ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਗਿੱਦੜਬਾਹਾ ਵਿਧਾਨ ਸਭਾ ਹਲਕੇ ਦੇ ਪਿੰਡ ਬਾਮਣੀਆ ਵਿੱਚ ਬੂਥ ਕੈਪਚਰਿੰਗ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ’ਤੇ ਗੁੰਡਾਗਰਦੀ ਕਰਕੇ ਬੂਥਾਂ ’ਤੇ ਕਬਜ਼ਾ ਕਰਨ ਦਾ ਗੰਭੀਰ ਦੋਸ਼ ਲਗਾਇਆ ਹੈ।
ਵੜਿੰਗ ਨੇ ਇੱਕ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਬਾਮਣੀਆ ਵਿੱਚ ਵੋਟ ਕੈਪਚਰਿੰਗ ਹੋਈ, ਜਿੱਥੇ ਕਾਂਗਰਸ ਦੇ ਪੋਲਿੰਗ ਏਜੰਟ ਗੁਰਜਿੰਦਰ ਸਿੰਘ (ਜੋ ਦਲਿਤ ਪਰਿਵਾਰ ਨਾਲ ਸਬੰਧਤ ਹੈ) ਅਤੇ ਹੋਰ ਸਾਥੀਆਂ ਨੂੰ ਬੂਥ ਤੋਂ ਬਾਹਰ ਕੱਢ ਦਿੱਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਬੂਥ ’ਤੇ ਨਾ ਤਾਂ ਅਕਾਲੀ ਦਲ ਦਾ ਏਜੰਟ ਸੀ ਨਾ ਹੀ ਕਿਸੇ ਹੋਰ ਪਾਰਟੀ ਦਾ। ਬੂਥ ਕੈਪਚਰ ਕਰਨ ਵਾਲੇ ਵਿਅਕਤੀ ਵਿਧਾਇਕ ਦੇ ਭਰਾ ਨਾਲ ਜੁੜੇ ਹੋਏ ਹਨ, ਜਿਨ੍ਹਾਂ ਵਿਰੁੱਧ ਪਹਿਲਾਂ ਵੀ ਬੂਥ ਕੈਪਚਰਿੰਗ ਦਾ ਕੇਸ ਦਰਜ ਹੈ।
ਵੜਿੰਗ ਨੇ ਐਲਾਨ ਕੀਤਾ ਕਿ ਉਹ ਖੁਦ ਉੱਥੇ ਜਾ ਰਹੇ ਹਨ ਅਤੇ ਐਸਐਸਪੀ ਅਭਿਮਨਿਊ ਰਾਣਾ ਨਾਲ ਗੱਲ ਕਰ ਚੁੱਕੇ ਹਨ। ਉਨ੍ਹਾਂ ਨੇ ਆਪਣੇ ਵਰਕਰਾਂ ਨੂੰ ਅਪੀਲ ਕੀਤੀ ਕਿ ਗੁੰਡਿਆਂ ਤੋਂ ਨਾ ਡਰੋ ਅਤੇ ਬਹਾਦਰੀ ਨਾਲ ਮੁਕਾਬਲਾ ਕਰੋ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਸ਼ਰਮ ਕਰਨ ਅਤੇ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਉਣ ਦੀ ਵੀ ਗੱਲ ਕੀਤੀ।
ਵੜਿੰਗ ਨੇ ਚੇਤਾਵਨੀ ਦਿੱਤੀ ਕਿ ਅਜਿਹੀ ਗੁੰਡਾਗਰਦੀ ਹਾਲਾਤ ਨੂੰ ਹੋਰ ਵਿਗਾੜ ਸਕਦੀ ਹੈ ਅਤੇ ਲੜਨ ਵਾਲਿਆਂ ਨੂੰ ਆਖਰ ਆਪਣਾ ਹੱਕ ਮਿਲ ਜਾਂਦਾ ਹੈ। ਇਹ ਮਾਮਲਾ ਚੋਣਾਂ ਵਿੱਚ ਨਿਰਪੱਖਤਾ ’ਤੇ ਸਵਾਲ ਖੜ੍ਹੇ ਕਰ ਰਿਹਾ ਹੈ।

