Punjab

ਗੁਰਦਾਸਪੁਰ ਐਨਕਾਉਂਟਰ ਮਾਮਲੇ ’ਚ ਪੰਜਾਬ ਡੀਜੀਪੀ ਤਲਬ! ਹਾਈਕੋਰਟ ਨੇ ਲਿਆ Suo-Moto ਨੋਟਿਸ

ਬਿਊਰੋ ਰਿਪੋਰਟ (5 ਮਾਰਚ, 2026): ਗੁਰਦਾਸਪੁਰ ਦੀ ਆਦੀਆਂ ਪੁਲਿਸ ਚੌਕੀ ਵਿੱਚ ਦੋ ਪੁਲਿਸ ਮੁਲਾਜ਼ਮਾਂ ਦੀ ਹੱਤਿਆ ਦੇ ਮੁੱਖ ਮੁਲਜ਼ਮ ਰਣਜੀਤ ਸਿੰਘ ਦੇ ਐਨਕਾਉਂਟਰ ਮਾਮਲੇ ਵਿੱਚ ਹਾਈਕੋਰਟ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਤਲਬ ਕਰ ਲਿਆ ਹੈ। ਡੀਜੀਪੀ ਨੂੰ ਅੱਜ ਦੁਪਹਿਰ 2 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋ ਕੇ ਅਦਾਲਤ ਦੇ ਸਵਾਲਾਂ ਦੇ ਜਵਾਬ ਦੇਣੇ ਪੈਣਗੇ।

ਮੁਲਜ਼ਮ ਰਣਜੀਤ ਸਿੰਘ ਦੇ ਪਰਿਵਾਰ ਵਾਲਿਆਂ ਨੇ ਇਸ ਮੁਕਾਬਲੇ ਨੂੰ ‘ਫਰਜ਼ੀ’ ਦੱਸਦਿਆਂ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਪੁਲਿਸ ਰਣਜੀਤ ਨੂੰ ਘਰੋਂ ਚੁੱਕ ਕੇ ਲੈ ਗਈ ਸੀ ਅਤੇ ਬਾਅਦ ਵਿੱਚ ਉਸ ਨੂੰ ਮਾਰ ਦਿੱਤਾ ਗਿਆ। ਇਤਰਾਜ਼ ਵਜੋਂ ਪਰਿਵਾਰ ਨੇ ਅਜੇ ਤੱਕ ਮ੍ਰਿਤਕ ਦਾ ਸਸਕਾਰ ਵੀ ਨਹੀਂ ਕੀਤਾ ਹੈ।

ਲਾਰੈਂਸ ਇੰਟਰਵਿਊ ਕੇਸ ਦੇ ਨਾਲ ਹੋਵੇਗੀ ਸੁਣਵਾਈ

ਇਹ ਮਾਮਲਾ ਅੱਜ ਦੁਪਹਿਰ 2 ਵਜੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਜੇਲ੍ਹ ਇੰਟਰਵਿਊ ਕੇਸ ਦੀ ਸੁਣਵਾਈ ਦੇ ਨਾਲ ਹੀ ਸੁਣਿਆ ਜਾਵੇਗਾ। ਅਦਾਲਤ ਨੇ ਡੀਜੀਪੀ ਨੂੰ ਆਪਣਾ ਪੂਰਾ ਜਵਾਬ ਤਿਆਰ ਰੱਖਣ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਅਦਾਲਤ ਮੋਹਾਲੀ ਦੇ ਰਾਣਾ ਬਲਾਚੌਰੀਆ ਕਤਲ ਕਾਂਡ ਦਾ ਖੁਦ ਨੋਟਿਸ ਲੈ ਚੁੱਕੀ ਹੈ।

ਕੀ ਸੀ ਪੂਰਾ ਮਾਮਲਾ?

  • 22 ਫਰਵਰੀ: ਭਾਰਤ-ਪਾਕਿਸਤਾਨ ਸਰਹੱਦ ਨੇੜੇ ਆਦੀਆਂ ਪੁਲਿਸ ਚੌਕੀ ’ਤੇ ਹਮਲਾ ਕਰਕੇ ASI ਗੁਰਨਾਮ ਸਿੰਘ ਅਤੇ ਹੋਮਗਾਰਡ ਅਸ਼ੋਕ ਕੁਮਾਰ ਦਾ ਕਤਲ ਕਰ ਦਿੱਤਾ ਗਿਆ ਸੀ।
  • 25 ਫਰਵਰੀ: ਮੁੱਖ ਮੁਲਜ਼ਮ ਰਣਜੀਤ ਸਿੰਘ (19) ਨੂੰ ਪੁਰਾਣਾਸ਼ਾਲਾ ਇਲਾਕੇ ਵਿੱਚ ਪੁਲਿਸ ਨੇ ਇੱਕ ਮੁਕਾਬਲੇ ਵਿੱਚ ਮਾਰ ਦਿੱਤਾ ਸੀ। ਪੁਲਿਸ ਮੁਤਾਬਕ ਉਹ ਹਿਰਾਸਤ ਵਿੱਚੋਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ।
  • ISI ਦਾ ਹੱਥ: ਪੁਲਿਸ ਦਾ ਦਾਅਵਾ ਹੈ ਕਿ ਇਹ ਹਮਲਾ ਪਾਕਿਸਤਾਨੀ ਖੁਫੀਆ ਏਜੰਸੀ ISI ਦੇ ਇਸ਼ਾਰੇ ’ਤੇ ਪੈਸਿਆਂ ਦੇ ਲਾਲਚ ਵਿੱਚ ਕਰਵਾਇਆ ਗਿਆ ਸੀ।