ਗ੍ਰਿਫ਼ਤਾਰੀ ਅਤੇ ਆਤਮ-ਸਮਰਪਣ (Surrender) ਨੂੰ ਲੈ ਕੇ ਵੀ ਪੁਲਿਸ ਅਤੇ ਮੰਤਰੀ ਦੇ ਬਿਆਨਾਂ ਵਿੱਚ ਵੱਡਾ ਫਰਕ ਹੈ।

ਸੁਨੀਲ ਜਾਖੜ ਨੇ ਕਿਹਾ ਕਿ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਸੀਬੀਆਈ ਜਾਂਚ ਬੇਹੱਦ ਜ਼ਰੂਰੀ ਹੈ। ਉਨ੍ਹਾਂ ਇਲਜ਼ਮ ਲਾਇਆ ਕਿ ਇਹ ਜਾਂਚ ਇਸ ਲਈ ਵੀ ਹੋਣੀ ਚਾਹੀਦੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਮੰਤਰੀ ਵੱਲੋਂ ਚਲਾਏ ਜਾ ਰਹੇ ਕਥਿਤ ਵਸੂਲੀ ਗੈਂਗ ਰਾਹੀਂ ਇਕੱਠਾ ਕੀਤਾ ਪੈਸਾ ਕਿੱਥੇ ਭੇਜਿਆ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰੀ ਗ੍ਰਹਿ ਮੰਤਰੀ ਸੀਬੀਆਈ ਜਾਂਚ ਦੇ ਸੰਕੇਤ ਨਾ ਦਿੰਦੇ, ਤਾਂ ਸ਼ਾਇਦ ਲਾਲਜੀਤ ਭੁੱਲਰ ਅਜੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੁੰਦੇ।