ਬਿਊਰੋ ਰਿਪੋਰਟ (ਨਵੀਂ ਦਿੱਲੀ, 5 ਫਰਵਰੀ 2026): ਰਾਹੁਲ ਗਾਂਧੀ ਵੱਲੋਂ ਰਵਨੀਤ ਬਿੱਟੂ ਨੂੰ ‘ਗੱਦਾਰ ਦੋਸਤ’ ਕਹਿਣ ਤੋਂ ਬਾਅਦ ਹੁਣ ਬਿੱਟੂ ਨੇ ਇੱਕ ਨਵਾਂ ਅਤੇ ਸਨਸਨੀਖੇਜ਼ ਦਾਅਵਾ ਕੀਤਾ ਹੈ। ਬਿੱਟੂ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਰਾਹੁਲ ਗਾਂਧੀ ਨਾਲ ਹੱਥ ਨਹੀਂ ਮਿਲਾਇਆ ਤਾਂ ਰਾਹੁਲ ਨੇ ਉਨ੍ਹਾਂ ’ਤੇ ਸਰੀਰਕ ਹਮਲਾ (Physical Attack) ਕਰਨ ਦੀ ਕੋਸ਼ਿਸ਼ ਕੀਤੀ। ਬਿੱਟੂ ਮੁਤਾਬਕ, ਰਾਹੁਲ ਉਨ੍ਹਾਂ ਦੀ ਪੱਗ ਤੱਕ ਉਤਾਰ ਦਿੰਦੇ ਜੇਕਰ ਕੇਸੀ ਵੇਣੂਗੋਪਾਲ ਅਤੇ ਸੁਖਜਿੰਦਰ ਸਿੰਘ ਰੰਧਾਵਾ ਉਨ੍ਹਾਂ ਨੂੰ ਨਾ ਰੋਕਦੇ।
ਰਾਜਾ ਵੜਿੰਗ ਦਾ ਪਲਟਵਾਰ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਬਿੱਟੂ ਨੇ ਹੀ ਰਾਹੁਲ ਗਾਂਧੀ ਨੂੰ ਉਕਸਾਇਆ ਸੀ। ਵੜਿੰਗ ਅਨੁਸਾਰ, ਬਿੱਟੂ ਨੇ ਪ੍ਰਦਰਸ਼ਨ ਦੇਖ ਕੇ ਤਨਜ਼ ਕੱਸਦਿਆਂ ਕਿਹਾ ਸੀ, “ਕੀ ਕਾਰਗਿਲ ਦੀ ਜੰਗ ਜਿੱਤ ਕੇ ਆਏ ਹੋ?”
ਵੜਿੰਗ ਨੇ ਬਿੱਟੂ ਦਾ ਇੱਕ ਪੁਰਾਣਾ ਵੀਡੀਓ ਵੀ ਸਾਂਝਾ ਕੀਤਾ ਹੈ, ਜਿਸ ਵਿੱਚ ਬਿੱਟੂ ਕਹਿ ਰਹੇ ਹਨ ਕਿ ਉਨ੍ਹਾਂ ਨੇ ਰਾਹੁਲ ਗਾਂਧੀ ਦੇ ਕਹਿਣ ’ਤੇ ਹੀ ਸਿਰ ’ਤੇ ਦਸਤਾਰ ਸਜਾਉਣੀ ਸ਼ੁਰੂ ਕੀਤੀ ਸੀ। ਸਵਾਲ ਉੱਠ ਰਿਹਾ ਹੈ ਕਿ ਕੀ ਪੰਜਾਬ ਵਿੱਚ ਕਾਂਗਰਸ ਨੇ ਇਹ ਬਿਆਨ ਦੇ ਕੇ ਆਪਣਾ ‘ਸੈਲਫ ਗੋਲ’ ਕਰ ਲਿਆ ਹੈ?
ਭਾਜਪਾ ਦਾ ਤਿੱਖਾ ਹਮਲਾ: ਭਾਜਪਾ ਨੇ ਇਸ ਮੁੱਦੇ ਨੂੰ ਪੂਰੀ ਸਿੱਖ ਕੌਮ ਨਾਲ ਜੋੜ ਦਿੱਤਾ ਹੈ। ਭਾਜਪਾ ਦਾ ਕਹਿਣਾ ਹੈ ਕਿ ਬਿੱਟੂ ਨੂੰ ‘ਗੱਦਾਰ’ ਕਹਿਣਾ ਦੁਨੀਆ ਭਰ ਵਿੱਚ ਵਸਦੇ ਸਿੱਖਾਂ ਦਾ ਅਪਮਾਨ ਹੈ। ਇਸ ਹਮਲੇ ਤੋਂ ਬਾਅਦ ਕਾਂਗਰਸੀ ਆਗੂ ਸਫਾਈਆਂ ਦੇਣ ਵਿੱਚ ਜੁੱਟ ਗਏ ਹਨ।
ਦੂਜੇ ਪਾਸੇ, ਜ਼ਮੀਨੀ ਪੱਧਰ ’ਤੇ ਰਾਹੁਲ ਗਾਂਧੀ ਦੇ ਬਿਆਨ ਨੂੰ ਲੈ ਕੇ ਸਿੱਖਾਂ ਵਿੱਚ ਨਾਰਾਜ਼ਗੀ ਦੇਖੀ ਜਾ ਰਹੀ ਹੈ ਅਤੇ ਇਸ ਨੂੰ ਆਪ੍ਰੇਸ਼ਨ ਬਲੂ ਸਟਾਰ ਵਰਗੇ ਪੁਰਾਣੇ ਜ਼ਖ਼ਮਾਂ ਨਾਲ ਜੋੜਿਆ ਜਾ ਰਿਹਾ ਹੈ।

