India Punjab

ਬਿਹਾਰ ਦੇ CM ਨਿਤੀਸ਼ ਕੁਮਾਰ ‘ਤੇ ਭੜਕੇ ਪੰਜਾਬ ਦੇ ਸ਼ਾਹੀ ਇਮਾਮ

ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵੱਲੋਂ ਇੱਕ ਸਰਕਾਰੀ ਸਮਾਗਮ ਵਿੱਚ ਮੁਸਲਿਮ ਆਯੂਸ਼ ਡਾਕਟਰ ਨੁਸਰਤ ਪਰਵੀਨ ਦਾ ਨਕਾਬ (ਹਿਜਾਬ/ਨਿਕਾਬ) ਖਿੱਚ ਕੇ ਹੇਠਾਂ ਕਰਨ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਦੇਸ਼ ਭਰ ਵਿੱਚ ਤਿੱਖੀ ਪ੍ਰਤੀਕਿਰਿਆ ਸਾਹਮਣੇ ਆ ਰਹੀ ਹੈ।

ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਇਸ ਘਟਨਾ ਨੂੰ “ਸ਼ਰਮਨਾਕ” ਕਰਾਰ ਦਿੱਤਾ ਅਤੇ ਨਿਤੀਸ਼ ਕੁਮਾਰ ਤੋਂ ਬਿਨਾਂ ਸ਼ਰਤ ਮੁਆਫ਼ੀ ਮੰਗਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਹ ਹਰਕਤ ਸਮਾਜਿਕ, ਧਾਰਮਿਕ ਅਤੇ ਕਾਨੂੰਨੀ ਤੌਰ ‘ਤੇ ਅਸਵੀਕਾਰਯੋਗ ਹੈ, ਨਿਤੀਸ਼ ਨੇ ਅਹੁਦੇ ਦੀ ਦੁਰਵਰਤੋਂ ਕੀਤੀ ਹੈ ਅਤੇ ਇਹ ਸਿਰਫ਼ ਮੁਸਲਿਮ ਧੀਆਂ ਦਾ ਨਹੀਂ, ਸਗੋਂ ਪੂਰੇ ਦੇਸ਼ ਦੀਆਂ ਔਰਤਾਂ ਦੇ ਮਾਣ-ਸਨਮਾਨ ਦਾ ਮਸਲਾ ਹੈ।

ਉਨ੍ਹਾਂ ਨੇ ਮਹਿਲਾ ਕਮਿਸ਼ਨਾਂ ਦੀ ਚੁੱਪ ’ਤੇ ਸਵਾਲ ਕਰਦਿਆਂ ਕਿਹਾ ਕਿ ਹੁਣ ਮਹਿਲਾ ਕਮਿਸ਼ਨ ਇਸ ਮਸਲੇ ’ਤੇ ਚੁੱਪ ਕਿਉਂ ਹੈ।  ਵਿਰੋਧੀ ਧਿਰਾਂ ਨੇ ਵੀ ਤਿੱਖਾ ਹਮਲਾ ਕੀਤਾ। ਕਾਂਗਰਸ ਅਤੇ RJD ਨੇ ਇਸ ਨੂੰ “ਘਿਨੌਣੀ ਹਰਕਤ” ਕਹਿ ਕੇ ਨਿਤੀਸ਼ ਦੇ ਅਸਤੀਫ਼ੇ ਦੀ ਮੰਗ ਕੀਤੀ, ਜਦਕਿ ਕੁਝ ਨੇ ਉਨ੍ਹਾਂ ਦੀ ਮਾਨਸਿਕ ਸਿਹਤ ‘ਤੇ ਸਵਾਲ ਉਠਾਏ।

ਬਾਲੀਵੁੱਡ ਅਦਾਕਾਰਾ ਜ਼ੈਰਾ ਵਸੀਮ ਅਤੇ ਜਾਵੇਦ ਅਖ਼ਤਰ ਨੇ ਵੀ ਨਿਖੇਧੀ ਕੀਤੀ ਅਤੇ ਮੁਆਫ਼ੀ ਮੰਗਣ ਦੀ ਅਪੀਲ ਕੀਤੀ। ਵਿਵਾਦ ਉਦੋਂ ਹੋਰ ਭਖਿਆ ਜਦੋਂ ਪਾਕਿਸਤਾਨ ਅਧਾਰਤ ਗੈਂਗਸਟਰ ਸ਼ਹਿਜ਼ਾਦ ਭੱਟੀ ਨੇ ਵੀਡੀਓ ਜਾਰੀ ਕਰਕੇ ਨਿਤੀਸ਼ ਨੂੰ ਮੁਆਫ਼ੀ ਮੰਗਣ ਦੀ ਚੇਤਾਵਨੀ ਦਿੱਤੀ, ਨਹੀਂ ਤਾਂ ਗੰਭੀਰ ਨਤੀਜੇ ਭੁਗਤਣੇ ਪੈਣਗੇ। ਬਿਹਾਰ ਪੁਲਿਸ ਨੇ ਇਸ ‘ਤੇ ਕੇਸ ਦਰਜ ਕੀਤਾ ਅਤੇ ਨਿਤੀਸ਼ ਦੀ ਸੁਰੱਖਿਆ ਵਧਾ ਦਿੱਤੀ। ਕੁਝ ਪਾਕਿਸਤਾਨੀ ਮਨੁੱਖੀ ਅਧਿਕਾਰ ਸੰਗਠਨਾਂ ਨੇ ਵੀ ਨਿਖੀ ਕੀਤੀ। ਇਹ ਘਟਨਾ ਔਰਤਾਂ ਦੀ ਇੱਜ਼ਤ, ਧਾਰਮਿਕ ਆਜ਼ਾਦੀ ਅਤੇ ਨਿੱਜੀ ਅਧਿਕਾਰਾਂ ਨੂੰ ਲੈ ਕੇ ਵੱਡੀ ਬਹਿਸ ਛੇੜ ਗਈ ਹੈ। ਨਿਤੀਸ਼ ਨੇ ਅਜੇ ਤੱਕ ਕੋਈ ਜਵਾਬ ਨਹੀਂ ਦਿੱਤਾ, ਪਰ ਵਿਵਾਦ ਲਗਾਤਾਰ ਵਧ ਰਿਹਾ ਹੈ।

ਇਹ ਘਟਨਾ 15 ਦਸੰਬਰ 2025 ਨੂੰ ਪਟਨਾ ਵਿੱਚ ਨਵ-ਨਿਯੁਕਤ ਆਯੂਸ਼ ਡਾਕਟਰਾਂ ਨੂੰ ਨਿਯੁਕਤੀ ਪੱਤਰ ਵੰਡਣ ਵਾਲੇ ਸਮਾਗਮ ਦੌਰਾਨ ਵਾਪਰੀ। ਵੀਡੀਓ ਵਿੱਚ ਨਿਤੀਸ਼ ਕੁਮਾਰ ਨੂੰ ਮਹਿਲਾ ਡਾਕਟਰ ਵੱਲ ਇਸ਼ਾਰਾ ਕਰਦੇ ਅਤੇ ਫਿਰ ਆਪਣੇ ਹੱਥ ਨਾਲ ਨਕਾਬ ਹੇਠਾਂ ਕਰਦੇ ਦਿਖਾਇਆ ਗਿਆ ਹੈ, ਜਿਸ ਨਾਲ ਮਹਿਲਾ ਸ਼ਰਮਿੰਦਾ ਨਜ਼ਰ ਆ ਰਹੀ ਹੈ। ਡਿਪਟੀ CM ਸਮਰਤ ਚੌਧਰੀ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ।