ਬਿਊਰੋ ਰਿਪੋਰਟ (ਅੰਮ੍ਰਿਤਸਰ, 30 ਦਸੰਬਰ 2025): ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਮੁੱਖ ਦਫ਼ਤਰ ਵਿਖੇ ਪ੍ਰੈੱਸ ਕਾਨਫਰੰਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ। ਧਾਮੀ ਨੇ ਕਿਹਾ ਕਿ ਮੁੱਖ ਮੰਤਰੀ ਸੰਵੇਦਨਸ਼ੀਲ ਮੁੱਦਿਆਂ ’ਤੇ ਸੰਗਤ ਨੂੰ ਗੁਮਰਾਹ ਕਰ ਰਹੇ ਹਨ ਅਤੇ ਅਕਾਲ ਤਖ਼ਤ ਦੇ ਨਿਰਦੇਸ਼ਾਂ ਦੇ ਬਾਵਜੂਦ ਇਸ ਮੁੱਦੇ ’ਤੇ ਸਿਆਸਤ ਕਰ ਰਹੇ ਹਨ।
ਪ੍ਰੈੱਸ ਕਾਨਫਰੰਸ ਦੇ ਮੁੱਖ ਅੰਸ਼ ਅਤੇ ਧਾਮੀ ਦੇ ਵੱਡੇ ਖੁਲਾਸੇ:
SGPC ਦੀ ਆਜ਼ਾਦ ਹਸਤੀ ਅਤੇ ਪੁਲਿਸ ਕਾਰਵਾਈ: ਐਡਵੋਕੇਟ ਧਾਮੀ ਨੇ ਸਪੱਸ਼ਟ ਕੀਤਾ ਕਿ ਸ਼੍ਰੋਮਣੀ ਕਮੇਟੀ ਇੱਕ ਆਜ਼ਾਦ ਸੰਸਥਾ ਹੈ। ਉਨ੍ਹਾਂ ਨੇ ਸੁਰਿੰਦਰ ਸਿੰਘ (PPS) ਦੇ ਪੁਰਾਣੇ ਬਿਆਨ ਦਾ ਹਵਾਲਾ ਦਿੰਦਿਆਂ ਕਿਹਾ ਕਿ SGPC ਇੱਕ ਨਿੱਜੀ/ਆਜ਼ਾਦ ਸੰਸਥਾ ਹੋਣ ਕਰਕੇ ਇਸ ਵਿੱਚ ਪੁਲਿਸ ਦੀ ਸਿੱਧੀ ਕਾਰਵਾਈ ਵਾਜਿਬ ਨਹੀਂ ਹੈ। ਉਨ੍ਹਾਂ ਕਿਹਾ, “ਜੇਕਰ SGPC ਵਿੱਚ ਕੋਈ ਘਪਲੇ ਹੁੰਦੇ ਹਨ ਤਾਂ ਪੁਲਿਸ ਕੁਝ ਨਹੀਂ ਕਰ ਸਕਦੀ, ਸਾਡਾ ਆਪਣਾ ਸਿਸਟਮ ਹੈ। ਸਰਕਾਰ ‘ਲੂਣ ਗੁੰਨਣ’ ਦਾ ਕੰਮ ਨਾ ਕਰੇ ਅਤੇ ਜਾਗ ਜਾਵੇ।”
ਧਾਮੀ ਨੇ ਕਿਹਾ ਕਿ ਸਾਲ ਵਿੱਚ ਹਜ਼ਾਰਾਂ ਸਰੂਪ ਛਪਦੇ ਹਨ, ਜੇਕਰ ਕਿਸੇ ਨੇ ਭ੍ਰਿਸ਼ਟਾਚਾਰ ਕੀਤਾ ਹੈ ਤਾਂ ਉਹ ਵਿਅਕਤੀਗਤ ਲਾਪਰਵਾਹੀ ਹੈ, ਜਿਸ ’ਤੇ ਕਮੇਟੀ ਨੇ ਕਾਰਵਾਈ ਕੀਤੀ ਹੈ।
ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ‘ਤੇ ਉਠਾਏ ਸਵਾਲਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ “ਕੀ ਸਰਕਾਰ ਵਿੱਚ ਕਈ ਵਾਰ ਚੂਲਾਂ ਢਿੱਲੀਆਂ ਨਹੀਂ ਹੁੰਦੀਆਂ? ਪ੍ਰਬੰਧਕੀ ਕਮੀਆਂ ਕਿਤੇ ਵੀ ਹੋ ਸਕਦੀਆਂ ਹਨ, ਪਰ ਮਹੱਤਵਪੂਰਨ ਇਹ ਹੈ ਕਿ ਉਨ੍ਹਾਂ ‘ਤੇ ਕਾਰਵਾਈ ਕੀਤੀ ਜਾਵੇ।”
ਮਤਾ ਬਦਲਣ ਅਤੇ ਕਾਰਵਾਈ ਦਾ ਮਾਮਲਾ: ਧਾਮੀ ਨੇ ਮੰਨਿਆ ਕਿ “ਅਸੀਂ ਮਤਾ ਬਦਲਿਆ” ਸੀ, ਪਰ ਇਹ ਸਭ ਪੰਥਕ ਹਿੱਤਾਂ ਲਈ ਸੀ। ਉਨ੍ਹਾਂ ਕਿਹਾ ਕਿ ਡਾ. ਈਸ਼ਰ ਸਿੰਘ ਦੀ ਰਿਪੋਰਟ ਮੈਂ ਹੀ ਲਾਗੂ ਕੀਤੀ ਸੀ। ਸਰੂਪਾਂ ਦੇ ਮਸਲੇ ’ਤੇ ਅਕਾਲ ਤਖ਼ਤ ਨੇ 72 ਘੰਟਿਆਂ ਵਿੱਚ ਕਾਰਵਾਈ ਦਾ ਹੁਕਮ ਦਿੱਤਾ ਸੀ, ਜੋ ਅਸੀਂ ਪੂਰੀ ਕੀਤੀ। ਸਾਰਾ ਕੁਝ ਅਕਾਲ ਤਖ਼ਤ ਦੀ ਦੇਖ-ਰੇਖ ਹੇਠ ਹੋਇਆ।
ਧਾਮੀ ਨੇ ਪ੍ਰਬੰਧਕੀ ਪਾਰਦਰਸ਼ਤਾ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਸ਼੍ਰੋਮਣੀ ਕਮੇਟੀ ਆਪਣੇ ਪੱਧਰ ’ਤੇ ਗ਼ਲਤੀਆਂ ਸੁਧਾਰ ਰਹੀ ਹੈ। ਉਨ੍ਹਾਂ ਦੱਸਿਆ ਕਿ ਹਾਲ ਹੀ ਦੇ ਮਾਮਲੇ ਵਿੱਚ 16 SGPC ਅਧਿਕਾਰੀਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾ ਚੁੱਕੀ ਹੈ।
ਉਨ੍ਹਾਂ ਨੇ ਹਾਈਕੋਰਟ ਵਿੱਚ ਪਟੀਸ਼ਨ ਪਾਈ ਸੀ, ਜਿਸ ਕਾਰਨ ਉਨ੍ਹਾਂ ਨੂੰ ਮੁੜ ਰੱਖਣਾ ਪਿਆ, ਪਰ ਅਸੀਂ ਉਨ੍ਹਾਂ ਨੂੰ ਫਿਰ ਤਲਬ ਕੀਤਾ।
ਬੇਅਦਬੀ ਜਾਂ ਚੋਰੀ ਦਾ ਕੋਈ ਜ਼ਿਕਰ ਨਹੀਂ: ਧਾਮੀ ਨੇ ਕਿਹਾ ਕਿ ਡਾ. ਈਸ਼ਰ ਸਿੰਘ ਦੀ ਰਿਪੋਰਟ ਵਿੱਚ ਕਿਤੇ ਵੀ ‘ਬੇਅਦਬੀ’ ਜਾਂ ‘ਚੋਰੀ’ ਸ਼ਬਦ ਦਾ ਜ਼ਿਕਰ ਨਹੀਂ ਹੈ। ਇਹ ਸਿਰਫ਼ ਪ੍ਰਬੰਧਕੀ ਲਾਪਰਵਾਹੀ (Negligence) ਅਤੇ ਭ੍ਰਿਸ਼ਟਾਚਾਰ ਦਾ ਮਾਮਲਾ ਸੀ। ਉਨ੍ਹਾਂ ਸਵਾਲ ਕੀਤਾ ਕਿ ਸਰਕਾਰ ਹੁਣ ਪਰਚੇ ਦਾ ਮਾਮਲਾ ਕਿਉਂ ਚੁੱਕ ਰਹੀ ਹੈ, ਜਦਕਿ ਹਾਈਕੋਰਟ ਵਿੱਚ ਉਨ੍ਹਾਂ ਦੇ ਬਿਆਨ ਕੁਝ ਹੋਰ ਹਨ।
ਅਕਾਲੀ ਦਲ ਨਾਲ ਸਬੰਧ ਅਤੇ ਸਿਆਸੀ ਹਮਲੇ: ਆਪਣੀ ਸਿਆਸੀ ਪਛਾਣ ’ਤੇ ਬੋਲਦਿਆਂ ਧਾਮੀ ਨੇ ਕਿਹਾ ਕਿ “ਮੈਨੂੰ ਸਵਾਲ ਕੀਤਾ ਜਾਂਦਾ ਹੈ ਕਿ ਮੈਂ ਅਕਾਲੀ ਦਲ ਦੇ ਬੁਲਾਰੇ ਵਜੋਂ ਬੋਲਦਾ ਹਾਂ, ਪਰ ਸੱਚ ਇਹ ਹੈ ਕਿ ਮੈਂ ਐਸ.ਜੀ.ਪੀ.ਸੀ. ਦਾ ਪ੍ਰਧਾਨ ਹੋਣ ਦੇ ਨਾਲ-ਨਾਲ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵਫ਼ਾਦਾਰ ਸਿਪਾਹੀ ਵੀ ਹਾਂ।” ਉਨ੍ਹਾਂ ਇਲਜ਼ਾਮ ਲਾਇਆ ਕਿ ਉਨ੍ਹਾਂ ਦੇ ਬਿਆਨ ਦੇ ਇੱਕ ਛੋਟੇ ਜਿਹੇ ਹਿੱਸੇ ਨੂੰ ਜਾਣਬੁੱਝ ਕੇ ਮੁੱਦਾ ਬਣਾਇਆ ਗਿਆ ਹੈ ਤਾਂ ਜੋ ਵਿਵਾਦ ਪੈਦਾ ਕੀਤਾ ਜਾ ਸਕੇ।
ਧਾਮੀ ਨੇ ਕਿਹਾ, “ਮੈਨੂੰ ਮਾਣ ਹੈ ਕਿ ਮੈਂ ਅਕਾਲੀ ਦਲ ਦਾ ਸਿਪਾਹੀ ਹਾਂ ਅਤੇ ਮੈਂ ਅਕਾਲੀ ਦਲ ਦਾ ਹੀ ਨੁਮਾਇੰਦਾ ਹਾਂ।” ਉਨ੍ਹਾਂ ਇਲਜ਼ਾਮ ਲਾਇਆ ਕਿ ਸਰਕਾਰ ਮਾਹੌਲ ਬਦਲਦਾ ਦੇਖ ਕੇ ਜਾਣਬੁੱਝ ਕੇ ਇਹ ਮੁੱਦਾ ਉਛਾਲ ਰਹੀ ਹੈ।
ਸੰਗਤ ਨੂੰ ਅਪੀਲ
ਐਡਵੋਕੇਟ ਧਾਮੀ ਨੇ ਸੰਗਤ ਨੂੰ ਅਪੀਲ ਕੀਤੀ ਕਿ ਉਹ ਫੈਲਾਏ ਜਾ ਰਹੇ ਭਰਮ-ਭੁਲੇਖਿਆਂ ਤੋਂ ਸਾਵਧਾਨ ਰਹਿਣ। ਉਨ੍ਹਾਂ ਭਰੋਸਾ ਦਿਵਾਇਆ ਕਿ ਸ਼੍ਰੋਮਣੀ ਕਮੇਟੀ ਗੁਰੂ ਮਰਿਆਦਾ ਅਤੇ ਪੰਥਕ ਰਵਾਇਤਾਂ ਅਨੁਸਾਰ ਕੰਮ ਕਰ ਰਹੀ ਹੈ ਅਤੇ ਕਿਸੇ ਵੀ ਬਾਹਰੀ ਸਿਆਸੀ ਦਖ਼ਲਅੰਦਾਜ਼ੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

