ਬਿਊਰੋ ਰਿਪੋਰਟ (ਚੰਡੀਗੜ੍ਹ, 28 ਜਨਵਰੀ 2026): ਗਣਤੰਤਰ ਦਿਹਾੜੇ ਮੌਕੇ ਐਲਾਨੇ ਗਏ ਪਦਮ ਪੁਰਸਕਾਰਾਂ ਵਿੱਚ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਲੱਗਾ ਹੈ। ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਵੱਲੋਂ ਭੇਜੀ ਗਈ 13 ਸ਼ਖ਼ਸੀਅਤਾਂ ਦੀ ਸੂਚੀ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ ਹੈ। ਜਾਣਕਾਰਾਂ ਅਨੁਸਾਰ, ਸਾਲ 2026 ਵਿੱਚ ਪੰਜਾਬ ਸਮੇਤ ਜਿਨ੍ਹਾਂ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਉੱਥੇ ਕੇਂਦਰ ਨੇ ਸੂਬਾ ਸਰਕਾਰਾਂ ਦੀਆਂ ਸਿਫ਼ਾਰਸ਼ਾਂ ਮੰਨਣ ਤੋਂ ਗੁਰੇਜ਼ ਕੀਤਾ ਹੈ।
ਪੰਜਾਬ ਸਰਕਾਰ ਨੇ ਭੇਜੇ ਸਨ ਇਹ ਵੱਡੇ ਨਾਮ: ਪੰਜਾਬ ਸਰਕਾਰ ਦੀ ਸਕਰੀਨਿੰਗ ਕਮੇਟੀ ਨੇ ਗਾਇਕ ਸੁਖਵਿੰਦਰ ਸਿੰਘ ਸੁੱਖੀ, ਉਦਯੋਗਪਤੀ ਜਵਾਹਰ ਲਾਲ ਓਸਵਾਲ, ਨਾਮੀ ਗੀਤਕਾਰ ਬਾਬੂ ਸਿੰਘ ਮਾਨ ਅਤੇ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਦੇ ਨਾਮ ਪਦਮ ਸ੍ਰੀ ਲਈ ਭੇਜੇ ਸਨ। ਇਨ੍ਹਾਂ ਤੋਂ ਇਲਾਵਾ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ, ਪ੍ਰਸਿੱਧ ਦੌੜਾਕ ਫੌਜਾ ਸਿੰਘ ਅਤੇ ਭਾਈ ਗੁਰਇਕਬਾਲ ਸਿੰਘ (ਮਾਤਾ ਕੌਲਾਂ ਜੀ ਭਲਾਈ ਕੇਂਦਰ) ਵਰਗੀਆਂ ਧਾਰਮਿਕ ਤੇ ਸਮਾਜ ਸੇਵੀ ਹਸਤੀਆਂ ਦੇ ਨਾਮ ਵੀ ਸ਼ਾਮਲ ਸਨ।
ਕੇਂਦਰ ਨੇ ਖ਼ੁਦ ਚੁਣੇ ਐਵਾਰਡ ਜੇਤੂ: ਹਾਲਾਂਕਿ ਕੇਂਦਰ ਨੇ ਸੂਬਾ ਸਰਕਾਰ ਦੀ ਸੂਚੀ ਰੱਦ ਕਰ ਦਿੱਤੀ, ਪਰ ਪੰਜਾਬ ਦੀਆਂ ਤਿੰਨ ਸ਼ਖ਼ਸੀਅਤਾਂ ਨੂੰ ਪਦਮ ਸ੍ਰੀ ਦੇਣ ਦਾ ਐਲਾਨ ਕੀਤਾ ਹੈ। ਖੇਡ ਖੇਤਰ ਵਿੱਚ ਹਰਮਨਪ੍ਰੀਤ ਕੌਰ ਭੁੱਲਰ ਤੇ ਬਲਦੇਵ ਸਿੰਘ ਅਤੇ ਅਧਿਆਤਮਿਕ ਖੇਤਰ ਵਿੱਚ ਡੇਰਾ ਬੱਲਾਂ ਦੇ ਮੁਖੀ ਸੰਤ ਨਿਰੰਜਨ ਦਾਸ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਚੰਡੀਗੜ੍ਹ ਤੋਂ ਸਾਬਕਾ ਡੀਆਈਜੀ ਇੰਦਰਜੀਤ ਸਿੰਘ ਸਿੱਧੂ ਨੂੰ ਵੀ ਪਦਮ ਸ੍ਰੀ ਮਿਲੇਗਾ।
ਮਾਹਿਰਾਂ ਦਾ ਕਹਿਣਾ ਹੈ ਕਿ ਐਵਾਰਡਾਂ ਦੀ ਵੰਡ ’ਤੇ 2026 ਦੀਆਂ ਚੋਣਾਂ ਦਾ ਪ੍ਰਭਾਵ ਸਾਫ਼ ਦਿਖਾਈ ਦੇ ਰਿਹਾ ਹੈ। ਤਾਮਿਲਨਾਡੂ ਨੂੰ 13, ਪੱਛਮੀ ਬੰਗਾਲ ਨੂੰ 11 ਅਤੇ ਕੇਰਲਾ ਨੂੰ 8 ਐਵਾਰਡ ਮਿਲੇ ਹਨ, ਜਦਕਿ ਪੰਜਾਬ ਦੇ ਹਿੱਸੇ ਸਿਰਫ਼ 3 ਐਵਾਰਡ ਆਏ ਹਨ।

