ਲੁਧਿਆਣਾ (9 ਮਾਰਚ 2026): ਪੰਜਾਬ ਵਿੱਚ ਇਸ ਵਾਰ ਗਰਮੀ ਨੇ ਮਾਰਚ ਦੇ ਸ਼ੁਰੂਆਤੀ ਦਿਨਾਂ ਵਿੱਚ ਹੀ ਆਪਣੇ ਤੇਜ਼ ਤੇਵਰ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਮੌਸਮ ਵਿਗਿਆਨੀਆਂ ਅਨੁਸਾਰ ਤਾਪਮਾਨ ਵਿੱਚ ਆਈ ਇਸ ਅਚਾਨਕ ਉਛਾਲ ਨੇ ਪਿਛਲੇ 50 ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU) ਦੇ ਅੰਕੜਿਆਂ ਮੁਤਾਬਕ 5 ਮਾਰਚ ਨੂੰ ਵੱਧ ਤੋਂ ਵੱਧ ਤਾਪਮਾਨ 31.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ 7 ਤੋਂ 8 ਡਿਗਰੀ ਜ਼ਿਆਦਾ ਹੈ। ਸਿਰਫ਼ ਦਿਨ ਹੀ ਨਹੀਂ, ਸਗੋਂ ਰਾਤਾਂ ਦਾ ਤਾਪਮਾਨ ਵੀ 16 ਡਿਗਰੀ ਦੇ ਆਸ-ਪਾਸ ਰਹਿਣ ਕਾਰਨ ਲੋਕਾਂ ਨੂੰ ਮਈ ਮਹੀਨੇ ਵਰਗੀ ਗਰਮੀ ਦਾ ਅਹਿਸਾਸ ਹੋ ਰਿਹਾ ਹੈ।
ਇਸ ਗੰਭੀਰ ਸਥਿਤੀ ਨੂੰ ਦੇਖਦਿਆਂ ਮੌਸਮ ਵਿਭਾਗ ਨੇ ਕਿਸਾਨਾਂ ਲਈ ਵਿਸ਼ੇਸ਼ ਐਡਵਾਈਜ਼ਰੀ ਜਾਰੀ ਕੀਤੀ ਹੈ। ਖੇਤੀ ਮਾਹਿਰਾਂ ਅਨੁਸਾਰ ਵਧਦਾ ਤਾਪਮਾਨ ਕਣਕ ਦੀ ਫ਼ਸਲ ਲਈ ਵੱਡੀ ਚੁਣੌਤੀ ਬਣ ਸਕਦਾ ਹੈ। ਪੀ.ਏ.ਯੂ. ਦੀ ਮੌਸਮ ਵਿਗਿਆਨੀ ਡਾਕਟਰ ਪਵਨੀਤ ਕੌਰ ਕਿੰਗਰਾ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ, ਜਿਸ ਕਾਰਨ ਤਾਪਮਾਨ ਹੋਰ ਵਧ ਸਕਦਾ ਹੈ।
ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਫ਼ਸਲ ਨੂੰ ਗਰਮੀ ਦੇ ਪ੍ਰਭਾਵ ਤੋਂ ਬਚਾਉਣ ਲਈ ਲੋੜ ਅਨੁਸਾਰ ਹਲਕਾ ਪਾਣੀ ਲਗਾਉਂਦੇ ਰਹਿਣ। ਇਹ ਮੌਸਮੀ ਤਬਦੀਲੀ ਖੇਤੀਬਾੜੀ ਖੇਤਰ ਲਈ ਇੱਕ ਵੱਡੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ।

