Punjab

ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਵੋਟਿੰਗ ਜਾਰੀ, ਜਾਣੋ ਕਿਹੜੇ ਹਲਕੇ ‘ਚ ਹੋਈ ਕਿੰਨੇ ਪ੍ਰਤੀਸ਼ਤ

ਪੰਜਾਬ ਵਿੱਚ 14 ਦਸੰਬਰ 2025 ਨੂੰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਵੋਟਿੰਗ ਜਾਰੀ ਹੈ। ਵੋਟਿੰਗ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਚੱਲੇਗੀ ਅਤੇ ਇਹ ਚੋਣਾਂ ਈਵੀਐਮ ਦੀ ਬਜਾਏ ਬੈਲਟ ਪੇਪਰ ਨਾਲ ਕਰਵਾਈਆਂ ਜਾ ਰਹੀਆਂ ਹਨ। ਸੂਬੇ ਭਰ ਵਿੱਚ 347 ਜ਼ਿਲ੍ਹਾ ਪ੍ਰੀਸ਼ਦ ਜ਼ੋਨਾਂ ਅਤੇ 2,838 ਬਲਾਕ ਸੰਮਤੀ ਜ਼ੋਨਾਂ ਲਈ ਚੋਣ ਹੋ ਰਹੀ ਹੈ। 23 ਜ਼ਿਲ੍ਹਿਆਂ ਵਿੱਚ ਕੁੱਲ 9,775 ਉਮੀਦਵਾਰ ਮੈਦਾਨ ਵਿੱਚ ਹਨ। ਚੋਣ ਨਤੀਜੇ 17 ਦਸੰਬਰ ਨੂੰ ਐਲਾਨੇ ਜਾਣਗੇ।

ਇਸ ਦੌਰਾਨ ਅੰਮ੍ਰਿਤਸਰ ਜ਼ਿਲ੍ਹੇ ਦੇ ਖਾਸਾ ਅਤੇ ਖੁਰਮਨੀਆਂ ਖੇਤਰਾਂ ਵਿੱਚ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਰੱਦ ਕਰ ਦਿੱਤੀਆਂ ਗਈਆਂ ਹਨ, ਕਿਉਂਕਿ ਆਮ ਆਦਮੀ ਪਾਰਟੀ (ਆਪ) ਉਮੀਦਵਾਰ ਦਾ ਚੋਣ ਨਿਸ਼ਾਨ ਗਲਤ ਛਾਪਿਆ ਗਿਆ ਸੀ।ਸਵੇਰੇ 10 ਵਜੇ ਤੱਕ ਵੋਟਿੰਗ ਪ੍ਰਤੀਸ਼ਤ ਘੱਟ ਰਿਹਾ ਹੈ। ਸਰਹੱਦੀ ਹਲਕਾ ਅਜਨਾਲਾ ਵਿੱਚ 6%, ਸ੍ਰੀ ਚਮਕੌਰ ਸਾਹਿਬ ਬਲਾਕ ਵਿੱਚ 9%, ਬਰਨਾਲਾ ਵਿੱਚ 8.30%, ਮਹਿਲ ਕਲਾਂ ਵਿੱਚ 6.68% ਅਤੇ ਸਹਿਣਾ ਵਿੱਚ 5.85% ਵੋਟਿੰਗ ਹੋਈ ਹੈ।

ਫਗਵਾੜਾ ਵਿੱਚ ਵੀ 10% ਵੋਟਿੰਗ ਹੋਈ ਹੈ ਅਤੇ ਵੋਟਿੰਗ ਅਮਨ-ਅਮਾਨ ਨਾਲ ਜਾਰੀ ਹੈ। ਫਗਵਾੜਾ ਹਲਕੇ ਵਿੱਚ 92,534 ਵੋਟਰ ਹਨ ਅਤੇ 20 ਜ਼ੋਨਾਂ ਲਈ ਬਲਾਕ ਸੰਮਤੀ ਦੇ 85 ਉਮੀਦਵਾਰ ਚੋਣ ਲੜ ਰਹੇ ਹਨ। ਸੂਬੇ ਭਰ ਵਿੱਚ ਵੋਟਿੰਗ ਸ਼ਾਂਤਮਈ ਢੰਗ ਨਾਲ ਚੱਲ ਰਹੀ ਹੈ।