Punjab Religion

ਸ੍ਰੀ ਅਕਾਲ ਤਖ਼ਤ ਸਾਹਿਬ ਦਾ ਵੱਡਾ ਫੈਸਲਾ, ਵਲਟੋਹਾ ਸਮੇਤ ਤਿੰਨ ਪ੍ਰਮੁੱਖ ਸ਼ਖਸੀਅਤਾਂ ਨੂੰ ਮੁਆਫ਼ੀ

ਬਿਊਰੋ ਰਿਪੋਰਟ (ਗੁਰਪ੍ਰੀਤ ਕੌਰ, ਅੰਮ੍ਰਿਤਸਰ, 8 ਦਸੰਬਰ 2025): ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅੱਜ ਇੱਕ ਵੱਡਾ ਪੰਥਕ ਫੈਸਲਾ ਸਾਹਮਣੇ ਆਇਆ ਹੈ। ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗਡਗੱਜ ਦੀ ਅਗਵਾਈ ਹੇਠ ਹੋਈ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਤਿੰਨ ਪ੍ਰਮੁੱਖ ਸ਼ਖਸੀਅਤਾਂ ’ਤੇ ਲੱਗੀਆਂ ਪਾਬੰਦੀਆਂ ਹਟਾਉਂਦਿਆਂ ਮੁਆਫ਼ੀ ਦੇ ਦਿੱਤੀ ਗਈ ਹੈ।

ਵਿਰਸਾ ਸਿੰਘ ਵਲਟੋਹਾ ਦੀਆਂ ਸੇਵਾਵਾਂ ’ਤੇ ਪਾਬੰਦੀ ਹਟੀ, ਤਨਖ਼ਾਹ ਲੱਗੀ

ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਪੇਸ਼ ਹੋ ਕੇ ਪਿਛਲੇ ਸਮੇਂ ਵਿੱਚ ਸਤਿਕਾਰਯੋਗ ਸਿੰਘ ਸਾਹਿਬਾਨ ਦੇ ਵਿਰੁੱਧ ਕੀਤੀਆਂ ਬੇਬੁਨਿਆਦ ਗੱਲਾਂ ਲਈ ਮੁਆਫ਼ੀ ਮੰਗੀ।

  • ਪਾਬੰਦੀ ਹਟੀ: ਪੰਜ ਸਿੰਘ ਸਾਹਿਬਾਨ ਨੇ ਉਨ੍ਹਾਂ ’ਤੇ ਸ਼੍ਰੋਮਣੀ ਅਕਾਲੀ ਦਲ ਵਿੱਚੋਂ 10 ਸਾਲ ਲਈ ਲਗਾਈ ਗਈ ਰੋਕ ਨੂੰ ਤੁਰੰਤ ਹਟਾ ਦਿੱਤਾ।
  • ਨਵੀਂ ਹਦਾਇਤ: ਵਲਟੋਹਾ ਨੂੰ ਚੇਤੇ ਕਰਵਾਇਆ ਗਿਆ ਕਿ ਉਨ੍ਹਾਂ ਨੇ ਕੌਮੀ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਸਾਥ ਮਾਣਿਆ ਹੈ। ਇਸ ਲਈ ਉਨ੍ਹਾਂ ਨੂੰ ਬੋਲ-ਚਾਲ ਵਿੱਚ ਸੰਜਮ ਅਤੇ ਸ਼ਬਦਾਂ ਦੀ ਮਰਿਆਦਾ ਦਾ ਵਿਸ਼ੇਸ਼ ਧਿਆਨ ਰੱਖਣ ਦਾ ਹੁਕਮ ਦਿੱਤਾ ਗਿਆ।
  • ਤਨਖਾਹ: ਵਲਟੋਹਾ ਨੂੰ ਕੁੱਲ 6 ਦਿਨਾਂ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਸਾਹਿਬ, ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ ਲੰਗਰ ਹਾਲਾਂ ਵਿੱਚ ਸੰਗਤ ਦੇ ਜੂਠੇ ਭਾਂਡੇ ਮਾਂਝਣ ਅਤੇ ਜੋੜਿਆਂ ਦੀ ਸੇਵਾ ਕਰਨ ਦੀ ਤਨਖ਼ਾਹ ਲਾਈ ਗਈ। ਇਸ ਤੋਂ ਇਲਾਵਾ, ਉਨ੍ਹਾਂ ਨੂੰ 11 ਦਿਨ ਹਰ ਰੋਜ਼ ਨਿਤਨੇਮ ਤੋਂ ਇਲਾਵਾ ਸ੍ਰੀ ਜਪੁਜੀ ਸਾਹਿਬ, ਚੌਪਈ ਸਾਹਿਬ ਅਤੇ ਰਾਮਕਲੀ ਕੀ ਵਾਰ ਦਾ ਇੱਕ-ਇੱਕ ਪਾਠ ਕਰਨ ਦਾ ਹੁਕਮ ਦਿੱਤਾ ਗਿਆ। ਤਨਖ਼ਾਹ ਪੂਰੀ ਹੋਣ ’ਤੇ ਕੜਾਹ ਪ੍ਰਸ਼ਾਦ ਅਤੇ ਗੋਲਕ ਦੀ ਸੇਵਾ ਕਰਾਉਣੀ ਹੋਵੇਗੀ।

ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀਆਂ ਸੇਵਾਵਾਂ ’ਤੇ ਲੱਗੀ ਰੋਕ ਖ਼ਤਮ

ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ 2015 ਵਿੱਚ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਦਿੱਤੀ ਗਈ ਮੁਆਫ਼ੀ ਦੇ ਮਾਮਲੇ ਵਿੱਚ ਉਨ੍ਹਾਂ ਦੀਆਂ ਸੇਵਾਵਾਂ ’ਤੇ ਲੱਗੀ ਪਾਬੰਦੀ ਵੀ ਖ਼ਤਮ ਕਰ ਦਿੱਤੀ ਗਈ। ਇਸ ਤੋਂ ਪਹਿਲਾਂ ਉਹ ਵੀ ਪੰਥ ਸਾਹਮਣੇ ਮੁਆਫ਼ੀ ਮੰਗ ਚੁੱਕੇ ਹਨ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੀਸੀ ਡਾ. ਕਰਮਜੀਤ ਸਿੰਘ ਨੂੰ ਮੁਆਫ਼ੀ, ਪੁਸਤਕ ਵੰਡਣ ਦੀ ਤਨਖ਼ਾਹ

ਗੁਰੂ ਨਾਨਕ ਦੇਵ ਯੂਨੀਵਰਸਿਟੀ (GNDU) ਦੇ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਦਾ ਮਾਮਲਾ ਵੀ ਵਿਚਾਰਿਆ ਗਿਆ। ਉਨ੍ਹਾਂ ਨੇ ਦੱਖਣ ਭਾਰਤ ਵਿੱਚ ਇੱਕ ਸਮਾਗਮ ਦੌਰਾਨ ਯੂਨੀਵਰਸਿਟੀ ਦੇ ਸੋਧ ਕਾਰਜਾਂ ਰਾਹੀਂ ਸਿੱਖਾਂ ਦੀ ਵਿਲੱਖਣ ਹੋਂਦ ਦੇ ਵਿਰੁੱਧ ਪ੍ਰਗਟਾਵਾ ਕਰਨ ਦੀ ਭੁੱਲ ਸਵੀਕਾਰ ਕਰਕੇ ਮੁਆਫ਼ੀ ਮੰਗੀ।

  • ਤਨਖਾਹ: ਉਨ੍ਹਾਂ ਨੂੰ ਦੋ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਹਾਲ ਵਿੱਚ ਜੂਠੇ ਭਾਂਡੇ ਮਾਂਝਣ ਅਤੇ ਜੋੜਿਆਂ ਦੀ ਸੇਵਾ ਕਰਨ ਦੀ ਤਨਖਾਹ ਲਾਈ ਗਈ।
  • ਧਾਰਮਿਕ ਅਧਿਐਨ: ਉਨ੍ਹਾਂ ਨੂੰ ਭਾਈ ਕਾਨ੍ਹ ਸਿੰਘ ਨਾਭਾ ਦੀ ਪੁਸਤਕ ‘ਹਮ ਹਿੰਦੂ ਨਹੀਂ’ ਪੜ੍ਹਨ ਅਤੇ ਇਸ ਦੀਆਂ 500 ਕਾਪੀਆਂ ਸੰਗਤ ਵਿੱਚ ਵੰਡਣ ਦਾ ਹੁਕਮ ਦਿੱਤਾ ਗਿਆ। ਇਸ ਤੋਂ ਇਲਾਵਾ ਪੰਜ ਦਿਨ ਨਿਤਨੇਮ ਤੋਂ ਇਲਾਵਾ ਹੋਰ ਪਾਠ ਕਰਨ ਦੀ ਸੇਵਾ ਲਾਈ ਗਈ ਹੈ।

ਤਨਖਾਹ ਪੂਰੀ ਹੋਣ ’ਤੇ ਡਾ. ਕਰਮਜੀਤ ਸਿੰਘ ਨੂੰ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕੜਾਹ ਪ੍ਰਸ਼ਾਦ ਦੀ ਦੇਗ ਕਰਵਾਉਣ ਅਤੇ ਗੋਲਕ ਵਿੱਚ ਸੇਵਾ ਪਾ ਕੇ ਖਿਮਾ ਯਾਚਨਾ ਦੀ ਅਰਦਾਸ ਕਰਾਉਣ ਲਈ ਕਿਹਾ ਗਿਆ ਹੈ।

ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਨੂੰ ਮੁਆਫ਼ੀ 

ਇਸ ਦੇ ਨਾਲ ਹੀ ਪੰਜਾਬ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਦੌਰਾਨ ਸ੍ਰੀਨਗਰ ਵਿੱਚ ਸਰਕਾਰੀ ਪ੍ਰੋਗਰਾਮ ਦੌਰਾਨ ਹੋਏ ਨਾਚ-ਗਾਣੇ ਅਤੇ ਭੰਗੜੇ ਨੂੰ ਨਾ ਰੋਕਣ ਅਤੇ ਇਸ ਦੌਰਾਨ ਹੋਈ ਬੇਅਦਬੀ ਲਈ ਮੁਆਫ਼ੀ ਮੰਗੀ। ਉਨ੍ਹਾਂ ਮੰਨਿਆ ਕਿ ਭਾਵੇਂ ਪ੍ਰੋਗਰਾਮ ਦਾ ਮੂਲ ਮਕਸਦ ਠੀਕ ਸੀ, ਪਰ ਪ੍ਰੋਗਰਾਮ ਦੌਰਾਨ ਲੋਕਾਂ ਵੱਲੋਂ ਕੀਤੇ ਗਏ ਕਾਰਜ ਬੇਅਦਬੀ ਵਾਲੇ ਸਨ।

ਇਸ ਤੋਂ ਇਲਾਵਾ ਭਾਈ ਭਈ ਹਰਿੰਦਰ ਸਿੰਘ (ਨਿਰਵੈਰ ਖ਼ਾਲਸਾ ਜਥਾ UK) ਨੇ ਇੱਕ ਪ੍ਰੋਗਰਾਮ ਦੌਰਾਨ ਗੁਰੂ ਸਾਹਿਬ ਲਈ ਗ਼ਲਤ ਸ਼ਬਦਾਵਲੀ ਵਰਤਣ ਲਈ ਸਮੁੱਚੇ ਪੰਥ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਸਾਹਮਣੇ ਮੁਆਫ਼ੀ ਮੰਗੀ।