International Religion

ਨਿਊਜ਼ੀਲੈਂਡ ’ਚ ਸਿੱਖ ਭਾਈਚਾਰੇ ਵੱਲੋਂ ਕੱਢੇ ਨਗਰ ਕੀਰਤਨ ਦਾ ਵਿਰੋਧ, ਸਥਿਤੀ ਹੋਈ ਤਣਾਪੂਰਨ

ਬਿਊਰੋ ਰਿਪੋਰਟ (21 ਦਸੰਬਰ, 2025): ਨਿਊਜ਼ੀਲੈਂਡ ਵਿੱਚ ਇੱਕ ਸਿੱਖ ਨਗਰ ਕੀਰਤਨ ਦੌਰਾਨ ਉਸ ਸਮੇਂ ਤਣਾਅਪੂਰਨ ਸਥਿਤੀ ਪੈਦਾ ਹੋ ਗਈ ਜਦੋਂ ਇੱਕ ਸਥਾਨਕ ਰਾਸ਼ਟਰਵਾਦੀ ਸਮੂਹ ਨੇ ਨਗਰ ਕੀਰਤਨ ਦਾ ਰਾਹ ਰੋਕ ਕੇ ਵਿਰੋਧ ਪ੍ਰਦਰਸ਼ਨ ਕੀਤਾ। ਇਸ ਸਮੂਹ ਵੱਲੋਂ ਦਾਅਵਾ ਕੀਤਾ ਗਿਆ ਕਿ ਇਹ ਸੜਕਾਂ “ਉਨ੍ਹਾਂ ਦੀ ਆਪਣੀ ਧਰਤ”’ ਹਨ ਅਤੇ ਬਾਹਰੋਂ ਆਏ ਲੋਕ ਇੱਥੇ ਨਗਰ ਕੀਰਤਨ ਨਹੀਂ ਕੱਢ ਸਕਦੇ।

ਮਾਮਲਾ ਉਦੋਂ ਗੰਭੀਰ ਹੋ ਗਿਆ ਜਦੋਂ ਦੋਵਾਂ ਧਿਰਾਂ ਵਿਚਾਲੇ ਤਿੱਖੀ ਬਹਿਸ ਸ਼ੁਰੂ ਹੋ ਗਈ। ਸਥਿਤੀ ਨੂੰ ਵਿਗੜਦਾ ਦੇਖ ਨਿਊਜ਼ੀਲੈਂਡ ਪੁਲਿਸ ਨੇ ਤੁਰੰਤ ਦਖ਼ਲ ਦਿੱਤਾ। ਪੁਲਿਸ ਨੇ ਨਗਰ ਕੀਰਤਨ ਨੂੰ ਸੁਰੱਖਿਅਤ ਘੇਰੇ ਵਿੱਚ ਲੈ ਕੇ ਅੱਗੇ ਵਧਾਇਆ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਹਿੰਸਾ ਨੂੰ ਰੋਕਿਆ ਜਾ ਸਕੇ।

ਇਸ ਘਟਨਾ ਨੇ ਵਿਦੇਸ਼ਾਂ ਵਿੱਚ ਰਹਿ ਰਹੇ ਪ੍ਰਵਾਸੀ ਭਾਈਚਾਰਿਆਂ ਸਾਹਮਣੇ ਮੌਜੂਦ ਡੂੰਘੇ ਸੱਭਿਆਚਾਰਕ ਅਤੇ ਰਾਜਨੀਤਿਕ ਤਣਾਅ ਨੂੰ ਮੁੜ ਉਜਾਗਰ ਕੀਤਾ ਹੈ। ਬਹੁਤ ਸਾਰੇ ਲੋਕ ਆਪਣੇ ਦੇਸ਼ ਇਸ ਉਮੀਦ ਵਿੱਚ ਛੱਡ ਕੇ ਪੱਛਮੀ ਮੁਲਕਾਂ ਵੱਲ ਜਾਂਦੇ ਹਨ ਕਿ ਉੱਥੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਸਵੀਕਾਰ ਕੀਤਾ ਜਾਵੇਗਾ, ਪਰ ਅਸਲੀਅਤ ਅਕਸਰ ਇਸ ਦੇ ਉਲਟ ਹੁੰਦੀ ਹੈ।

ਇਹ ਟਕਰਾਅ ਉਸ ਕੌੜੀ ਸੱਚਾਈ ਨੂੰ ਦਰਸਾਉਂਦਾ ਹੈ ਕਿ ਪ੍ਰਵਾਸੀ ਭਾਵੇਂ ਕਿੰਨਾ ਵੀ ਸਮਾਂ ਵਿਦੇਸ਼ਾਂ ਵਿੱਚ ਰਹਿ ਲੈਣ, ਅਕਸਰ ਉਨ੍ਹਾਂ ਨੂੰ ‘ਬਾਹਰਲੇ’ ਜਾਂ ਦੂਜੇ ਦਰਜੇ ਦੇ ਨਾਗਰਿਕ ਵਜੋਂ ਹੀ ਦੇਖਿਆ ਜਾਂਦਾ ਹੈ। ਇਹ ਘਟਨਾ ਵਿਦੇਸ਼ਾਂ ਵਿੱਚ ਮੁਕੰਮਲ ਸਵੀਕਾਰਤਾ ਦੇ ਭਰਮ ਪਿੱਛੇ ਛੁਪੇ ਸਖ਼ਤ ਹਾਲਾਤਾਂ ਦਾ ਪ੍ਰਤੀਕ ਹੈ।