ਪੰਜਾਬ ਦੇ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਨੂੰ ਤੁਰੰਤ ਪ੍ਰਭਾਵ ਨਾਲ ਛੁੱਟੀ ’ਤੇ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੀ ਜਗ੍ਹਾ ਸੰਗਰੂਰ ਦੇ ਐਸਐਸਪੀ ਸਰਤਾਜ ਸਿੰਘ ਚਹਿਲ ਨੂੰ ਵਾਧੂ ਚਾਰਜ ਸੌਂਪਿਆ ਗਿਆ ਹੈ। ਇਹ ਕਾਰਵਾਈ 14 ਦਸੰਬਰ ਨੂੰ ਹੋਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਤੋਂ ਠੀਕ ਪਹਿਲਾਂ ਕੀਤੀ ਗਈ ਹੈ।ਇਸ ਦਾ ਸਿੱਧਾ ਸਬੰਧ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਇੱਕ ਕਥਿਤ ਆਡੀਓ ਕਲਿੱਪ ਨਾਲ ਹੈ, ਜਿਸ ਵਿੱਚ ਐਸਐਸਪੀ ਵਰੁਣ ਸ਼ਰਮਾ ਦੀ ਆਵਾਜ਼ ਵਜੋਂ ਸੁਣਾਈ ਦੇ ਰਹੈ ਕਿ ਵਿਰੋਧੀ ਧਿਰ (ਖਾਸ ਕਰਕੇ ਅਕਾਲੀ ਦਲ) ਦੇ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਰੋਕਣ ਲਈ “ਪੁਸ਼ਪੁਕਾ” (ਦਬਾਅ/ਤਾਕਤ) ਵਰਤੋ।
ਇਹ ਆਡੀਓ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਸੀ। ਪਟਿਆਲਾ ਪੁਲਿਸ ਨੇ ਇਸ ਨੂੰ ਜਾਅਲੀ ਤੇ AI-ਜਨਰੇਟਿਡ ਦੱਸਿਆ ਸੀ, ਪਰ ਵਿਰੋਧੀ ਧਿਰਾਂ – ਅਕਾਲੀ ਦਲ, ਕਾਂਗਰਸ ਤੇ ਭਾਜਪਾ – ਨੇ ਮਾਮਲਾ ਪੰਜਾਬ-ਹਰਿਆਣਾ ਹਾਈ ਕੋਰਟ ਵਿੱਚ ਲੈ ਗਏ।ਅੱਜ (ਬੁੱਧਵਾਰ) ਹਾਈ ਕੋਰਟ ਵਿੱਚ ਇਸ ਪਟੀਸ਼ਨ ’ਤੇ ਸੁਣਵਾਈ ਹੋਵੇਗੀ।
ਸੂਤਰਾਂ ਮੁਤਾਬਕ ਚੋਣ ਕਮਿਸ਼ਨ ਵੱਲੋਂ ਆਡੀਓ ਦੀ ਜਾਂਚ ਰਿਪੋਰਟ ਅਦਾਲਤ ਨੂੰ ਸੌਂਪੀ ਜਾਵੇਗੀ। ਸੁਣਵਾਈ ਤੋਂ ਪਹਿਲਾਂ ਹੀ ਸਰਕਾਰ ਨੇ ਐਸਐਸਪੀ ਵਿਰੁੱਧ ਕਾਰਵਾਈ ਕਰਕੇ ਸਿਆਸੀ ਦਬਾਅ ਘਟਾਉਣ ਦੀ ਕੋਸ਼ਿਸ਼ ਕੀਤੀ ਦਿਖਾਈ ਦਿੰਦੀ ਹੈ।ਦੂਜੇ ਪਾਸੇ, ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਵੱਡੀ ਸਫਲਤਾ ਮਿਲ ਰਹੀ ਹੈ।
ਹੁਣ ਤੱਕ 195 ‘ਆਪ’ ਉਮੀਦਵਾਰ ਬਿਨਾਂ ਮੁਕਾਬਲੇ ਜੇਤੂ ਐਲਾਨ ਕਰ ਦਿੱਤੇ ਗਏ ਹਨ, ਜਿਨ੍ਹਾਂ ਵਿੱਚ ਤਰਨ ਤਾਰਨ ’ਚ 98, ਅੰਮ੍ਰਿਤਸਰ ’ਚ 67, ਹੁਸ਼ਿਆਰਪੁਰ ’ਚ 17 ਤੇ ਮਲੇਰਕੋਟਲਾ ’ਚ 2 ਪੰਚਾਇਤ ਸੰਮਤੀ ਸੀਟਾਂ ਸ਼ਾਮਲ ਹਨ।ਇਸ ਤਰ੍ਹਾਂ ਚੋਣਾਂ ਤੋਂ ਪਹਿਲਾਂ ਪਟਿਆਲਾ ਆਡੀਓ ਵਿਵਾਦ ਨੇ ਸਿਆਸੀ ਮਾਹੌਲ ਗਰਮਾ ਦਿੱਤਾ ਹੈ।

