Punjab

ਪੁੱਤ ਨੇ ਤੇਜ਼ਧਾਰ ਹਥਿਆਰ ਨਾਲ ਪਿਤਾ ਦਾ ਕੀਤਾ ਕਤਲ! ਬਚਾਅ ਕਰਨ ਆਏ ਭਰਾ ਨੂੰ ਵੀ ਕੀਤਾ ਗੰਭੀਰ ਜ਼ਖ਼ਮੀ

ਬਿਊਰੋ ਰਿਪੋਰਟ (24 ਫਰਵਰੀ, 2026): ਮਾਨਸਾ ਦੇ ਬਰੇਟਾ ਨੇੜਲੇ ਪਿੰਡ ਧਰਮਪੁਰਾ ਵਿੱਚ ਇੱਕ ਕਲਯੁਗੀ ਪੁੱਤ ਵੱਲੋਂ ਆਪਣੇ ਪਿਤਾ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਨੇ ਇਸ ਵਾਰਦਾਤ ਦੌਰਾਨ ਆਪਣੇ ਭਰਾ ’ਤੇ ਵੀ ਹਮਲਾ ਕੀਤਾ, ਜੋ ਇਸ ਸਮੇਂ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਮ੍ਰਿਤਕ ਦੀ ਪਛਾਣ 65 ਸਾਲਾ ਗੁਰਜੰਟ ਸਿੰਘ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਗੁਰਜੰਟ ਸਿੰਘ ਆਪਣੇ ਪੁੱਤ ਸੁਖਪਾਲ ਸਿੰਘ ਅਤੇ ਪਤਨੀ ਨਾਲ ਘਰ ਵਿੱਚ ਰਹਿੰਦਾ ਸੀ, ਜਦੋਂ ਕਿ ਉਸਦਾ ਦੂਜਾ ਪੁੱਤ ਰਾਏ ਸਿੰਘ (45) ਵੱਖ ਰਹਿੰਦਾ ਸੀ। ਅੱਧੀ ਰਾਤ ਨੂੰ ਮੁਲਜ਼ਮ ਰਾਏ ਸਿੰਘ ਕੰਧ ਟੱਪ ਕੇ ਘਰ ਵਿੱਚ ਦਾਖ਼ਲ ਹੋਇਆ ਅਤੇ ਆਪਣੇ ਪਿਤਾ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ।

ਜਦੋਂ ਸੁਖਪਾਲ ਸਿੰਘ ਨੇ ਆਪਣੇ ਪਿਤਾ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਤਾਂ ਮੁਲਜ਼ਮ ਨੇ ਉਸ ’ਤੇ ਵੀ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਹਮਲੇ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ।

ਬਰੇਟਾ ਥਾਣੇ ਦੇ ਹੈੱਡ ਮੇਲਾ ਸਿੰਘ ਨੇ ਦੱਸਿਆ ਕਿ ਗੁਰਜੰਟ ਸਿੰਘ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ ਗਿਆ ਹੈ। ਪੁਲਿਸ ਮੁਲਜ਼ਮ ਰਾਏ ਸਿੰਘ ਦੀ ਭਾਲ ਵਿੱਚ ਛਾਪੇਮਾਰੀ ਕਰ ਰਹੀ ਹੈ। ਕਤਲ ਦੇ ਪਿੱਛੇ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।