Poetry Punjab

ਪੰਜਾਬ ਦੇ 3 ਸ਼ਹਿਰਾਂ ਨੂੰ ਮਿਲਿਆ ਪਵਿੱਤਰ ਸ਼ਹਿਰਾਂ ਦਾ ਦਰਜਾ, ਰਾਜਪਾਲ ਨੇ ਲਗਾਈ ਪੱਕੀ ਮੋਹਰ

ਪੰਜਾਬ ਦੇ ਤਿੰਨ ਪ੍ਰਮੁੱਖ ਸਿੱਖ ਧਾਰਮਿਕ ਸ਼ਹਿਰਾਂ – ਅੰਮ੍ਰਿਤਸਰ, ਸ੍ਰੀ ਆਨੰਦਪੁਰ ਸਾਹਿਬ ਅਤੇ ਤਲਵੰਡੀ ਸਾਬੋ – ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਪ੍ਰਾਪਤ ਹੋ ਗਿਆ ਹੈ। ਪੰਜਾਬ ਵਿਧਾਨ ਸਭਾ ਵਿੱਚ ਪਾਸ ਕੀਤੇ ਗਏ ਇਸ ਫੈਸਲੇ ‘ਤੇ ਰਾਜਪਾਲ ਨੇ ਅੰਤਿਮ ਮਨਜ਼ੂਰੀ ਦੀ ਮੋਹਰ ਲਗਾ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀ ਆਨੰਦਪੁਰ ਸਾਹਿਬ ਵਿੱਚ ਹੋਏ ਵਿਧਾਨ ਸਭਾ ਸੈਸ਼ਨ ਦੌਰਾਨ ਇਸ ਦਾ ਐਲਾਨ ਕੀਤਾ ਸੀ।

ਇਹ ਤਿੰਨੇ ਸ਼ਹਿਰ ਸਿੱਖ ਧਰਮ ਦੇ ਮੁੱਖ ਤਖ਼ਤਾਂ ਨਾਲ ਸਬੰਧਿਤ ਹਨ: ਅੰਮ੍ਰਿਤਸਰ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ, ਆਨੰਦਪੁਰ ਸਾਹਿਬ ਵਿੱਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਤਲਵੰਡੀ ਸਾਬੋ ਵਿੱਚ ਤਖ਼ਤ ਸ੍ਰੀ ਦਮਦਮਾ ਸਾਹਿਬ। ਇਸ ਦਰਜੇ ਨਾਲ ਇਨ੍ਹਾਂ ਸ਼ਹਿਰਾਂ ਵਿੱਚ ਸ਼ਰਾਬ, ਮਾਸਾਹਾਰ (ਮੀਟ), ਤੰਬਾਕੂ ਅਤੇ ਸਾਰੇ ਨਸ਼ੀਲੇ ਪਦਾਰਥਾਂ ਦੀ ਵਿਕਰੀ ਤੇ ਵਰਤੋਂ ‘ਤੇ ਪੂਰਨ ਪਾਬੰਦੀ ਲੱਗ ਜਾਵੇਗੀ।

ਵਿਧਾਨ ਸਭਾ ਵਿੱਚ ਇਸ ਸਬੰਧੀ ਵਿਸ਼ੇਸ਼ ਮਤਾ ਪਾਸ ਕੀਤਾ ਗਿਆ ਹੈ।ਸਰਕਾਰ ਅਨੁਸਾਰ ਇਹ ਫੈਸਲਾ ਸਿੱਖ ਸੰਗਤ ਦੀ ਦਹਾਕਿਆਂ ਪੁਰਾਣੀ ਮੰਗ ਨੂੰ ਪੂਰਾ ਕਰਦਾ ਹੈ। ਹੁਣ ਇਨ੍ਹਾਂ ਪਵਿੱਤਰ ਸ਼ਹਿਰਾਂ ਵਿੱਚ ਸਫ਼ਾਈ, ਸੁਰੱਖਿਆ, ਵਿਕਾਸ ਅਤੇ ਧਾਰਮਿਕ ਸੈਰ-ਸਪਾਟੇ ਨੂੰ ਵਧਾਵਾ ਦੇਣ ਲਈ ਵਿਸ਼ੇਸ਼ ਯੋਜਨਾਵਾਂ ਲਾਗੂ ਕੀਤੀਆਂ ਜਾਣਗੀਆਂ। ਸਫ਼ਾਈ ਪ੍ਰਣਾਲੀ ਨੂੰ ਮਜ਼ਬੂਤ ਬਣਾਇਆ ਜਾਵੇਗਾ, ਭੀੜ ਪ੍ਰਬੰਧਨ ਤੇ ਆਵਾਜਾਈ ਨਿਯੰਤਰਣ ਵਿੱਚ ਸੁਧਾਰ ਕੀਤਾ ਜਾਵੇਗਾ। ਇਤਿਹਾਸਕ ਗਲੀਆਂ ਤੇ ਧਾਰਮਿਕ ਮਾਰਗਾਂ ਨੂੰ ਸੁੰਦਰ ਬਣਾਇਆ ਜਾਵੇਗਾ ਅਤੇ ਗ਼ੈਰ-ਕਾਨੂੰਨੀ ਗਤੀਵਿਧੀਆਂ ‘ਤੇ ਸਖ਼ਤ ਨਜ਼ਰ ਰੱਖੀ ਜਾਵੇਗੀ।ਇਸ ਤੋਂ ਇਲਾਵਾ, ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਸਮਾਗਮਾਂ, ਪੋਸਟਰਾਂ ਜਾਂ ਗਤੀਵਿਧੀਆਂ ‘ਤੇ ਵੀ ਪਾਬੰਦੀ ਲੱਗੇਗੀ।

ਕੂੜਾ ਸੁੱਟਣ, ਬੇਤਰਤੀਬ ਪਾਰਕਿੰਗ ਤੇ ਭੀੜ-ਭੜੱਕੇ ਵਾਲੇ ਵਿਵਹਾਰ ਵਿਰੁੱਧ ਸਖ਼ਤ ਕਾਰਵਾਈ ਹੋਵੇਗੀ। ਸਰਕਾਰ ਦਾ ਟੀਚਾ ਹੈ ਕਿ ਇਹ ਸ਼ਹਿਰ ਸੱਭਿਆਚਾਰਕ ਤੇ ਧਾਰਮਿਕ ਤੌਰ ‘ਤੇ ਵਧੇਰੇ ਸੁਰੱਖਿਅਤ, ਸੰਗਠਿਤ ਤੇ ਵਿਸ਼ਵ ਪੱਧਰੀ ਧਾਰਮਿਕ ਸੈਲਾਨੀ ਸਥਾਨ ਬਣਨ। ਇਸ ਨਾਲ ਸਿੱਖ ਧਰਮ ਦੀਆਂ ਪਵਿੱਤਰ ਥਾਵਾਂ ਦੀ ਮਹੱਤਤਾ ਹੋਰ ਵਧੇਗੀ ਅਤੇ ਸੰਗਤ ਨੂੰ ਬਿਹਤਰ ਸਹੂਲਤਾਂ ਮਿਲਣਗੀਆਂ।