Punjab Religion

ਦਰਬਾਰ ਸਾਹਿਬ ਦੇ ਸੇਵਾਦਾਰਾਂ ਲਈ ਨਵੀਂ ਵਰਦੀ ਲਾਗੂ! ਖੰਡੇ ਅਤੇ ਵਿਸ਼ੇਸ਼ ਕਮਰਕੱਸੇ ਨਾਲ ਹੋਵੇਗੀ ਨਿਵੇਕਲੀ ਦਿੱਖ

ਬਿਊਰੋ ਰਿਪੋਰਟ (ਅੰਮ੍ਰਿਤਸਰ, 4 ਫਰਵਰੀ 2026): ਸ੍ਰੀ ਦਰਬਾਰ ਸਾਹਿਬ ਦੀ ਮਰਿਆਦਾ ਤੇ ਸੁਰੱਖਿਆ ਨੂੰ ਮੁੱਖ ਰੱਖਦਿਆਂ ਸੁਰੱਖਿਆ ਸੇਵਾ ਦਲ ਦੇ ਸੇਵਾਦਾਰਾਂ ਲਈ ਨਵੀਂ ਡਰੈੱਸ ਕੋਡ (ਵਰਦੀ) ਲਾਗੂ ਕੀਤੀ ਗਈ ਹੈ। ਹੁਣ ਸੇਵਾਦਾਰ ਦੋ ਵੱਖ-ਵੱਖ ਰੰਗਾਂ- ਪੀਲ਼ੇ ਅਤੇ ਗੂੜ੍ਹੇ ਨੀਲੇ ਰੰਗ ਦੀਆਂ ਵਰਦੀਆਂ ਵਿੱਚ ਸੇਵਾ ਨਿਭਾਉਂਦੇ ਦਿਖਾਈ ਦੇਣਗੇ। ਇਹ ਨਵੀਂ ਪਹਿਲਕਦਮੀ ਸੇਵਾਦਾਰਾਂ ਦੀ ਦਿੱਖ ਨੂੰ ਹੋਰ ਵੀ ਪ੍ਰਭਾਵਸ਼ਾਲੀ ਅਤੇ ਦਾਰਸ਼ਨਿਕ ਬਣਾਉਣ ਲਈ ਕੀਤੀ ਗਈ ਹੈ।

ਵਰਦੀ ਦੀਆਂ ਵਿਸ਼ੇਸ਼ਤਾਵਾਂ: ਨਵੇਂ ਨਿਯਮਾਂ ਅਨੁਸਾਰ, ਸੇਵਾਦਾਰ ਹਫ਼ਤੇ ਵਿੱਚ ਦੋ-ਦੋ ਦਿਨ ਵਾਰੀ ਸਿਰ ਇਹ ਵਰਦੀਆਂ ਪਹਿਨਣਗੇ। ਰੰਗਾਂ ਦਾ ਸੁਮੇਲ ਇਸ ਤਰ੍ਹਾਂ ਰੱਖਿਆ ਗਿਆ ਹੈ ਕਿ ਜੇਕਰ ਵਰਦੀ ਪੀਲ਼ੀ ਹੋਵੇਗੀ ਤਾਂ ਦਸਤਾਰ ਨੀਲੀ ਸਜਾਈ ਜਾਵੇਗੀ ਅਤੇ ਜੇਕਰ ਵਰਦੀ ਨੀਲੀ ਹੋਵੇਗੀ ਤਾਂ ਦਸਤਾਰ ਪੀਲ਼ੀ ਹੋਵੇਗੀ। ਵਰਦੀ ਦੇ ਦੋਵੇਂ ਮੋਢਿਆਂ ਉੱਤੇ ਖੰਡੇ ਦੀ ਘੜ੍ਹਾਈ ਕੀਤੀ ਗਈ ਹੈ ਅਤੇ ਛਾਤੀ ਉੱਤੇ ‘ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ’ ਲਿਖਿਆ ਹੋਇਆ ਹੈ।

ਵਿਸ਼ੇਸ਼ ਸ਼ਿੰਗਾਰ ਤੇ ਸਜਾਵਟ: ਵਰਦੀ ਦੇ ਨਾਲ ਸੇਵਾਦਾਰਾਂ ਨੂੰ ਕੱਪੜੇ ਦੀਆਂ ਵਿਸ਼ੇਸ਼ ਪੇਟੀਆਂ (ਕਮਰਕੱਸੇ), ਦਸਤਾਰਾਂ ਉੱਤੇ ਸਜਾਉਣ ਲਈ ਖੰਡੇ ਅਤੇ ਚਿੱਟੇ ਰੰਗ ਦੇ ਹਜ਼ੂਰੀਏ ਵੀ ਦਿੱਤੇ ਗਏ ਹਨ। ਜ਼ਿਆਦਾਤਰ ਸੇਵਾਦਾਰਾਂ ਨੂੰ ਇਹ ਵਰਦੀਆਂ ਵੰਡੀਆਂ ਜਾ ਚੁੱਕੀਆਂ ਹਨ ਅਤੇ ਬਾਕੀਆਂ ਨੂੰ ਵੀ ਜਲਦੀ ਹੀ ਮੁਹੱਈਆ ਕਰਵਾ ਦਿੱਤੀਆਂ ਜਾਣਗੀਆਂ। ਇਸ ਬਦਲਾਅ ਨਾਲ ਦਰਬਾਰ ਸਾਹਿਬ ਆਉਣ ਵਾਲੀ ਸੰਗਤ ਲਈ ਸੇਵਾਦਾਰਾਂ ਦੀ ਪਛਾਣ ਕਰਨਾ ਹੋਰ ਵੀ ਸੌਖਾ ਹੋ ਜਾਵੇਗਾ।