India Sports

ਮੁੱਲਾਂਪੁਰ ਟੀ-20 – ਭਾਰਤ ਦੀ ਘਰ ਵਿੱਚ ਸਭ ਤੋਂ ਵੱਡੀ ਹਾਰ

ਬਿਊਰੋ ਰਿਪੋਰਟ (ਮੁੱਲਾਂਪੁਰ, 12 ਦਸੰਬਰ 2025): ਟੀਮ ਇੰਡੀਆ ਮੁੱਲਾਂਪੁਰ ਸਟੇਡੀਅਮ ਵਿੱਚ ਆਪਣਾ ਪਹਿਲਾ ਅੰਤਰਰਾਸ਼ਟਰੀ ਮੈਚ ਹਾਰ ਗਈ। ਦੂਜੇ T-20 ਮੈਚ ਵਿੱਚ ਸਾਊਥ ਅਫਰੀਕਾ ਨੇ ਭਾਰਤ ਨੂੰ 51 ਦੌੜਾਂ ਨਾਲ ਹਰਾ ਕੇ ਸੀਰੀਜ਼ ਵਿੱਚ 1-1 ਦੀ ਬਰਾਬਰੀ ਕਰ ਲਈ ਹੈ। ਪ੍ਰੋਟੀਆਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 213 ਦੌੜਾਂ ਬਣਾਈਆਂ, ਜਿਸ ਦੇ ਜਵਾਬ ਵਿੱਚ ਭਾਰਤੀ ਟੀਮ 19.1 ਓਵਰਾਂ ਵਿੱਚ 162 ਦੌੜਾਂ ਬਣਾ ਕੇ ਆਲ-ਆਊਟ ਹੋ ਗਈ।

ਇਸ ਹਾਰ ਨਾਲ ਭਾਰਤ ਨੂੰ ਘਰੇਲੂ ਮੈਦਾਨ ’ਤੇ ਦੌੜਾਂ ਦੇ ਹਿਸਾਬ ਨਾਲ ਸਭ ਤੋਂ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

ਮੈਚ ਦੇ ਮੁੱਖ ਰਿਕਾਰਡ:

  • ਬੁਮਰਾਹ ਦਾ ਰਿਕਾਰਡ ਟੁੱਟਿਆ: ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਆਪਣੇ 82ਵੇਂ T-20 ਅੰਤਰਰਾਸ਼ਟਰੀ ਕਰੀਅਰ ਵਿੱਚ ਪਹਿਲੀ ਵਾਰ ਇੱਕੋ ਪਾਰੀ ਵਿੱਚ 4 ਛੱਕੇ ਲੱਗੇ।
  • ਅਰਸ਼ਦੀਪ ਦਾ ਲੰਮਾ ਓਵਰ: ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਆਪਣੇ ਇੱਕ ਓਵਰ ਵਿੱਚ 7 ਵਾਈਡ ਗੇਂਦਾਂ ਸੁੱਟੀਆਂ, ਜਿਸ ਕਾਰਨ ਇਹ ਓਵਰ ਕੁੱਲ 13 ਗੇਂਦਾਂ ਦਾ ਹੋ ਗਿਆ।
  • ਸਭ ਤੋਂ ਵੱਧ ਵਾਈਡ: ਭਾਰਤੀ ਗੇਂਦਬਾਜ਼ਾਂ ਨੇ ਮੈਚ ਵਿੱਚ ਕੁੱਲ 16 ਵਾਈਡ ਗੇਂਦਾਂ ਸੁੱਟੀਆਂ, ਜੋ T-20I ਇਤਿਹਾਸ ਵਿੱਚ ਟੀਮ ਦਾ ਸਾਂਝੇ ਤੌਰ ‘ਤੇ ਦੂਜਾ ਸਭ ਤੋਂ ਖਰਾਬ ਪ੍ਰਦਰਸ਼ਨ ਹੈ।
  • ਤਿਲਕ ਵਰਮਾ ਦਾ ਛੱਕਿਆਂ ਦਾ ਰਿਕਾਰਡ: ਤਿਲਕ ਵਰਮਾ ਨੇ ਸਾਊਥ ਅਫਰੀਕਾ ਖਿਲਾਫ਼ T-20I ਵਿੱਚ ਭਾਰਤ ਵੱਲੋਂ ਕੁੱਲ 27 ਛੱਕੇ ਲਗਾ ਕੇ ਸਭ ਤੋਂ ਵੱਧ ਛੱਕੇ ਲਗਾਉਣ ਵਾਲੇ ਭਾਰਤੀ ਬੱਲੇਬਾਜ਼ ਦਾ ਸਥਾਨ ਹਾਸਲ ਕਰ ਲਿਆ ਹੈ।
  • ਜ਼ੀਰੋ ’ਤੇ ਸ਼ੁਭਮਨ ਗਿੱਲ: 214 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਦਿਆਂ ਭਾਰਤੀ ਟੀਮ ਨੇ ਪਹਿਲੇ ਹੀ ਓਵਰ ਵਿੱਚ ਸ਼ੁਭਮਨ ਗਿੱਲ ਦਾ ਵਿਕਟ ਗੁਆ ਦਿੱਤਾ, ਜੋ ਆਪਣੀ ਪਹਿਲੀ ਹੀ ਗੇਂਦ ‘ਤੇ ਜ਼ੀਰੋ (0) ‘ਤੇ ਆਊਟ ਹੋ ਗਏ।