International Khaas Lekh Khalas Tv Special Video

ਸ਼ਾਇਰ, ਤਾਨਾਸ਼ਾਹ ਤੇ ਧਾਰਮਿਕ ਲੀਡਰ ਖਾਮੇਨੇਈ ਦੀ ਕਹਾਣੀ। ਖ਼ਾਸ ਰਿਪੋਰਟ

ਈਰਾਨ ਵਿੱਚ ਜਿਸ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨਈ ਨੂੰ ਵਲੀਏ ਫਕੀਰ ਯਾਨੀ ‘ਖੁਦਾ ਦਾ ਜ਼ਮੀਨ ‘ਤੇ ਨੁਮਾਇੰਦਾ ਮੰਨਿਆ’ ਜਾ ਰਿਹਾ ਸੀ। ਉਸ ਨੂੰ 28 ਫਰਵਰੀ ਦੀ ਰਾਤ ਅਮਰੀਕਾ ਅਤੇ ਇਜ਼ਰਾਈਲ਼ ਦੀ ਮਿਜ਼ਾਈਲਾਂ ਨੇ ਹਮੇਸ਼ਾ-ਹਮੇਸ਼ਾ ਦੇ ਲਈ ਖੁਦਾ ਕੋਲ ਭੇਜ ਦਿੱਤਾ।  ਈਰਾਨ ਤੋਂ ਲੈ ਕੇ ਹਿੰਦੂਸਤਾਨ,ਪਾਕਿਸਤਾਨ ਤੱਕ ਜਿਸ ਰਹਿਬਰ ਦੇ ਖੂਨ ਦਾ ਬਦਲਾ ਲੈਣ ਲਈ ਆਵਾਜ਼ਾਂ ਉੱਠ ਰਹੀਆਂ ਹਨ ਉਸ ਦੇ ਦਾਮਨ ‘ਤੇ 1988 ਵਿੱਚ ਬੇਦੋਸ਼ੀਆਂ ਨੂੰ ਸਰੇਆਮ ਫਾਂਸੀ ‘ਤੇ ਲਟਕਾਉਣ ਤੋਂ ਲੈ ਕੇ 2009 ਅਤੇ 2022 ਵਿੱਚ ਮਹਿਲਾਵਾ ‘ਤੇ ਤਸ਼ੱਦਦ ਦੀਆਂ ਹਰ ਹੱਦਾਂ ਪਾਰ ਕਰਨ ਦੇ ਗੁਨਾਹ ਵੀ ਸ਼ਾਮਲ ਹਨ। ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨਈ ਦੇ ਕਈ ਚਹਿਰੇ ਸਨ। ਸ਼ਾਇਰ,ਰਹਿਬਰ ਅਤੇ ਜ਼ਾਲਮ। ਵੱਖ-ਵੱਖ ਇਤਿਹਾਸਕ ਘਟਨਾਵਾਂ ਦੇ ਜ਼ਰੀਏ ਖਾਮੇਨਈ ਦੀ ਜ਼ਿੰਦਗੀ ਨੂੰ ਡੀਕੋਡ ਕਰਾਂਗੇ।

19 ਅਪ੍ਰੈਲ 1939 ਨੂੰ ਈਰਾਨ ਚ ਹੋਇਆ ਅਲੀ ਖਾਮੇਨਈ ਦਾ ਜਨਮ

ਅਲੀ ਖਾਮੇਨਈ ਦਾ ਜਨਮ 19 ਅਪ੍ਰੈਲ 1939 ਨੂੰ ਈਰਾਨ ਦੇ ਸਭ ਤੋਂ ਪਵਿੱਤਰ ਸ਼ਹਿਰ ਮਸ਼ਹਦ ਵਿੱਚ ਹੋਇਆ ਸੀ। ਉਹ ਇੱਕ ਧਾਰਮਿਕ ਪਰਿਵਾਰ ਵਿੱਚ ਪੈਦਾ ਹੋਏ, ਜਿੱਥੇ ਉਨ੍ਹਾਂ ਦੇ ਪਿਤਾ ਸਈਯਦ ਜਾਵੇਦ ਖਾਮੇਨਈ ਇੱਕ ਮੌਲਵੀ ਸਨ। 8 ਭਰਾ-ਭੈਣਾਂ ਵਿੱਚ ਉਹ ਦੂਜੇ ਨੰਬਰ ‘ਤੇ ਸਨ। ਬਚਪਨ ਤੋਂ ਹੀ ਧਾਰਮਿਕ ਵਾਤਾਵਰਣ ਵਿੱਚ ਪਲੇ-ਵਧੇ ਖਾਮੇਨਈ ਨੂੰ 4 ਸਾਲ ਦੀ ਉਮਰ ਵਿੱਚ ਮਕਤਬ (ਧਾਰਮਿਕ ਸਕੂਲ) ਭੇਜਿਆ ਗਿਆ, ਜਿੱਥੇ ਉਨ੍ਹਾਂ ਨੇ ਕੁਰਾਨ, ਅਰਬੀ ਅਤੇ ਇਸਲਾਮੀ ਤਾਲੀਮ ਹਾਸਿਲ ਕੀਤੀ। ਆਪਣੀ ਆਤਮਕਥਾ “Cell Number 14” ਵਿੱਚ ਉਹ ਲਿਖਦੇ ਹਨ ਕਿ 1950 ਦੇ ਦਹਾਕੇ ਵਿੱਚ ਮਸ਼ਹਦ ਦੇ ਇੱਕ ਨਵੇਂ ਇਸਲਾਮੀ ਸਕੂਲ ਵਿੱਚ ਦਾਖਲਾ ਲਿਆ, ਜਿੱਥੇ ਉਨ੍ਹਾਂ ਨੂੰ ਅੱਗੇ ਵਾਲੀ ਸੀਟ ‘ਤੇ ਬਿਠਾਇਆ ਜਾਂਦਾ ਸੀ। ਉਹ ਹਿਸਾਬ ਅਤੇ ਅੰਗਰੇਜ਼ੀ ਵਿੱਚ ਚੰਗੇ ਸਨ ਅਤੇ ਕਲਾਸ ਵਿੱਚ ਹਰ ਸਵਾਲ ਦਾ ਜਵਾਬ ਦਿੰਦੇ ਸਨ। ਇੱਕ ਵਾਰ ਸਕੂਲ ਪ੍ਰੋਗਰਾਮ ਵਿੱਚ ਕੁਰਾਨ ਦੀਆਂ ਆਇਤਾਂ ਪੜ੍ਹ ਕੇ ਤਾਰੀਫ਼ ਹਾਸਿਲ ਕੀਤੀ, ਜਿਸ ਨੇ ਉਨ੍ਹਾਂ ਨੂੰ ਪਿਤਾ ਵਾਂਗ ਮੌਲਵੀ ਬਣਨ ਦੀ ਪ੍ਰੇਰਨਾ ਦਿੱਤੀ। ਬਾਅਦ ਵਿੱਚ ਉਹ ਕੋਮ ਸ਼ਹਿਰ ਗਏ, ਜਿੱਥੇ ਮਸ਼ਹੂਰ ਧਾਰਮਿਕ ਵਿਦਵਾਨ ਅਤੇ ਭਵਿੱਖ ਦੇ ਰਹਿਬਰ ਰੂਹੋਲਾਹ ਖੋਮੈਨੀ ਤੋਂ ਸਿੱਖਿਆ ਹਾਸਿਲ ਕੀਤੀ। ਛੋਟੀ ਉਮਰ ਵਿੱਚ ਹੀ ਉਹ ਮੌਲਵੀ ਬਣ ਗਏ।

Image

ਮੁਹੰਮਦ ਰਜ਼ਾ ਪਹਿਲਵੀ

ਉਸ ਸਮੇਂ ਈਰਾਨ ਵਿੱਚ ਮੁਹੰਮਦ ਰਜ਼ਾ ਪਹਿਲਵੀ (ਸ਼ਾਹ) ਦੀ ਹਕੂਮਤ ਸੀ, ਜੋ ਪੱਛਮੀ ਵਿਚਾਰਧਾਰਾ ਨੂੰ ਅਪਣਾਉਂਦਾ ਸੀ। ਔਰਤਾਂ ਮਾਡਲਿੰਗ, ਫਿਲਮਾਂ, ਨਾਈਟ ਕਲੱਬ ਅਤੇ ਪੱਛਮੀ ਕੱਪੜੇ ਪਹਿਨਣ ਵੱਲ ਝੁਕ ਰਹੀਆਂ ਸਨ। ਖਾਮੇਨਈ ਬਚਪਨ ਤੋਂ ਮੌਲਵੀ ਵਰਗੀ ਪੋਸ਼ਾਕ ਪਹਿਨਦੇ ਸਨ, ਜਿਸ ਕਰਕੇ ਹਮਉਮਰ ਬੱਚੇ ਉਨ੍ਹਾਂ ਦਾ ਮਜ਼ਾਕ ਉਡਾਉਂਦੇ। ਇਹ ਗੱਲ ਉਨ੍ਹਾਂ ਨੂੰ ਪਰੇਸ਼ਾਨ ਕਰਦੀ ਸੀ। 1954 ਤੱਕ ਮੁਹਰ੍ਰਮ ਵਿੱਚ ਸਿਨੇਮਾਘਰ ਬੰਦ ਰਹਿੰਦੇ ਸਨ, ਪਰ 1955 ਵਿੱਚ ਸ਼ਾਹ ਦੇ ਗਵਰਨਰ ਨੇ ਇਹ ਪਾਬੰਦੀ ਹਟਾ ਦਿੱਤੀ। ਇਸ ਨੇ ਖਾਮੇਨਈ ਦੇ ਅੰਦਰ ਚਿੰਗਾਰੀ ਜਗਾਈ। ਉਨ੍ਹਾਂ ਨੇ ਦੋਸਤਾਂ ਨੂੰ ਇਕੱਠਾ ਕੀਤਾ ਅਤੇ ਹੱਥ ਨਾਲ ਕਾਪੀਆਂ ਲਿਖ ਕੇ ਇਸਲਾਮੀ ਸੰਦੇਸ਼ ਵੰਡੇ। ਇਹ ਉਨ੍ਹਾਂ ਦਾ ਸਿਆਸਤ ਵਿੱਚ ਪਹਿਲਾ ਕਦਮ ਸੀ ਅਤੇ ਸ਼ਾਹ ਵਿਰੋਧੀ ਅੰਦੋਲਨ ਦੀ ਨੀਂਹ ਰੱਖੀ।

ਖੋਮੈਨੀ ਨੇ ਸ਼ਾਹ ਦੀਆਂ ਨੀਤੀਆਂ ਦਾ ਕੀਤਾ ਵਿਰੋਧ

1960 ਦੇ ਦਹਾਕੇ ਵਿੱਚ ਖੋਮੈਨੀ ਦਾ ਅਸਰ ਡੂੰਘਾ ਹੋਇਆ। ਖੋਮੈਨੀ ਨੇ ਸ਼ਾਹ ਦੀਆਂ ਨੀਤੀਆਂ ਅਤੇ 1963 ਦੀ ਵ੍ਹਾਈਟ ਰੈਵੋਲਿਊਸ਼ਨ (ਆਧੁਨਿਕੀਕਰਨ) ਦਾ ਵਿਰੋਧ ਕੀਤਾ। ਖਾਮੇਨਈ ਨੇ ਮਸ਼ਹਦ ਦੀ ਮਸਜਿਦ ਵਿੱਚ ਸ਼ਾਹ ਨੂੰ ਇਸਲਾਮ ਵਿਰੋਧੀ ਕਿਹਾ। ਇਸ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਜੇਲ੍ਹ ਵਿੱਚ ਤਸ਼ੱਦਦ ਦਿੱਤਾ ਗਿਆ। ਜੇਲ੍ਹ ਵਿੱਚ ਉਹ ਗਜ਼ਲਾਂ ਲਿਖਦੇ ਅਤੇ ਕਲਾ ‘ਤੇ ਚਰਚਾ ਕਰਦੇ, ਪਰ ਬਾਅਦ ਵਿੱਚ ਸੁਪਰੀਮ ਲੀਡਰ ਬਣਨ ‘ਤੇ ਕਲਾਕਾਰਾਂ ਨੂੰ ਦਬਾਇਆ। ਖੋਮੈਨੀ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਤਾਂ ਖਾਮੇਨਈ ਨੇ ਗੁਪਤ ਟੇਪਾਂ ਚਲਾਈਆਂ। 1979 ਵਿੱਚ ਈਰਾਨੀ ਇਨਕਲਾਬ ਨੇ ਸ਼ਾਹ ਦੀ ਹਕੂਮਤ ਖਤਮ ਕੀਤੀ। ਖੋਮੈਨੀ ਵਾਪਸ ਆਏ ਅਤੇ ਇਸਲਾਮੀ ਗਣਰਾਜ ਸਥਾਪਿਤ ਹੋਇਆ। ਖਾਮੇਨਈ ਨੂੰ ਉਪ ਰੱਖਿਆ ਮੰਤਰੀ ਬਣਾਇਆ ਗਿਆ ਅਤੇ ਉਨ੍ਹਾਂ ਨੇ ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕੋਰ (IRGC) ਦੀ ਸਥਾਪਨਾ ਵਿੱਚ ਅਹਿਮ ਭੂਮਿਕਾ ਨਿਭਾਈ। IRGC ਧਾਰਮਿਕ ਵਿਚਾਰਧਾਰਾ ਨਾਲ ਜੁੜੀ ਫੌਜ ਬਣੀ, ਜਿਸ ਨੇ ਮਿਸ਼ਾਈਲ ਅਤੇ ਡਰੋਨ ਤਕਨਾਲੋਜੀ ਵਿਕਸਿਤ ਕੀਤੀ।

ਸੱਦਾਮ ਹੁਸੈਨ ਨੇ ਖਾਮੇਨਈ ਤੇ ਟੇਪ ਬੰਬ ਨਾਲ ਹਮਲਾ ਕੀਤਾ

1980 ਵਿੱਚ ਈਰਾਨ-ਇਰਾਕ ਜੰਗ ਸ਼ੁਰੂ ਹੋਈ। ਸੱਦਾਮ ਹੁਸੈਨ ਨੇ ਖਾਮੇਨਈ ‘ਤੇ ਟੇਪ ਬੰਬ ਨਾਲ ਹਮਲਾ ਕੀਤਾ, ਜਿਸ ਨਾਲ ਉਨ੍ਹਾਂ ਦੀ ਸੱਜੀ ਬਾਂਹ ਅਤੇ ਇੱਕ ਕੰਨ੍ਹ ਖਰਾਬ ਹੋ ਗਿਆ। 1981 ਵਿੱਚ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੀ ਮੌਤ ਤੋਂ ਬਾਅਦ ਖਾਮੇਨਈ 95% ਵੋਟਾਂ ਨਾਲ ਰਾਸ਼ਟਰਪਤੀ ਬਣੇ। 1989 ਵਿੱਚ ਖੋਮੈਨੀ ਦੀ ਮੌਤ ਤੋਂ ਬਾਅਦ ਸੰਵਿਧਾਨ ਵਿੱਚ ਬਦਲਾਅ ਕਰਕੇ ਉਨ੍ਹਾਂ ਨੂੰ ਸੁਪਰੀਮ ਲੀਡਰ ਚੁਣਿਆ ਗਿਆ।

Israel Warns Khamenei of Saddam's Fate Amid Escalating Iran Conflict

ਹਜ਼ਾਰਾਂ ਸਿਆਸੀ ਕੈਦੀਆਂ (5,000 ਤੋਂ ਵੱਧ) ਨੂੰ ਫਾਂਸੀ ਦਿੱਤੀ ਗਈ

ਸੱਤਾ ਵਿੱਚ ਆਉਣ ਤੋਂ ਬਾਅਦ ਖਾਮੇਨਈ ਨੇ ਕਈ ਵਿਵਾਦਿਤ ਫੈਸਲੇ ਲਏ। 1988 ਵਿੱਚ ਈਰਾਨ-ਇਰਾਕ ਜੰਗ ਖਤਮ ਹੋਣ ਵੇਲੇ ਉਨ੍ਹਾਂ ਨੇ ਖੁਫਿਆ ਫਤਵਾ ਜਾਰੀ ਕੀਤਾ, ਜਿਸ ਨਾਲ ਹਜ਼ਾਰਾਂ ਸਿਆਸੀ ਕੈਦੀਆਂ (5,000 ਤੋਂ ਵੱਧ) ਨੂੰ ਫਾਂਸੀ ਦਿੱਤੀ ਗਈ, ਜਿਨ੍ਹਾਂ ਵਿੱਚ ਗਰਭਵਤੀ ਔਰਤਾਂ ਅਤੇ ਨੌਜਵਾਨ ਵੀ ਸਨ। ਇਸੇ ਸਾਲ ਸਲਮਾਨ ਰੁਸ਼ਦੀ ਦੀ ਕਿਤਾਬ “The Satanic Verses” ‘ਤੇ ਮੌਤ ਦਾ ਫਤਵਾ ਜਾਰੀ ਕੀਤਾ, ਜਿਸ ਨਾਲ ਵਿਸ਼ਵ ਵਿੱਚ ਹਲਚਲ ਮਚੀ। ਉਨ੍ਹਾਂ ‘ਤੇ SETAD ਕੰਪਨੀ ਰਾਹੀਂ 95 ਅਰਬ ਡਾਲਰ ਗਬਨ ਦੇ ਇਲਜ਼ਾਮ ਵੀ ਲੱਗੇ।

Image

2009 ਤੇ ਵੱਡੇ ਵਿਰੋਧ ਪ੍ਰਦਰਸ਼ਨ ਹੋਏ

2009 ਵਿੱਚ ਚੋਣਾਂ ਵਿੱਚ ਗੜਬੜੀ ‘ਤੇ ਵੱਡੇ ਵਿਰੋਧ ਪ੍ਰਦਰਸ਼ਨ ਹੋਏ। ਖਾਮੇਨਈ ਨੇ ਜੁਮੇ ਦੀ ਨਮਾਜ਼ ਵਿੱਚ ਖੂਨ ਵਹਿਣ ਦੀ ਜ਼ਿੰਮੇਵਾਰੀ ਵਿਰੋਧੀਆਂ ‘ਤੇ ਡਾਲੀ ਅਤੇ ਪੁਲਿਸ ਨੇ ਗੋਲੀਆਂ ਚਲਾਈਆਂ। ਨਿਦਾ ਸੁਲਤਾਨ ਵਰਗੀਆਂ ਨੌਜਵਾਨਾਂ ਦੀ ਮੌਤ ਨੇ ਵਿਸ਼ਵ ਨੂੰ ਹਿਲਾ ਦਿੱਤਾ। 2022 ਵਿੱਚ ਮਹਿਸਾ ਅਮੀਨੀ ਦੀ ਹਿਜਾਬ ਨੂੰ ਲੈ ਕੇ ਮੌਤ ਨੇ ਵੱਡੇ ਪ੍ਰਦਰਸ਼ਨ ਭੜਕਾਏ। ਖਾਮੇਨਈ ਨੇ ਹਿਜਾਬ ਨੂੰ ਕ੍ਰਾਂਤੀ ਦੀ ਅਖੀਰਲੀ ਕੰਧ ਮੰਨਿਆ ਅਤੇ ਵਿਰੋਧੀਆਂ ਨੂੰ ਫਾਂਸੀਆਂ ਦਿੱਤੀਆਂ।

ਖਾਮੇਨਈ ਨੇ IRGC ਰਾਹੀਂ ਮਿਡਲ ਈਸਟ ਵਿੱਚ ਪ੍ਰਭਾਵ ਵਧਾਇਆ। ਜਨਰਲ ਕਾਸਿਮ ਸੁਲੇਮਾਨੀ ਨੂੰ ਤਿਆਰ ਕੀਤਾ, ਜਿਸ ਨੇ ਹਿਜ਼ਬੁੱਲਾ, ਹੁਤੀ ਅਤੇ ਸ਼ੀਆ ਗਰੁੱਪਾਂ ਨੂੰ ਮਜ਼ਬੂਤ ਕੀਤਾ। 2020 ਵਿੱਚ ਅਮਰੀਕਾ ਨੇ ਸੁਲੇਮਾਨੀ ਨੂੰ ਮਾਰ ਦਿੱਤਾ, ਜਿਸ ਨਾਲ ਖਾਮੇਨਈ ਰੋ ਪਏ। ਉਨ੍ਹਾਂ ਦਾ ਬੇਤ-ਏ ਰਹਿਮਰੀ (ਦਫਤਰ) ਪਾਵਰ ਸੈਂਟਰ ਸੀ, ਜਿੱਥੇ ਹਜ਼ਾਰਾਂ ਵਫਾਦਾਰ ਕੰਮ ਕਰਦੇ ਸਨ।

ਅਮਰੀਕਾ ਅਤੇ ਇਜ਼ਰਾਈਲ ਨੇ ਚਿਤਾਵਨੀਆਂ ਦਿੱਤੀਆਂ

ਪਰਮਾਣੂ ਪ੍ਰੋਗਰਾਮ ਨੂੰ ਲੈ ਕੇ ਅਮਰੀਕਾ ਅਤੇ ਇਜ਼ਰਾਈਲ ਨੇ ਚਿਤਾਵਨੀਆਂ ਦਿੱਤੀਆਂ। 2025 ਵਿੱਚ ਹਮਲੇ ਹੋਏ ਅਤੇ 28 ਫਰਵਰੀ 2026 ਨੂੰ ਸੰਯੁਕਤ ਅਮਰੀਕੀ-ਇਜ਼ਰਾਈਲੀ ਮਿਜ਼ਾਈਲ ਹਮਲਿਆਂ ਵਿੱਚ ਖਾਮੇਨਈ ਨੂੰ ਮਾਰ ਦਿੱਤਾ ਗਿਆ। ਈਰਾਨੀ ਮੀਡੀਆ ਨੇ ਇਸ ਨੂੰ ਪੁਸ਼ਟੀ ਕੀਤੀ ਅਤੇ 40 ਦਿਨਾਂ ਦਾ ਸੋਗ ਮਨਾਇਆ। ਇਸ ਨਾਲ ਈਰਾਨ ਵਿੱਚ ਸੱਤਾ ਦਾ ਖਾਲੀਪਨ ਪੈਦਾ ਹੋਇਆ, ਜਿੱਥੇ ਮਹਿਲਾਵਾਂ ਅਜ਼ਾਦੀ ਦਾ ਜਸ਼ਨ ਮਨਾ ਰਹੀਆਂ ਹਨ। ਉਨ੍ਹਾਂ ਦੇ ਪੁੱਤਰ ਮੋਜਤਾਬਾ ਖਾਮੇਨਈ ਨੂੰ ਵਾਰਿਸ ਮੰਨਿਆ ਜਾ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਲੜਾਈ ਲੰਮੀ ਚੱਲੇਗੀ।

ਖਾਮੇਨਈ ਦੇ 36 ਸਾਲਾਂ ਦੇ ਰਾਜ ਨੇ ਈਰਾਨ ਨੂੰ ਖੇਤਰੀ ਤਾਕਤ ਬਣਾਇਆ ਪਰ ਅੰਦਰੂਨੀ ਦਮਨ ਅਤੇ ਵਿਦੇਸ਼ੀ ਵਿਰੋਧ ਵਧਾਇਆ। ਉਨ੍ਹਾਂ ਦੀ ਮੌਤ ਨੇ ਮਿਡਲ ਈਸਟ ਦੀ ਸਿਆਸਤ ਨੂੰ ਅਨਿਸ਼ਚਿਤਤਾ ਵਿੱਚ ਧੱਕ ਦਿੱਤਾ ਹੈ।

Image