Punjab

ਵੋਟਿੰਗ ਤੋਂ ਪਹਿਲਾਂ ਹੀ ਅਟਾਰੀ ਦੇ ਪਿੰਡ ਖਾਸਾ ਦੀ ਚੋਣ ਰੱਦ

ਪੰਜਾਬ ਵਿੱਚ 14 ਦਸੰਬਰ 2025 ਨੂੰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਵੋਟਿੰਗ ਜਾਰੀ ਹੈ। ਵੋਟਿੰਗ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਚੱਲੇਗੀ ਅਤੇ ਇਹ ਚੋਣਾਂ ਈਵੀਐਮ ਦੀ ਬਜਾਏ ਬੈਲਟ ਪੇਪਰ ਨਾਲ ਕਰਵਾਈਆਂ ਜਾ ਰਹੀਆਂ ਹਨ।

ਇਸ ਦੌਰਾਨ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਖਾਸਾ (ਅਟਾਰੀ ਬਲਾਕ ਅਧੀਨ) ਅਤੇ ਖੁਰਮਨੀਆਂ ਖੇਤਰਾਂ ਵਿੱਚ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਖਾਸਾ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਨੂੰ ਉਸ ਦੇ ਅਸਲ ਚੋਣ ਨਿਸ਼ਾਨ ‘ਝਾੜੂ’ ਦੀ ਬਜਾਏ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਨਿਸ਼ਾਨ ‘ਤਕੜੀ’ ਛਾਪ ਦਿੱਤਾ ਗਿਆ ਸੀ।

ਇਹ ਵੱਡੀ ਨਾਲਾਇਕੀ ਮੰਨੀ ਜਾ ਰਹੀ ਹੈ। ਐਸਡੀਐਮ ਅੰਮ੍ਰਿਤਸਰ-2 ਰਾਕੇਸ਼ ਕੁਮਾਰ ਨੇ ਗਲਤੀ ਦੀ ਪੁਸ਼ਟੀ ਕਰਦਿਆਂ ਚੋਣ ਰੱਦ ਕਰ ਦਿੱਤੀ ਅਤੇ ਐਲਾਨ ਕੀਤਾ ਕਿ ਸਹੀ ਬੈਲਟ ਪੇਪਰ ਤਿਆਰ ਕਰਵਾ ਕੇ ਆਉਣ ਵਾਲੇ ਦਿਨਾਂ ਵਿੱਚ ਮੁੜ ਚੋਣ ਕਰਵਾਈ ਜਾਵੇਗੀ।

ਛਪਾਈ ਵਿੱਚ ਗਲਤੀ ਕਰਨ ਵਾਲੇ ਕਰਮਚਾਰੀ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਹ ਘਟਨਾ ਚੋਣ ਪ੍ਰਕਿਰਿਆ ਦੀ ਭਰੋਸੇਯੋਗਤਾ ਤੇ ਸਵਾਲ ਉਠਾ ਰਹੀ ਹੈ, ਜਦਕਿ ਸੂਬੇ ਦੇ ਬਾਕੀ ਹਿੱਸਿਆਂ ਵਿੱਚ ਵੋਟਿੰਗ ਸੁਚਾਰੂ ਢੰਗ ਨਾਲ ਜਾਰੀ ਹੈ।