ਨਵੀਂ ਦਿੱਲੀ (24 ਮਾਰਚ, 2026): ਪਿਛਲੇ 13 ਸਾਲਾਂ ਤੋਂ ਕੋਮਾ ਵਿੱਚ ਚੱਲ ਰਹੇ 31 ਸਾਲਾ ਹਰੀਸ਼ ਰਾਣਾ ਦੀ ਮੰਗਲਵਾਰ ਨੂੰ ਦਿੱਲੀ ਦੇ ਏਮਜ਼ (AIIMS) ਹਸਪਤਾਲ ਵਿੱਚ ਮੌਤ ਹੋ ਗਈ। ਪੀਟੀਆਈ (PTI) ਅਨੁਸਾਰ ਸੁਪਰੀਮ ਕੋਰਟ ਵੱਲੋਂ 11 ਮਾਰਚ ਨੂੰ ਦਿੱਤੀ ਗਈ ਇਤਿਹਾਸਕ ਇਜਾਜ਼ਤ ਤੋਂ ਬਾਅਦ ਇਹ ਦੇਸ਼ ਦਾ ਪਹਿਲਾ ਅਜਿਹਾ ਮਾਮਲਾ ਹੈ ਜਿੱਥੇ ਕਿਸੇ ਮਰੀਜ਼ ਨੂੰ ‘ਪੈਸਿਵ ਯੂਥਨੇਸ਼ੀਆ’ (ਇੱਛਾ ਮੌਤ) ਦਿੱਤੀ ਗਈ ਹੈ।
ਕੀ ਹੁੰਦਾ ਹੈ ਪੈਸਿਵ ਯੂਥਨੇਸ਼ੀਆ?
ਏਮਜ਼ ਦੇ ਡਾਕਟਰਾਂ ਨੇ 16 ਮਾਰਚ ਨੂੰ ਹਰੀਸ਼ ਦੀ ਫੀਡਿੰਗ ਟਿਊਬ (ਖਾਣ-ਪੀਣ ਵਾਲੀ ਨਲੀ) ਹਟਾ ਦਿੱਤੀ ਸੀ। ਪੈਸਿਵ ਯੂਥਨੇਸ਼ੀਆ ਦਾ ਮਤਲਬ ਹੈ ਕਿ ਜਦੋਂ ਕਿਸੇ ਗੰਭੀਰ ਮਰੀਜ਼ ਨੂੰ ਜਿਊਂਦਾ ਰੱਖਣ ਲਈ ਦਿੱਤੇ ਜਾ ਰਹੇ ਬਾਹਰੀ ਲਾਈਫ਼ ਸਪੋਰਟ ਜਾਂ ਇਲਾਜ ਨੂੰ ਰੋਕ ਦਿੱਤਾ ਜਾਂਦਾ ਹੈ, ਤਾਂ ਜੋ ਮਰੀਜ਼ ਦੀ ਕੁਦਰਤੀ ਤੌਰ ’ਤੇ ਮੌਤ ਹੋ ਸਕੇ।
ਹਾਦਸੇ ਨੇ ਬਦਲ ਦਿੱਤੀ ਸੀ ਜ਼ਿੰਦਗੀ
ਹਰੀਸ਼ ਰਾਣਾ ਦਿੱਲੀ ਦਾ ਰਹਿਣ ਵਾਲਾ ਸੀ ਅਤੇ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਤੋਂ ਬੀ.ਟੈਕ ਕਰ ਰਿਹਾ ਸੀ। ਸਾਲ 2013 ਵਿੱਚ ਹੋਸਟਲ ਦੀ ਚੌਥੀ ਮੰਜ਼ਿਲ ਤੋਂ ਡਿੱਗਣ ਕਾਰਨ ਉਸ ਦੇ ਪੂਰੇ ਸਰੀਰ ਵਿੱਚ ਲਕਵਾ ਮਾਰ ਗਿਆ ਅਤੇ ਉਹ ਕੋਮਾ ਵਿੱਚ ਚਲਾ ਗਿਆ। ਉਹ ‘ਕਵਾਡ੍ਰੀਪਲੇਜੀਆ’ ਨਾਮਕ ਬਿਮਾਰੀ ਨਾਲ ਪੀੜਤ ਸੀ, ਜਿਸ ਵਿੱਚ ਠੀਕ ਹੋਣ ਦੀ ਕੋਈ ਉਮੀਦ ਨਹੀਂ ਸੀ। ਲੰਬੇ ਸਮੇਂ ਤੋਂ ਬਿਸਤਰ ’ਤੇ ਰਹਿਣ ਕਾਰਨ ਉਸ ਦੇ ਸਰੀਰ ’ਤੇ ਡੂੰਘੇ ਜ਼ਖ਼ਮ (Bedsores) ਵੀ ਹੋ ਗਏ ਸਨ।
ਹਰੀਸ਼ ਦੀ ਮਾਂ ਨਿਰਮਲਾ ਦੇਵੀ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਬੇਟੇ ਦੇ ਇਲਾਜ ਲਈ ਹਰ ਸੰਭਵ ਕੋਸ਼ਿਸ਼ ਕੀਤੀ, ਪਰ ਕੋਈ ਸੁਧਾਰ ਨਹੀਂ ਹੋਇਆ। ਪਰਿਵਾਰ ਨਾ ਸਿਰਫ਼ ਮਾਨਸਿਕ ਤੌਰ ’ਤੇ ਸਗੋਂ ਆਰਥਿਕ ਤੌਰ ’ਤੇ ਵੀ ਪੂਰੀ ਤਰ੍ਹਾਂ ਟੁੱਟ ਚੁੱਕਾ ਸੀ। ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਉਨ੍ਹਾਂ ਕਿਹਾ ਸੀ ਕਿ ਉਹ ਹੁਣ ਸਿਰਫ਼ ਇਹੀ ਪ੍ਰਾਰਥਨਾ ਕਰਦੇ ਹਨ ਕਿ ਉਨ੍ਹਾਂ ਦੇ ਪੁੱਤਰ ਨੂੰ ਇਸ ਅਸਹਿ ਪੀੜਾ ਤੋਂ ਮੁਕਤੀ ਮਿਲ ਜਾਵੇ।

