Punjab

ਰਾਣਾ ਬਲਾਚੌਰੀਆ ਕਤਲ ਕੇਸ ਵਿੱਚ ਵੱਡੀ ਅਪਡੇਟ: ਬੰਬੀਹਾ ਗੈਂਗ ਦੇ ਸ਼ੂਟਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ

ਬਿਊਰੋ ਰਿਪੋਰਟ (17 ਦਸੰਬਰ, 2025): ਰਾਣਾ ਬਲਾਚੌਰੀਆ ਕਤਲ ਕਾਂਡ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਨੂੰ ਇੱਕ ਵੱਡੀ ਸਫ਼ਲਤਾ ਮਿਲੀ ਹੈ। ਪੁਲਿਸ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਮੁੱਖ ਸ਼ੂਟਰਾਂ ਦੀ ਪਛਾਣ ਕਰ ਲਈ ਹੈ ਅਤੇ ਉਨ੍ਹਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ।

ਪੁਲਿਸ ਅਨੁਸਾਰ, ਇਸ ਕਤਲ ਵਿੱਚ ਸ਼ਾਮਲ ਸ਼ੂਟਰਾਂ ਦੀ ਪਛਾਣ ਆਦਿੱਤਿਆ ਕਪੂਰ ਉਰਫ਼ ਮੱਖਣ ਅਤੇ ਕਰਨ ਪਾਠਕ ਵਜੋਂ ਹੋਈ ਹੈ। ਇਹ ਦੋਵੇਂ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ ਅਤੇ ਖ਼ਤਰਨਾਕ ਬੰਬੀਹਾ ਗੈਂਗ ਨਾਲ ਸਬੰਧ ਰੱਖਦੇ ਹਨ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਨ੍ਹਾਂ ’ਤੇ ਪਹਿਲਾਂ ਵੀ ਇੱਕ ਦਰਜਣ ਤੋਂ ਵੱਧ ਸੰਗੀਨ ਅਪਰਾਧਿਕ ਮਾਮਲੇ ਦਰਜ ਹਨ ਅਤੇ ਇਹ ਕਈ ਵਾਰ ਜੇਲ੍ਹ ਵੀ ਜਾ ਚੁੱਕੇ ਹਨ।

ਜਾਂਚ ਵਿੱਚ ਜੁਟੀਆਂ ਪੁਲਿਸ ਦੀਆਂ 12 ਟੀਮਾਂ

ਪੁਲਿਸ ਸੂਤਰਾਂ ਮੁਤਾਬਕ, ਇਸ ਕਤਲ ਦੀ ਸਾਜ਼ਿਸ਼ ਵਿੱਚ 1-2 ਹੋਰ ਸ਼ੂਟਰਾਂ ਦੇ ਸ਼ਾਮਲ ਹੋਣ ਦਾ ਸ਼ੱਕ ਹੈ, ਜਿਨ੍ਹਾਂ ਦੇ ਨਾਂ ਰੋਹਿਤ ਤੇ ਗੌਰਵ ਦੱਸੇ ਜਾ ਰਹੇ ਹਨ। ਇਨ੍ਹਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਵਾਰਦਾਤ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੰਜਾਬ ਪੁਲਿਸ ਦੀਆਂ 12 ਵਿਸ਼ੇਸ਼ ਟੀਮਾਂ ਵੱਖ-ਵੱਖ ਇਲਾਕਿਆਂ ਵਿੱਚ ਸਰਗਰਮ ਹਨ।

ਪੁਲਿਸ ਦਾ ਦਾਅਵਾ ਹੈ ਕਿ ਬਹੁਤ ਜਲਦ ਸਾਰੇ ਮੁਲਜ਼ਮ ਕਾਨੂੰਨ ਦੀ ਗ੍ਰਿਫ਼ਤ ਵਿੱਚ ਹੋਣਗੇ। ਇਸ ਖ਼ੁਲਾਸੇ ਤੋਂ ਬਾਅਦ ਪੁਲਿਸ ਵੱਲੋਂ ਇਨ੍ਹਾਂ ਸ਼ੂਟਰਾਂ ਦੇ ਸੰਪਰਕਾਂ ਅਤੇ ਟਿਕਾਣਿਆਂ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।