Punjab

MLA ਅਨਮੋਲ ਗਗਨ ਮਾਨ ਦੇ ਪਤੀ ਨੂੰ ਦੋ ਸਾਲ ਦੀ ਸਜ਼ਾ

ਡੇਰਾਬੱਸੀ ਅਦਾਲਤ ਨੇ ਖਰੜ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਅਨਮੋਲ ਗਗਨ ਮਾਨ ਦੇ ਪਤੀ ਸ਼ਾਹਬਾਜ਼ ਸਿੰਘ ਸੋਹੀ ਸਮੇਤ ਤਿੰਨ ਵਿਅਕਤੀਆਂ ਨੂੰ ਚੈੱਕ ਬਾਊਂਸ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਹੈ। ਅਦਾਲਤ ਨੇ ਹਰੇਕ ਨੂੰ 2 ਸਾਲ ਦੀ ਕੈਦ ਅਤੇ 10,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ। ਦੋਸ਼ੀਆਂ ਵਿੱਚ ਸ਼ਾਹਬਾਜ਼ ਸਿੰਘ ਸੋਹੀ (ਚੰਡੀਗੜ੍ਹ/ਜ਼ੀਰਕਪੁਰ ਵਾਸੀ), ਜਤਿੰਦਰ ਸਿੰਘ ਨੋਨੀ ਅਤੇ ਨਛੱਤਰ ਸਿੰਘ ਸ਼ਾਮਲ ਹਨ। ਫੈਸਲੇ ਤੋਂ ਬਾਅਦ ਤਿੰਨਾਂ ਨੇ ਮੌਕੇ ‘ਤੇ ਜ਼ਮਾਨਤ ਲੈ ਲਈ।

ਇਹ ਸ਼ਿਕਾਇਤ ਸਾਲ 2018 ਵਿੱਚ ਕੀਤੀ ਗਈ ਸੀ

ਇਹ ਮਾਮਲਾ 2018 ਵਿੱਚ ਸ਼ਿਕਾਇਤਕਰਤਾ ਕਮਲਜੀਤ ਸਿੰਘ ਕਾਮਾ ਵੱਲੋਂ ਦਰਜ ਕੀਤਾ ਗਿਆ ਸੀ। ਸ਼ਿਕਾਇਤ ਅਨੁਸਾਰ, ਦੋਸ਼ੀਆਂ ਨੇ ‘ਮੈਸਰਜ਼ ਪਲੈਟੀਨਮ ਸਮਾਰਟ ਬਿਲਡਕਾਨ’ ਕੰਪਨੀ ਅਧੀਨ ਰਾਜਪੁਰਾ ਵਿੱਚ ਹਾਊਸਿੰਗ ਪ੍ਰੋਜੈਕਟ ਦੇ ਤਹਿਤ ਇੱਕ ਪਲਾਟ ਵੇਚਣ ਲਈ ਸੌਦਾ ਕੀਤਾ ਸੀ। ਸੌਦਾ ਪੂਰਾ ਨਾ ਹੋਣ ‘ਤੇ ਲਗਭਗ 3.5 ਕਰੋੜ ਰੁਪਏ ਦੇ ਚੈੱਕ ਬਾਊਂਸ ਹੋ ਗਏ, ਜਿਸ ਨਾਲ ਠੱਗੀ ਦੇ ਦੋਸ਼ ਲੱਗੇ।

ਜੁਡੀਸ਼ਲ ਮੈਜਿਸਟ੍ਰੇਟ ਫਸਟ ਕਲਾਸ ਪਰਨੀਤ ਕੌਰ ਦੀ ਅਦਾਲਤ ਨੇ ਲੰਬੀ ਸੁਣਵਾਈ (ਕਰੀਬ 7-8 ਸਾਲ) ਅਤੇ ਸਬੂਤਾਂ ਦੀ ਜਾਂਚ ਤੋਂ ਬਾਅਦ ਸ਼ਿਕਾਇਤਕਰਤਾ ਦੀਆਂ ਦਲੀਲਾਂ ਨੂੰ ਮਜ਼ਬੂਤ ਮੰਨਦੇ ਹੋਏ ਫੈਸਲਾ ਸੁਣਾਇਆ। ਸ਼ਿਕਾਇਤਕਰਤਾ ਦੇ ਵਕੀਲ ਭਰਤ ਜੋਸ਼ੀ ਨੇ ਕਿਹਾ ਕਿ ਅਦਾਲਤ ਨੇ ਸਾਰੇ ਤੱਥਾਂ ਅਤੇ ਮਜ਼ਬੂਤ ਸਬੂਤਾਂ ਦੇ ਆਧਾਰ ‘ਤੇ ਨਿਰਣਾ ਕੀਤਾ ਹੈ। ਕਮਲਜੀਤ ਸਿੰਘ ਕਾਮਾ ਨੇ ਫੈਸਲੇ ‘ਤੇ ਸੰਤੁਸ਼ਟੀ ਜ਼ਾਹਰ ਕੀਤੀ।

ਜ਼ਿਕਰਯੋਗ ਹੈ ਕਿ ਅਨਮੋਲ ਗਗਨ ਮਾਨ ਦਾ ਵਿਆਹ ਸ਼ਾਹਬਾਜ਼ ਸਿੰਘ ਸੋਹੀ ਨਾਲ ਜੂਨ 2024 ਵਿੱਚ ਹੋਇਆ ਸੀ, ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬੀ ਫਿਲਮ ਇੰਡਸਟਰੀ ਦੇ ਕਈ ਕਲਾਕਾਰ ਸ਼ਾਮਲ ਹੋਏ ਸਨ। ਇਹ ਫੈਸਲਾ ਰਾਜਨੀਤਿਕ ਹਲਕਿਆਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।