India Sports

ਹਾਕੀ ਸਟਾਰ ਹਾਰਦਿਕ ਸਿੰਘ ਨੂੰ ਮਿਲੇਗਾ ‘ਖੇਲ ਰਤਨ’ 24 ਖਿਡਾਰੀਆਂ ਨੂੰ ‘ਅਰਜੁਨ ਐਵਾਰਡ’

ਬਿਊਰੋ ਰਿਪੋਰਟ (ਚੰਡੀਗੜ੍ਹ, 24 ਦਸੰਬਰ, 2025): ਭਾਰਤੀ ਹਾਕੀ ਟੀਮ ਦੇ ਉਪ-ਕਪਤਾਨ ਹਾਰਦਿਕ ਸਿੰਘ ਨੂੰ ਸਾਲ 2025 ਦਾ ਵੱਕਾਰੀ ਮੇਜਰ ਧਿਆਨ ਚੰਦ ਖੇਲ ਰਤਨ ਐਵਾਰਡ ਦਿੱਤਾ ਜਾਵੇਗਾ। ਹਾਰਦਿਕ ਇਕਲੌਤੇ ਅਜਿਹੇ ਖਿਡਾਰੀ ਹਨ, ਜਿਨ੍ਹਾਂ ਦੇ ਨਾਮ ਦੀ ਸਿਫ਼ਾਰਸ਼ ਚੋਣ ਕਮੇਟੀ ਵੱਲੋਂ ਕੀਤੀ ਗਈ ਹੈ।

27 ਸਾਲਾ ਹਾਰਦਿਕ ਸਿੰਘ ਟੋਕੀਓ ਓਲੰਪਿਕ 2021 ਅਤੇ ਪੈਰਿਸ ਓਲੰਪਿਕ 2024 ਵਿੱਚ ਤਮਗਾ ਜਿੱਤਣ ਵਾਲੀ ਭਾਰਤੀ ਟੀਮ ਦਾ ਅਹਿਮ ਹਿੱਸਾ ਰਹੇ ਹਨ। ਉਨ੍ਹਾਂ ਨੇ ਇਸ ਸਾਲ ਹੋਏ ਏਸ਼ੀਆ ਕੱਪ ਵਿੱਚ ਭਾਰਤ ਨੂੰ ਸੋਨ ਤਮਗਾ ਦਿਵਾਉਣ ਵਿੱਚ ਵੀ ਮੁੱਖ ਭੂਮਿਕਾ ਨਿਭਾਈ ਸੀ।

ਅਰਜੁਨ ਐਵਾਰਡ ਲਈ 24 ਖਿਡਾਰੀਆਂ ਦੀ ਚੋਣ

ਬੁੱਧਵਾਰ ਨੂੰ ਹੋਈ ਚੋਣ ਕਮੇਟੀ ਦੀ ਬੈਠਕ ਵਿੱਚ ‘ਅਰਜੁਨ ਐਵਾਰਡ’ ਲਈ ਨਾਵਾਂ ਦੀ ਸਿਫ਼ਾਰਸ਼ ਕੀਤੀ ਗਈ। ਇਸ ਕਮੇਟੀ ਵਿੱਚ ਭਾਰਤੀ ਓਲੰਪਿਕ ਸੰਘ (IOA) ਦੇ ਉਪ-ਪ੍ਰਧਾਨ ਗਗਨ ਨਾਰੰਗ, ਸਾਬਕਾ ਬੈਡਮਿੰਟਨ ਖਿਡਾਰੀ ਅਪਰਨਾ ਪੋਪਟ ਅਤੇ ਸਾਬਕਾ ਹਾਕੀ ਖਿਡਾਰੀ ਐਮ.ਐਮ. ਸੋਮਈਆ ਸ਼ਾਮਲ ਸਨ।

ਕਮੇਟੀ ਨੇ ਸ਼ਤਰੰਜ ਖਿਡਾਰਨ ਦਿਵਿਆ ਦੇਸ਼ਮੁਖ ਅਤੇ ਡੇਕਾਥਲਨ ਐਥਲੀਟ ਤੇਜਸਵਿਨ ਸ਼ੰਕਰ ਸਮੇਤ 24 ਖਿਡਾਰੀਆਂ ਨੂੰ ਅਰਜੁਨ ਪੁਰਸਕਾਰ ਲਈ ਚੁਣਿਆ ਹੈ।

ਯੋਗਾਸਨ ਖਿਡਾਰੀ ਨੂੰ ਪਹਿਲੀ ਵਾਰ ਮਿਲੇਗਾ ‘ਅਰਜੁਨ’

ਇਸ ਵਾਰ ਇਤਿਹਾਸ ਰਚਦਿਆਂ ਯੋਗਾਸਨ ਦੀ ਖਿਡਾਰਨ ਆਰਤੀ ਪਾਲ ਨੂੰ ਅਰਜੁਨ ਪੁਰਸਕਾਰ ਲਈ ਚੁਣਿਆ ਗਿਆ ਹੈ। ਖੇਡ ਮੰਤਰਾਲੇ ਵੱਲੋਂ ਮਾਨਤਾ ਮਿਲਣ ਦੇ 5 ਸਾਲਾਂ ਬਾਅਦ ਕਿਸੇ ਯੋਗਾਸਨ ਖਿਡਾਰੀ ਦੀ ਚੋਣ ਹੋਈ ਹੈ। ਆਰਤੀ ਇਸ ਸਮੇਂ ਨੈਸ਼ਨਲ ਅਤੇ ਏਸ਼ੀਆਈ ਚੈਂਪੀਅਨ ਹੈ। ਜ਼ਿਕਰਯੋਗ ਹੈ ਕਿ ਯੋਗਾਸਨ ਨੂੰ 2026 ਦੀਆਂ ਏਸ਼ੀਆਈ ਖੇਡਾਂ ਵਿੱਚ ਪ੍ਰਦਰਸ਼ਨੀ ਖੇਡ ਵਜੋਂ ਸ਼ਾਮਲ ਕੀਤਾ ਜਾਵੇਗਾ।